-ਕੇਵਲ ਸਿੰਘ ਮਾਨਸਾ

ਚੋਰ ਤਾਂ ਚੋਰ ਹੀ ਹੁੰਦਾ ਹੈ। ਭਾਵੇਂ ਉਹ ਛੋਟੀ ਚੋਰੀ ਕਰਦਾ ਹੋਵੇ ਜਾਂ ਵੱਡੀ। ਉਹ ਦਿਨ-ਦਿਹਾੜੇ ਚੋਰੀ ਕਰਦਾ ਹੋਵੇ ਜਾਂ ਰਾਤਾਂ ਦੇ ਹਨੇਰੇ ਵਿਚ। ਚੋਰੀ ਕਰਨਾ ਉਸ ਦੀ ਆਦਤ ਹੋਵੇ ਜਾਂ ਮਜਬੂਰੀ। ਉਹ ਸਾਮਾਨ ਚੋਰੀ ਕਰਦਾ ਹੋਵੇ ਜਾਂ ਨਕਦੀ। ਬਾਹਰੋਂ ਚੋਰੀ ਕਰਦਾ ਹੋਵੇ ਜਾਂ ਘਰਾਂ ਦੇ ਅੰਦਰੋਂ। ਉਹ ਵਿਅਕਤੀ ਜੋ ਦੂਸਰਿਆਂ ਦੀਆਂ ਨਜ਼ਰਾਂ ਨੂੰ ਧੋਖਾ ਦੇ ਕੇ ਕੋਈ ਵੀ ਠੱਗੀ ਮਾਰਦਾ ਹੈ, ਉਹ ਚੋਰ ਹੀ ਤਾਂ ਹੁੰਦਾ ਹੈ। ਕੀ ਚੋਰ ਕਦੇ ਭਲਾਮਾਣਸ ਜਾ ਇਮਾਨਦਾਰ ਹੋ ਸਕਦੈ? ਕੀ ਚੋਰ ਵੀ ਸਾਫ਼ ਨੀਅਤ ਵਾਲਾ ਹੋ ਸਕਦੈ? ਇਹ ਮੈਂ ਪਹਿਲੀ ਵਾਰ ਦੇਖਿਆ ਤੇ ਸੁਣਿਆ ਸੀ।

ਪਿਛਲੇ ਕੁਝ ਦਿਨਾਂ ਦੀ ਗੱਲ ਹੈ ਕਿ ਮੈਂ ਆਪਣੇ ਦਫ਼ਤਰ ਵਿਚ ਕਿਸੇ ਜ਼ਰੂਰੀ ਕੰਮ ਵਿਚ ਰੁੱਝਿਆ ਹੋਇਆ ਸਾਂ। ਅਚਾਨਕ ਮੇਰੇ ਦੋਸਤ ਦਾ ਫੋਨ ਆਇਆ ਅਤੇ ਕਹਿਣ ਲੱਗਾ, ''ਭਰਾਵਾ! ਜਿੱਥੇ ਵੀ ਹੈਂ, ਜਲਦੀ ਬੱਸ ਅੱਡੇ 'ਤੇ ਆਜਾ। ਮੇਰਾ ਸਾਈਕਲ ਚੋਰੀ ਹੋ ਗਿਐ। ਮੈਂ ਅੱਡੇ ਦੇ ਕੋਲ ਇਕ ਨਾਈ ਦੀ ਦੁਕਾਨ 'ਤੇ ਵਾਲ ਕਟਵਾਉਣ ਗਿਆ ਸੀ। ਸਾਈਕਲ ਬਾਹਰ ਖੜ੍ਹਾ ਕਰ ਦਿੱਤਾ। ਕਾਹਲੀ ਵਿਚ ਜਿੰਦਰਾ ਲਾਉਣਾ ਭੁੱਲ ਗਿਆ। ਜਦੋਂ ਵਾਲ ਕਟਵਾ ਕੇ ਬਾਹਰ ਆਇਆ ਤਾਂ ਸਾਈਕਲ ਗ਼ਾਇਬ ਸੀ। ਮੈਂ ਆਸ-ਪਾਸ ਦੀਆਂ ਦੁਕਾਨਾਂ ਤੋਂ ਪੁੱਛ-ਪੜਤਾਲ ਕੀਤੀ ਪਰ ਕਿਤੇ ਕੋਈ ਸੁਰਾਗ ਨਹੀਂ ਮਿਲਿਆ। ਬਾਈ ਬਣ ਕੇ, ਤੂੰ ਜਲਦੀ ਆ। ਮੈਨੂੰ ਤਾਂ ਕੁਝ ਸੁੱਝ ਨਹੀਂ ਰਿਹਾ। ਆਪਾਂ ਦੋਵੇਂ ਮਿਲ ਕੇ ਕੋਈ ਹੋਰ ਹੀਲਾ-ਵਸੀਲਾ ਕਰਾਂਗੇ। ਹੋਰ ਨੀ ਤਾਂ ਥਾਣੇ ਰਪਟ ਹੀ ਲਿਖਵਾ ਦੇਵਾਂਗੇ।” ਉਹ ਇੱਕੋ ਸਾਹ ਪਤਾ ਨਹੀਂ ਕਿੰਨਾ ਕੁਝ ਕਹਿ ਗਿਆ।

ਮੈਂ ਸਾਰਾ ਕੰਮ-ਧੰਦਾ ਛੱਡ ਕੇ ਮੋਟਰਸਾਈਕਲ ਚੁੱਕਿਆ ਅਤੇ ਤੁਰੰਤ ਬੱਸ ਅੱਡੇ 'ਤੇ ਪਹੁੰਚ ਗਿਆ। ਮੇਰਾ ਦੋਸਤ ਬਹੁਤ ਨਿਰਾਸ਼ ਸੀ। ਮੈਂ ਉਸ ਨੂੰ ਹੌਸਲਾ ਦਿੱਤਾ ਅਤੇ ਅਸੀਂ ਇਕ ਵਾਰ ਫਿਰ ਇੱਧਰ-ਉੱਧਰ ਤਸੱਲੀ ਕਰਨ ਲੱਗੇ। ਬਸ ਅੱਡੇ ਦੇ ਆਸ-ਪਾਸ ਬਹੁਤ ਸਾਰੇ ਲੋਕਾਂ ਤੋਂ ਪੁੱਛ-ਪੜਤਾਲ ਕਰਦੇ ਹੋਏ ਅਸੀਂ ਅਖ਼ੀਰ ਇਕ ਪਾਨ ਵਾਲੀ ਦੁਕਾਨ 'ਤੇ ਪਹੁੰਚ ਗਏ। ਉਹ ਦੁਕਾਨਦਾਰ ਸਾਨੂੰ ਪਹਿਲਾਂ ਤੋਂ ਹੀ ਜਾਣਦਾ ਸੀ। ਉਹ ਸਾਡੇ ਮੁਰਝਾਏ ਹੋਏ ਚਿਹਰੇ ਦੇਖ ਕੇ ਕਹਿਣ ਲੱਗਾ, ''ਬੜੇ ਉਦਾਸ ਕਿਉਂ ਲੱਗਦੇ ਓ?” ਅਸੀਂ ਉਸ ਨੂੰ ਸਾਰੀ ਕਹਾਣੀ ਦੱਸੀ ਤਾਂ ਉਹ ਕਹਿਣ ਲੱਗਾ, ''ਬਈ ਸਾਈਕਲ ਤਾਂ ਤੁਹਾਡਾ ਲੱਭ ਜਾਊਗਾ ਪਰ ਤੁਹਾਨੂੰ ਮਿਹਨਤ ਕਰਨੀ ਪਊਗੀ। ਚੋਰ ਦਸ-ਪੰਦਰਾਂ ਮਿੰਟ ਪਹਿਲਾਂ ਹੀ ਮੈਥੋਂ ਜਰਦੇ ਦੀ ਪੁੜੀ ਰਲਵਾ ਕੇ ਗਿਐ। ਉਸ ਦਾ ਨਾਂ ਕਾਲਾ ਹੈ (ਕਾਲਪਨਿਕ ਨਾਂ) ਅਤੇ ਉਹ ਨੇੜੇ ਹੀ ਪੰਜ-ਸੱਤ ਕਿਲੋਮੀਟਰ ਦੂਰ ਪਿੰਡ ਚਕੇਰੀਆਂ ਦਾ ਰਹਿਣ ਵਾਲਾ ਹੈ। ਉਹ ਇਹੋ ਕੰਮ ਕਰਦਾ ਹੈ। ਤੁਸੀਂ ਛੇਤੀ ਜਾਓ ਅਤੇ ਉਸ ਦਾ ਪਿੱਛਾ ਕਰੋ।”

ਦੁਕਾਨਦਾਰ ਦਾ ਕਹਿਣਾ ਮੰਨ ਕੇ ਅਸੀਂ ਮੋਟਰਸਾਈਕਲ ਚਕੇਰੀਆਂ ਪਿੰਡ ਦੇ ਰਾਹ ਪਾ ਲਿਆ। ਅਸੀਂ ਦਸ-ਪੰਦਰਾਂ ਮਿੰਟ ਵਿਚ ਉਸ ਦੇ ਪਿੰਡ ਪਹੁੰਚ ਗਏ। ਪਿੰਡ ਦੀ ਸੱਥ ਵਿਚ ਤਾਸ਼ ਖੇਡਦੇ ਬਜ਼ੁਰਗਾਂ ਤੋਂ ਅਸੀਂ ਉਸ ਬੰਦੇ ਦਾ ਘਰ ਪੁੱਛਿਆ ਤਾਂ ਅੱਗੋਂ ਉਹ ਹੱਸਣ ਲੱਗ ਪਏ ਅਤੇ ਇਕ ਜਣਾ ਪੱਤੇ 'ਤੇ ਪੱਤਾ ਸੁੱਟ ਕੇ ਕਹਿਣ ਲੱਗਾ, ''ਆਹ ਮਾਂਜਤਾ।” ਦੂਜਾ ਕਹਿੰਦਾ, ''ਬਈ, ਉਹ ਸਾਹਮਣੇ ਇਕ ਗਲੀ ਛੱਡ ਕੇ ਅਗਲੀ ਗੁਰਦੁਆਰੇ ਵਾਲੀ ਗਲੀ ਪੈ ਜਿਓ। ਗਲੀ ਦੇ ਅਖ਼ੀਰ 'ਤੇ ਜਿਸ ਘਰ ਦੇ ਦਰਵਾਜ਼ਾ ਨਾ ਲੱਗਿਆ ਹੋਊ, ਸਮਝ ਲਿਓ ਉਸੇ ਦਾ ਹੈ।” ਅਸੀਂ ਮੋਟਰਸਾਈਕਲ ਗੁਰਦੁਆਰੇ ਵਾਲੀ ਗਲੀ ਪਾ ਲਿਆ ਅਤੇ ਬਿਲਕੁਲ ਹੌਲੀ ਕਰ ਕੇ ਉਸ ਦੇ ਘਰ ਕੋਲੋਂ ਲੰਘੇ। ਜਦੋਂ ਅਸੀਂ ਘਰ ਦੇ ਅੰਦਰ ਨਜ਼ਰ ਮਾਰੀ ਤਾਂ ਉਹ ਵਿਹੜੇ ਵਿਚ ਸਾਈਕਲ ਨੂੰ ਸ਼ੈਂਪੂ ਤੇ ਤੇਲ ਨਾਲ ਐਂ ਚਮਕਾ ਰਿਹਾ ਸੀ ਜਿਵੇਂ ਮੱਝ ਮੰਡੀ ਲੈ ਕੇ ਜਾਣ ਲੱਗੇ ਚਮਕਾਉਂਦੇ ਨੇ। ਭਾਵੇਂ ਉਸ ਨੇ ਸਾਈਕਲ ਦੇ ਕਈ ਪਾਰਟਸ ਬਦਲ ਦਿੱਤੇ ਸਨ ਪਰ ਫਿਰ ਵੀ ਮੇਰੇ ਦੋਸਤ ਨੇ ਕੈਰੀਅਰ ਤੋਂ ਆਪਣਾ ਸਾਈਕਲ ਪਛਾਣ ਲਿਆ ਸੀ। ਅਸੀਂ ਮੋਟਰਸਾਈਕਲ ਥੋੜ੍ਹੀ ਦੂਰ ਖੜ੍ਹਾ ਕਰ ਦਿੱਤਾ ਅਤੇ ਇਕ ਵਾਰ ਫਿਰ ਪੂਰੀ ਤਸੱਲੀ ਕਰਨ ਲਈ ਪੈਦਲ ਉਸ ਦੇ ਘਰ ਅੱਗੋਂ ਲੰਘੇ। ਜਦੋਂ ਸਾਨੂੰ ਪੂਰੀ ਤਸੱਲੀ ਹੋ ਗਈ ਤਾਂ ਅਸੀਂ ਉਸ ਦੇ ਘਰ ਅੰਦਰ ਚਲੇ ਗਏ। ਉਹ ਸਾਨੂੰ ਦੇਖ ਕੇ ਸਭ ਸਮਝ ਗਿਆ ਤੇ ਹੱਥ ਜੋੜ ਕੇ ਕਹਿਣ ਲੱਗਾ ''ਜਨਾਬ, ਸਾਈਕਲ ਲੈਣ ਆਏ ਓ। ਜੇ ਤੁਹਾਡਾ ਐ ਤਾਂ ਲੈ ਜਾਓ।” ਥੋੜ੍ਹੀ ਸਖ਼ਤੀ ਵਰਤਦਿਆਂ ਮੇਰੇ ਦੋਸਤ ਨੇ ਕਿਹਾ, ''ਕੰਜਰਾ! ਤੂੰ ਚੋਰੀ ਕਿਉਂ ਕੀਤੈ।'' ਉਸ ਨੇ ਹੱਥ ਜੋੜ ਕੇ ਜਵਾਬ ਦਿੱਤਾ, ''ਮੇਰੇ ਘਰ ਦੀ ਹਾਲਤ ਦੇਖੋ, ਨਾ ਬਾਹਰ ਦਰਵਾਜ਼ਾ ਐ, ਨਾ ਉਪਰ ਛੱਤ ਐ। ਮੈਂ ਭੁੱਕੀ ਖਾਣ ਦਾ ਆਦੀ ਆਂ, ਬਸ ਮੇਰੀ ਮਜਬੂਰੀ ਐ।” ਅਸੀਂ ਥੋੜ੍ਹਾ ਨਰਮ ਪੈ ਗਏ ਅਤੇ ਸਾਈਕਲ ਲੈ ਕੇ ਜਾਣ ਲਈ ਸੋਚਣ ਲੱਗੇ ਤਾਂ ਉਹ ਕਹਿੰਦਾ, ''ਜਨਾਬ, ਮੈਂ ਤੁਹਾਡੇ ਘਰ ਤਕ ਛੱਡ ਆਉਂਦਾ ਹਾਂ। ਉਸ ਨੇ ਸਾਈਕਲ ਦੇ ਲਾਹੇ ਪਾਰਟਸ ਟੱਲੀ ਅਤੇ ਟੋਕਰੀ ਦੁਬਾਰਾ ਫਿੱਟ ਕੀਤੇ ਅਤੇ ਸਾਈਕਲ ਲੈ ਕੇ ਅੱਗੇ-ਅੱਗੇ ਚੱਲ ਪਿਆ ਅਤੇ ਅਸੀਂ ਮੋਟਰਸਾਈਕਲ ਉਸ ਦੇ ਪਿੱਛੇ ਲਾ ਲਿਆ। ਸ਼ਹਿਰ ਪਹੁੰਚ ਕੇ ਉਹ ਕਹਿਣ ਲੱਗਾ, ''ਹੁਣ ਤੁਸੀਂ ਮੈਨੂੰ ਵਧੀਆ ਜੀ ਕੰਡੇ ਆਲੀ ਚਾਹ ਪਿਆ ਦਿਉ।” ਅਸੀਂ ਚਾਹ ਪੀਣ ਲਈ ਇਕ ਦੁਕਾਨ 'ਚ ਬੈਠ ਗਏ। ਉਹ ਆਪਣੀ ਰਾਮ ਕਹਾਣੀ ਫਿਰ ਛੇੜ ਕੇ ਬੈਠ ਗਿਆ ਅਤੇ ਕਹਿੰਦਾ, ''ਜਨਾਬ! ਮੈਂ ਚੋਰੀ ਜ਼ਰੂਰ ਕਰਦਾਂ ਪਰ ਮੇਰੇ ਅਸੂਲ ਬਹੁਤ ਸਖ਼ਤ ਨੇ। ਪਹਿਲੀ ਗੱਲ ਤਾਂ ਮੈਂ ਆਪਣੇ ਪਿੰਡ 'ਚ ਕਦੇ ਚੋਰੀ ਨੀ ਕਰਦਾ। ਦੂਜੀ ਗੱਲ, ਮੈਂ ਰਾਤ ਨੂੰ ਕਦੇ ਚੋਰੀ ਨਹੀਂ ਕਰਦਾ ਅਤੇ ਦਿਨ-ਦਿਹਾੜੇ ਕੁਝ ਛੱਡਦਾ ਨੀਂ। ਜੇ ਚੋਰੀ ਦਾ ਪਤਾ ਲੱਗ ਜਾਵੇ ਤਾਂ ਮੈਂ ਮੁਕਰਦਾ ਨਹੀਂ। ਮੇਰੀ ਇਮਾਨਦਾਰੀ ਕਾਰਨ ਮੈਨੂੰ ਥਾਣੇ ਆਲੇ ਵੀ ਬਸ ਇਕ-ਦੋ ਘੰਟੇ ਰੱਖ ਕੇ ਛੱਡ ਦਿੰਦੇ ਨੇ। ਮੇਰੀ ਨੀਅਤ ਬਹੁਤ ਸਾਫ਼ ਐ।'' ਉਹ ਜਾਂਦਾ ਹੋਇਆ ਹੱਥ ਜੋੜ ਕੇ ਕਹਿੰਦਾ, ''ਜਨਾਬ! ਹੁਣ ਤੁਸੀਂ ਮੈਨੂੰ ਪੰਜਾਹ ਰੁਪਏ ਦੇ ਦਿਉ। ਦਸ ਰੁਪਏ ਬੱਸ ਦਾ ਕਿਰਾਇਆ ਅਤੇ ਚਾਲੀ ਰੁਪਏ ਭੁੱਕੀ ਲਈ ਅਤੇ ਯਾਦ ਰੱਖਿਓ! ਅੱਗੇ ਤੋਂ ਜਿੰਦਾ ਲਾਉਣਾ ਨਾ ਭੁੱਲਿਓ।'' ਅਸੀਂ ਉਸ ਨੂੰ ਪੰਜਾਹ ਰੁਪਏ ਦਿੱਤੇ। ਉਹ ਚਲਦਾ ਬਣਿਆ। ਅਸੀਂ ਕਈ ਦਿਨ ਉਸ ਦੀਆਂ ਗੱਲਾਂ ਕਰਦੇ ਰਹੇ। ਬਈ ਬੜਾ ਕਮਾਲ ਦਾ ਚੋਰ ਸੀ। ਚੋਰੀ ਕਰਨ ਦੇ ਬਾਅਦ ਵੀ ਦਿਨ-ਦਿਹਾੜੇ ਸ਼ਰੇਆਮ ਵਿਹੜੇ ਵਿਚ ਸਾਈਕਲ ਧੋ ਰਿਹਾ ਸੀ। ਚੋਰੀ ਕਰ ਕੇ ਇਕ ਵਾਰ ਵੀ ਮੁੱਕਰਿਆ ਨਹੀਂ। ਯਾਰ ਬੜਾ ਭਲਾਮਾਣਸ ਚੋਰ ਸੀ। ਜਾਂਦਾ ਹੋਇਆ ਉਹ ਸਾਨੂੰ ਸਾਡੀ ਗ਼ਲਤੀ ਦਾ ਅਹਿਸਾਸ ਵੀ ਕਰਵਾ ਗਿਆ।

-ਮੋਬਾਈਲ ਨੰ. : 98725-15652

Posted By: Sukhdev Singh