-ਹਰਕ੍ਰਿਸ਼ਨ ਸ਼ਰਮਾ

ਸਮਾਜਿਕ ਕੁਰੀਤੀਆਂ ਵੱਡੇ ਪੱਧਰ 'ਤੇ ਦੇਸ਼ 'ਚ ਆਪਣਾ ਫੈਲਾਅ ਕਰ ਚੁੱਕੀਆਂ ਹਨ। ਰਿਸ਼ਤੇ-ਨਾਤੇ ਫਿੱਕੇ ਪੈ ਰਹੇ ਹਨ ਅਤੇ ਮਾਨਵਤਾ ਲੋਪ ਹੋ ਰਹੀ ਹੈ। ਪਰ ਕੁਝ ਅਜਿਹੇ ਲੋਕ ਧਰਤੀ 'ਤੇ ਆਉਂਦੇ ਹਨ ਜੋ ਤਾਉਮਰ ਚੰਗਾ ਸਮਾਜ ਸਿਰਜਣ ਲਈ ਯਤਨਸ਼ੀਲ ਰਹਿੰਦੇ ਹਨ। ਅਜਿਹੀ ਹੀ ਸ਼ਖ਼ਸੀਅਤ ਸਨ ਬਠਿੰਡਾ ਦੇ ਅਜੀਤ ਗੋਇਲ ਜਿਨ੍ਹਾਂ ਨੇ ਆਪਣੀ ਜੀਵਨ ਯਾਤਰਾ 57 ਸਾਲ ਦੀ ਉਮਰ ਵਿਚ ਹੀ ਪੂਰੀ ਕਰ ਲਈ।

ਉਨ੍ਹਾਂ ਨੇ ਸੰਨ 1962 ਵਿਚ ਬਠਿੰਡਾ ਵਿਖੇ ਰੋਸ਼ਨ ਲਾਲ ਦੇ ਘਰ ਜਨਮ ਲਿਆ। ਆਪ ਚਾਰ ਭੈਣ-ਭਰਾ ਸਨ ਅਤੇ ਆਪ ਭਰਾਵਾਂ 'ਚ ਸਭ ਤੋਂ ਵੱਡੇ ਸਨ।

ਸਮਾਜ ਸੇਵਾ ਦੀ ਚਿਣਗ ਉਨ੍ਹਾਂ ਨੂੰ ਭਾਰਤ-ਪਾਕਿ ਦੀ 1971 'ਚ ਹੋਈ ਜੰਗ ਵੇਲੇ ਉਸ ਸਮੇਂ ਲੱਗੀ ਜਦ ਟਿੱਬਿਆਂ ਵਾਲੀ ਧਰਤੀ ਕਹੀ ਜਾਣ ਵਾਲੀ ਬਠਿੰਡਾ ਵਿਖੇ ਸਰਹੱਦ 'ਤੇ ਜਾਣ ਲਈ ਫ਼ੌਜਾਂ ਸਟੇਸ਼ਨ 'ਤੇ ਰੁਕਦੀਆਂ। ਸ਼ਹਿਰ ਵਾਸੀ ਉਨ੍ਹਾਂ ਨੂੰ ਸਟੇਸ਼ਨ 'ਤੇ ਹੀ ਭੋਜਨ, ਮੰਜੇ-ਬਿਸਤਰੇ ਅਤੇ ਦਵਾਈਆਂ, ਜੜ੍ਹੀ-ਬੂਟੀਆਂ ਪਹੁੰਚਾਉਂਦੇ ਤਾਂ ਕਿ ਭਾਰਤ ਦੇ ਵੀਰ ਜਵਾਨ ਇਹ ਮਹਿਸੂਸ ਕਰਨ ਕਿ ਦੇਸ਼ ਦੀ ਆਮ ਜਨਤਾ ਵੀ ਇਸ ਘੜੀ ਵਿਚ ਉਨ੍ਹਾਂ ਨਾਲ ਹੈ। ਭਾਵੇਂ ਅਜੀਤ ਗੋਇਲ ਦੀ ਉਮਰ ਉਸ ਵੇਲੇ ਸਿਰਫ਼ 9 ਸਾਲਾਂ ਦੀ ਸੀ ਪਰ ਉਨ੍ਹਾਂ ਅਣਥੱਕ ਮਿਹਨਤ ਕੀਤੀ ਅਤੇ ਕਈ ਦਿਨ ਲਗਾਤਾਰ ਫ਼ੌਜੀਆਂ ਲਈ ਖਾਣ-ਪੀਣ ਦਾ ਸਾਮਾਨ ਇਕੱਠਾ ਕੀਤਾ ਅਤੇ ਸਟੇਸ਼ਨ 'ਤੇ ਉਨ੍ਹਾਂ ਨੂੰ ਪਹੁੰਚਾਉਂਦੇ ਰਹੇ।

1971 ਦੀ ਭਾਰਤ-ਪਾਕਿ ਜੰਗ ਕਾਰਨ ਹੀ ਅਜੀਤ ਗੋਇਲ ਨੇ ਸਕੂਲ ਵਿਖੇ ਖ਼ੁਦ ਨੂੰ ਐੱਨਸੀਸੀ ਨਾਲ ਜੋੜ ਕੇ ਫ਼ੌਜੀ ਅਫ਼ਸਰ ਬਣਨ ਲਈ ਕੋਸ਼ਿਸ਼ ਸ਼ੁਰੂ ਕਰ ਦਿੱਤੀ ਅਤੇ ਕਈ ਸਾਲ ਐੱਨਸੀਸੀ ਨਾਲ ਜੁੜ ਕੇ ਫ਼ੌਜ ਵਿਚ ਭਰਤੀ ਹੋਣ ਲਈ ਸਿਖਲਾਈ ਲੈਂਦੇ ਰਹੇ। ਸਕੂਲ ਦੀ ਪੜ੍ਹਾਈ ਖ਼ਤਮ ਕਰਨ ਪਿੱਛੋਂ ਬਠਿੰਡਾ ਵਿਖੇ ਕਾਲਜ ਦੀ ਪੜ੍ਹਾਈ ਦੌਰਾਨ ਖ਼ੁਦ ਨੂੰ ਐੱਨਐੱਸਐੱਸ ਨਾਲ ਜੋੜ ਕੇ ਸਮਾਜ ਭਲਾਈ ਦੇ ਕੰਮ ਸ਼ੁਰੂ ਕੀਤੇ। ਭਾਵੇਂ ਅਜੀਤ ਗੋਇਲ ਫ਼ੌਜ ਵਿਚ ਭਰਤੀ ਨਹੀਂ ਹੋ ਸਕੇ ਪਰ ਉਨ੍ਹਾਂ ਐੱਨਐੱਸਐੱਸ ਵਿਚ ਆਪਣੇ-ਆਪ ਨੂੰ ਕਾਰਜਸ਼ੀਲ ਕਰ ਕੇ ਅਨਪੜ੍ਹਤਾ ਨੂੰ ਦੂਰ ਕਰਨ ਲਈ, ਵਾਤਾਵਰਨ ਦੀ ਸੰਭਾਲ, ਦਾਜ ਪ੍ਰਥਾ ਨੂੰ ਰੋਕਣ, ਖ਼ੂਨਦਾਨ ਨੂੰ ਹੁਲਾਰਾ ਦੇਣ ਅਤੇ ਨਸ਼ੇ ਵਰਗੀਆਂ ਲਾਹਨਤਾਂ ਨੂੰ ਜੜ੍ਹੋਂ ਪੁੱਟਣ ਲਈ ਲੋਕਾਂ ਨੂੰ ਵੱਡੇ ਪੱਧਰ 'ਤੇ ਪ੍ਰੇਰਿਤ ਕੀਤਾ। ਉਹ ਆਪਣੇ ਸਹਿਪਾਠੀਆਂ ਦੀ ਮਦਦ ਨਾਲ ਗ਼ਰੀਬ ਬੱਚਿਆਂ ਲਈ ਕਾਪੀਆਂ, ਕਿਤਾਬਾਂ ਅਤੇ ਹੋਰ ਸਾਜ਼ੋ-ਸਾਮਾਨ ਦਾ ਪ੍ਰਬੰਧ ਕਰਦੇ ਸਨ। ਉਹ ਆਪਣੇ ਸਹਿਪਾਠੀਆਂ ਨਾਲ ਮਿਲ ਕੇ ਕੱਕੀ ਰੇਤਾ 'ਤੇ ਵਸੇ ਸ਼ਹਿਰ ਵਿਚ ਵਰ੍ਹਦੀ ਗਰਮੀ ਦੇ ਦਿਨਾਂ ਦੌਰਾਨ ਲੋਕਾਂ ਲਈ ਪੀਣ ਵਾਲੇ ਪਾਣੀ ਦੀ ਵਿਵਸਥਾ ਕਰਦੇ ਸਨ। ਕਮਰਸ ਵਿਸ਼ੇ ਵਿਚ ਬੈਚਲਰ ਡਿਗਰੀ ਬਠਿੰਡਾ ਦੇ ਕਾਲਜ ਤੋਂ ਪ੍ਰਾਪਤ ਕਰਨ ਪਿੱਛੋਂ ਉਨ੍ਹਾਂ ਪੰਜਾਬ ਸਰਕਾਰ ਦੇ ਅਦਾਰੇ ਵਿਚ ਨੌਕਰੀ ਪ੍ਰਾਪਤ ਕੀਤੀ ਅਤੇ ਬੜੇ ਹੀ ਸਮਰਪਿਤ ਢੰਗ ਨਾਲ ਲੋਕਾਂ ਦੀ ਸੇਵਾ ਕੀਤੀ। ਫਿਰ ਉਹ ਇਕ ਇੰਸ਼ੋਰੈਂਸ ਕੰਪਨੀ ਵਿਖੇ ਭਰਤੀ ਹੋ ਗਏ ਅਤੇ ਅੱਜਕੱਲ੍ਹ ਵੀ ਉੱਥੇ ਹੀ ਸੇਵਾ ਨਿਭਾਅ ਰਹੇ ਸਨ। ਅਜੀਤ ਗੋਇਲ ਨੇ ਬਠਿੰਡਾ, ਫਤਿਹਾਬਾਦ ਅਤੇ ਸਿਰਸਾ ਵਿਖੇ ਵੀ ਜਨਤਕ ਬੀਮਾ ਅਦਾਰਿਆਂ ਵਿਚ ਸੇਵਾਵਾਂ ਨਿਭਾਈਆਂ। ਉਹ ਇੰਨੇ ਮਿਲਾਪੜੇ ਸੁਭਾਅ ਦੇ ਮਾਲਕ ਸਨ ਕਿ ਹਰ ਕਿਸੇ ਨਾਲ ਜਲਦ ਹੀ ਘੁਲ-ਮਿਲ ਜਾਂਦੇ।

ਅਜੀਤ ਗੋਇਲ ਨੇ ਆਪਣੇ ਮਿਲਾਪੜੇ ਸੁਭਾਅ ਕਾਰਨ ਸਮਾਜ ਦੇ ਹਰੇਕ ਵਰਗ ਤੋਂ ਪ੍ਰਸ਼ੰਸਾ ਖੱਟੀ। ਸੰਨ 1990 ਵਿਚ ਉਹ ਬਠਿੰਡਾ ਤੋਂ ਸਿਰਸਾ (ਹਰਿਆਣਾ) ਵਿਖੇ ਚਲੇ ਗਏ ਅਤੇ ਕੁਝ ਦਿਨਾਂ ਵਿਚ ਉਨ੍ਹਾਂ ਨੇ ਸਮਾਜ ਸੇਵਾ ਲਈ 'ਵਿਰਾਸਤ' ਨਾਂ ਦੀ ਸੰਸਥਾ ਸਥਾਪਤ ਕਰ ਦਿੱਤੀ ਅਤੇ ਉਸ ਨਾਲ ਲੋਕਾਂ ਨੂੰ ਜੋੜ ਕੇ ਸਮਾਜ ਸੇਵਾ ਨੂੰ ਇਕ ਲਹਿਰ ਦਾ ਰੂਪ ਦੇ ਦਿੱਤਾ। ਇਹ ਸੰਸਥਾ ਨੇ ਸਮੂਹਿਕ ਵਿਆਹਾਂ ਦਾ ਕਾਰਜ ਕੀਤਾ। ਖ਼ੂਨਦਾਨ ਦੇ ਕੰਮ ਨੂੰ ਹੁਲਾਰਾ ਦਿੱਤਾ, ਲੋਕਾਂ ਨੂੰ ਨਸ਼ਿਆਂ ਦੀ ਲਾਹਨਤ ਵਿਰੁੱਧ ਲੜਾਈ ਲਈ ਸੱਦਾ ਦਿੱਤਾ, ਸਿਰਸਾ ਵਸਨੀਕਾਂ ਨੂੰ ਲੋੜਵੰਦਾਂ ਦੇ ਘਰਾਂ ਤਕ ਪਹੁੰਚ ਕਰ ਕੇ ਉਨ੍ਹਾਂ ਦੀ ਮਦਦ ਕਰਨ ਲਈ ਪ੍ਰੇਰਿਆ, ਲੋਕਾਂ ਨੂੰ ਆਪਣੇ ਮਾਪਿਆਂ ਦੀ ਇੱਜ਼ਤ ਕਰਨ ਅਤੇ ਚੰਗੀ ਸੇਵਾ-ਸੰਭਾਲ ਲਈ ਪ੍ਰੇਰਿਆ ਅਤੇ ਇਸ ਤੋਂ ਵੱਖ ਲੋਕਾਂ ਨੂੰ ਕਾਨੂੰਨ ਦੀ ਪਾਲਣਾ ਕਰਨ ਵਾਲੇ ਸ਼ਹਿਰੀ ਦੇ ਤੌਰ 'ਤੇ ਵਿਚਰਨ ਲਈ ਹੋਕਾ ਦਿੱਤਾ।

ਅਜੀਤ ਗੋਇਲ ਭਾਰਤੀ ਵਿਕਾਸ ਪ੍ਰੀਸ਼ਦ ਸੰਸਥਾ ਦੇ ਵੀ ਪ੍ਰਧਾਨ ਰਹੇ। ਇਸ ਦੇ ਇਲਾਵਾ ਉਹ ਕਈ ਸੰਸਥਾਵਾਂ ਨਾਲ ਜੁੜ ਕੇ ਹਰ ਜ਼ਰੂਰਤਮੰਦ ਦੀ ਸੇਵਾ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਸਨ। ਜੀਵਨ 'ਚ ਹੋਰ ਸੇਵਾ ਦੇ ਮੰਤਵ ਨਾਲ ਸ੍ਰੀ ਅਗਰਵਾਲ ਸਭਾ, ਸ੍ਰੀ ਜਵਾਲਾ ਜੀ ਸੇਵਾ ਸੰਮਤੀ, ਭਾਈ ਘੱਨ੍ਹਈਆ ਮਾਨਵ ਸੰਮਤੀ, ਸ਼ਿਵ ਧਾਮ ਸੇਵਾ ਟਰੱਸਟ ਅਤੇ ਸ਼ਿਵਪੁਰੀ ਸੰਸਥਾ ਦੇ ਮੈਂਬਰ ਬਣਨ ਦੇ ਇਲਾਵਾ ਰੋਟਰੀ ਕਲੱਬ ਬਠਿੰਡਾ ਤੇ ਸਿਰਸਾ ਦੇ ਵੀ ਮੈਂਬਰ ਰਹੇ।

ਇੱਥੇ ਹੀ ਬਸ ਨਹੀਂ, ਅਜੀਤ ਗੋਇਲ ਦੀ ਧਰਮ ਪਤਨੀ ਸ਼੍ਰੀਮਤੀ ਸੁਦੇਸ਼ ਗੁਪਤਾ ਜੋ ਕਿ ਸਰਕਾਰੀ ਵਿੱਦਿਅਕ ਸੰਸਥਾ ਵਿਖੇ ਬਤੌਰ ਐਸੋਸੀਏਟ ਪ੍ਰੋਫੈਸਰ ਹਨ, ਨੇ ਵੀ ਸਮਾਜ ਭਲਾਈ ਦੇ ਕਾਰਜਾਂ ਵਿਚ ਲਗਾਤਾਰ ਆਪਣਾ ਯੋਗਦਾਨ ਪਾਇਆ ਹੈ ਅਤੇ ਆਪਣੇ ਪਤੀ ਦੇ ਸਹਿਯੋਗ ਸਦਕਾ 'ਬੇਟੀ ਬਚਾਓ, ਬੇਟੀ ਪੜ੍ਹਾਓ' ਦੇ ਸੁਨੇਹੇ ਨੂੰ ਘਰ-ਘਰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਲੜਕੀਆਂ ਨੂੰ ਉੱਚ ਵਿੱਦਿਆ ਪ੍ਰਾਪਤ ਕਰਨ ਲਈ ਕਈ ਵਾਰ ਮਾਲੀ ਮਦਦ ਵੀ ਦਿੱਤੀ। ਅਜੀਤ ਗੋਇਲ ਦੇ ਇਕ ਭਰਾ ਸੁਦਰਸ਼ਨ ਗੋਇਲ ਸਟੇਟ ਬੈਂਕ ਆਫ਼ ਇੰਡੀਆ ਵਿਚ ਉੱਚ ਅਹੁਦੇ 'ਤੇ ਸੇਵਾ ਨਿਭਾਅ ਰਹੇ ਹਨ ਜਦੋਂਕਿ ਇਕ ਭਰਾ ਚੰਦਰ ਪ੍ਰਕਾਸ਼ ਸਾਬਕਾ ਸੂਚਨਾ ਕਮਿਸ਼ਨਰ ਰਹਿਣ ਦੇ ਇਲਾਵਾ ਕਈ ਸਾਲ ਅੰਗਰੇਜ਼ੀ ਦੇ ਇਕ ਪ੍ਰਸਿੱਧ ਅਖ਼ਬਾਰ ਦੇ ਸਟਾਫ਼ ਰਿਪੋਰਟਰ ਵੀ ਰਹਿ ਚੁੱਕੇ ਹਨ। ਅਜੀਤ ਗੋਇਲ ਦੇ ਦੋ ਪੁੱਤਰ ਹਨ। ਉਨ੍ਹਾਂ ਦਾ ਵੱਡਾ ਪੁੱਤਰ ਰਚਿਤ ਗੋਇਲ ਹੈ ਤੇ ਛੋਟਾ ਹਿਮਾਂਸ਼ੂ ਗੋਇਲ ਹੈ। ਆਪਣੇ ਪਿਤਾ ਦੇ ਨਕਸ਼ੇ-ਕਦਮ 'ਤੇ ਚੱਲਦਿਆਂ ਉਹ ਵੀ ਸਮਾਜ ਸੇਵਾ 'ਚ ਜੁਟੇ ਹੋਏ ਹਨ।

ਅਜੀਤ ਗੋਇਲ 1 ਜੂਨ 2019 ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਕੇ ਸਦੀਵੀ ਵਿਛੋੜਾ ਦੇ ਗਏ। ਭਾਵੇਂ ਉਹ ਦੁਨੀਆ ਵਿਚ ਨਹੀਂ ਰਹੇ ਪਰ ਉਨ੍ਹਾਂ ਦੇ ਸਸਕਾਰ 'ਤੇ ਜੁੜੀ ਭੀੜ ਇਸ ਗੱਲ ਦਾ ਪ੍ਰਮਾਣ ਹੈ ਕਿ ਉਨ੍ਹਾਂ ਨੇ ਲੋਕਾਂ ਦੇ ਮਨਾਂ ਵਿਚ ਕਿੰਨੀ ਥਾਂ ਬਣਾਈ ਹੋਈ ਸੀ। ਉਨ੍ਹਾਂ ਦੇ ਵਿਛੋੜੇ ਕਾਰਨ ਉਨ੍ਹਾਂ ਦੇ ਸਕੇ-ਸਬੰਧੀਆਂ, ਮਿੱਤਰ, ਪਿਆਰਿਆਂ, ਰਿਸ਼ਤੇਦਾਰਾਂ ਅਤੇ ਜਾਣਕਾਰਾਂ ਦੇ ਮਨਾਂ ਵਿਚ ਉਦਾਸੀ ਦਾ ਆਲਮ ਹੈ। ਜੋ ਜਨਮਿਆ ਹੈ, ਉਸ ਨੇ ਆਖ਼ਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿਣਾ ਹੀ ਹੈ। ਜੋ ਨੇਕ ਕੰਮ ਕਰ ਜਾਂਦੇ ਹਨ, ਉਹ ਲੋਕਾਂ ਦੇ ਦਿਲਾਂ ਵਿਚ ਵਸਦੇ ਰਹਿੰਦੇ ਹਨ।

-ਮੋਬਾਈਲ ਨੰ. : 95019-83111

Posted By: Sukhdev Singh