v> ਕੋਰੋਨਾ ਤੋਂ ਉਪਜੇ ਹਾਲਾਤ ਦਰਮਿਆਨ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਵੱਲੋਂ ਤਿਆਰ ਕੀਤੀ ਗਈ 2- ਡੀਜੀ ਨਾਂ ਦੀ ਦਵਾਈ ਉਮੀਦ ਦੀ ਇਕ ਕਿਰਨ ਹੈ। ਡਾ. ਰੈਡੀਜ਼ ਲੈਬੋਰੇਟਰੀਜ਼ ਦੇ ਸਹਿਯੋਗ ਨਾਲ ਵਿਕਸਤ ਇਸ ਦਵਾਈ ਨੂੰ ਕਾਰਗਰ ਮੰਨਦਿਆਂ ਡਰੱਗਸ ਕੰਟਰੋਲਰ ਜਨਰਲ ਨੇ ਇਸ ਦੀ ਵਰਤੋਂ ਦੀ ਮਨਜ਼ੂਰੀ ਵੀ ਦੇ ਦਿੱਤੀ ਹੈ। ਹੁਣ ਜ਼ਰੂਰਤ ਇਸ ਗੱਲ ਦੀ ਹੈ ਕਿ ਇਸ ਦਵਾਈ ਨੂੰ ਛੇਤੀ ਤੋਂ ਛੇਤੀ ਵੱਡੇ ਪੱਧਰ ’ਤੇ ਬਣਾਇਆ ਜਾਵੇ। ਇਹ ਇਕ ਜੈਨਰਿਕ ਦਵਾਈ ਹੈ, ਇਸ ਲਈ ਇਸ ਨੂੰ ਵੱਡੇ ਪੱਧਰ ’ਤੇ ਬਣਾਉਣ ’ਚ ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ। ਨਾਲ ਹੀ ਇਹ ਵੀ ਦੇਖਣਾ ਪਵੇਗਾ ਕਿ ਇਹ ਦੇਸ਼ ਭਰ ’ਚ ਛੇਤੀ ਤੋਂ ਛੇਤੀ ਮੁਹੱਈਆ ਹੋਵੇ। ਆਸਾਨੀ ਨਾਲ ਵਰਤੀ ਜਾ ਸਕਣ ਵਾਲੀ ਇਸ ਦਵਾਈ ਦਾ ਪ੍ਰ੍ਰੀਖਣ ਇਸੇ ਮਾਰਚ ਤਕ ਹੋਇਆ ਹੈ, ਇਸ ਲਈ ਇਹ ਉਮੀਦ ਕੀਤੀ ਜਾਂਦੀ ਹੈ ਕਿ ਇਹ ਕੋਰੋਨਾ ਵਾਇਰਸ ਦੇ ਬਦਲੇ ਹੋਏ ਰੂਪਾਂ ਦੇ ਸ਼ਿਕਾਰ ਮਰੀਜ਼ਾਂ ’ਤੇ ਵੀ ਅਸਰ ਕਰੇਗੀ। ਜੋ ਵੀ ਹੋਵੇ, ਇਸ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ਹੈ। ਇਸੇ ਤਰ੍ਹਾਂ ਦੀ ਜ਼ਰੂਰਤ ਇਸ ਦੀ ਵੀ ਹੈ ਕਿ ਕੋਵਿਡ-19 ਨੂੰ ਰੋਕਣ ਲਈ ਜੋ ਟੀਕੇ ਵਰਤੇ ਜਾ ਰਹੇ ਹਨ, ਉਹ ਕੋਰੋਨਾ ਵਾਇਰਸ ਦੇ ਬਦਲੇ ਹੋਏ ਰੂਪਾਂ ’ਤੇ ਅਸਰਕਾਰੀ ਹਨ ਜਾਂ ਨਹੀਂ? ਇਹ ਪਤਾ ਲਾਉਣ ’ਚ ਦੇਰੀ ਨਹੀਂ ਕੀਤੀ ਜਾਣੀ ਚਾਹੀਦੀ ਕਿਉਂਕਿ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੈਣ ਤੋਂ ਬਾਅਦ ਵੀ ਕੁਝ ਲੋਕ ਕੋਰੋਨਾ ਦਾ ਸ਼ਿਕਾਰ ਬਣੇ ਹਨ। ਅਸਲ ’ਚ ਜਿਸ ਤਰ੍ਹਾਂ ਸਰਕਾਰਾਂ ਨੇ ਹਸਪਤਾਲ ਬੈੱਡ ਤੋਂ ਲੈ ਆਕਸੀਜਨ ਤੇ ਕੋਰੋਨਾ ਰੋਕੂ ਦਵਾਈਆਂ ਮੁਹੱਈਆ ਕਰਵਾਉਣ ’ਚ ਆਪਣੀ ਤਾਕਤ ਲਾ ਦਿੱਤੀ ਹੈ, ਉਸੇ ਤਰ੍ਹਾਂ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੂੰ ਇਸ ਗੱਲ ਨੂੰ ਸਭ ਤੋਂ ਵੱਧ ਤਰਜੀਹ ਦੇਣੀ ਚਾਹੀਦੀ ਹੈ ਕਿ ਸਰਕਾਰੀ ਤੇ ਨਿੱਜੀ ਖੇਤਰ ਦੀਆਂ ਸੰਸਥਾਵਾਂ ਕੋਰੋਨਾ ਰੋਕੂ ਦਵਾਈ ਵਿਕਸਤ ਕਰਨ ਦੇ ਨਾਲ-ਨਾਲ ਕੋਰੋਨਾ ਵਾਇਰਸ ਦੇ ਬਦਲੇ ਹੋਏ ਰੂਪਾਂ ਦੀ ਪ੍ਰਕਿਰਤੀ ਦਾ ਅਧਿਐਨ ਕਰਨ ’ਚ ਜੰਗੀ ਪੱਧਰ ’ਤੇ ਜੁਟ ਜਾਣ। ਇਸ ਕੰਮ ’ਚ ਕੋਈ ਕਸਰ ਬਾਕੀ ਨਹੀਂ ਰਹਿਣੀ ਚਾਹੀਦੀ ਕਿਉਂਕਿ ਕੋਰੋਨਾ ਨਾਲ ਜੰਗ ਇਕ ਤਰ੍ਹਾਂ ਨਾਲ ਵਕਤ ਖ਼ਿਲਾਫ਼ ਲੜਾਈ ਹੈ। ਇਹ ਮੁਸ਼ਕਲ ਲੜਾਈ ਹਰ ਹਾਲ ’ਚ ਜਿੱਤਣ ਲਈ ਇਹ ਵੀ ਜ਼ਰੂਰੀ ਹੈ ਕਿ ਘੱਟ ਸਮੇਂ ’ਚ ਜ਼ਿਆਦਾ ਤੋਂ ਜ਼ਿਆਦਾ ਟੀਕੇ ਮੁਹੱਈਆ ਹੋਣ। ਵਿਸ਼ਵ ਵਪਾਰ ਸੰਗਠਨ ਵੱਲੋਂ ਟੀਕੇ ਬਣਾਉਣ ਦੇ ਮਾਮਲੇ ’ਚ ਬੌਧਿਕ ਸੰਪੱਤੀ ਅਧਿਕਾਰ ਕਾਨੂੰਨ ’ਚ ਰਿਆਇਤ ਦੇਣ ਦੀ ਪਹਿਲ ਆਪਣੀ ਜਗ੍ਹਾ ਹੈ। ਭਾਰਤ ਨੂੰ ਆਪਣੇ ਪੱਧਰ ’ਤੇ ਇਹ ਦੇਖਣਾ ਹੋਵੇਗਾ ਕਿ ਟੀਕਾ ਬਣਾਉਣ ਵਾਲੀਆਂ ਕੰਪਨੀਆਂ ਨੂੰ ਇਸ ਲਈ ਕਿਵੇਂ ਰਾਜ਼ੀ ਕੀਤਾ ਜਾਵੇ ਕਿ ਉਹ ਹੋਰ ਕੰਪਨੀਆਂ ਨੂੰ ਆਪਣੇ ਟੀਕੇ ਤਿਆਰ ਕਰਨ ਦੀ ਇਜ਼ਾਜਤ ਦੇਵੇ ? ਘੱਟੋ-ਘੱਟ ਸਵਦੇਸ਼ੀ ਟੀਕੇ ਕੋਵੈਕਸੀਨ ਵਿਕਸਤ ਕਰਨ ਵਾਲੀ ਭਾਰਤ ਬਾਇਓਟੈੱਕ ਨਾਲ ਸੰਪਰਕ ਕਰ ਕੇ ਤਾਂ ਇਹ ਸੰਭਾਵਨਾ ਤਲਾਸ਼ੀ ਹੀ ਜਾਣੀ ਚਾਹੀਦੀ ਹੈ ਕਿ ਕੀ ਉਸ ਦੇ ਟੀਕੇ ਹੋਰ ਕੰਪਨੀਆਂ ਤਿਆਰ ਕਰ ਸਕਦੀਆਂ ਹਨ? ਇਸ ਤੋਂ ਸੰਤੁਸ਼ਟ ਨਹੀ ਹੋਇਆ ਜਾ ਸਕਦਾ ਕਿ ਰੂਸੀ ਟੀਕੇ ਸਪੂਤਨਿਕ ਨੂੰ ਭਾਰਤ ’ਚ ਬਣਾਇਆ ਜਾ ਰਿਹਾ ਹੈ ਕਿਉਂਕਿ ਗੱਲ ਤਾਂ ਉਦੋਂ ਬਣੇਗੀ ਜਦੋਂ ਇਹ ਛੇਤੀ ਮੁਹੱਈਆ ਹੋ ਸਕੇ।

Posted By: Jagjit Singh