-ਮੁਖਤਾਰ ਗਿੱਲ

ਜੰਮੂ-ਕਸ਼ਮੀਰ ਦੇ ਪੁਣਛ ਜ਼ਿਲੇ੍ਹ ਵਿਚ ਘੁਸਪੈਠ ਕਰ ਕੇ ਆਏ ਅੱਤਵਾਦੀਆਂ ਨੇ ਘਾਤ ਲਗਾ ਕੇ ਕੀਤੇ ਕਾਇਰਾਨਾ ਹਮਲੇ ਵਿਚ ਨਾਇਬ ਸੂਬੇਦਾਰ ਸਮੇਤ ਪੰਜ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ। ਇਸ ਤੋਂ ਸਾਫ਼ ਹੈ ਕਿ ਅੱਤਵਾਦੀ ਬੇਲਗਾਮ ਹਨ ਭਾਵ ਦਹਿਸ਼ਤੀ ਜੜ੍ਹਾਂ ਕਮਜ਼ੋਰ ਨਹੀਂ ਹੋਈਆਂ। ਸੁਰੱਖਿਆ ਬਲਾਂ ਅਤੇ ਆਮ ਲੋਕਾਂ ’ਤੇ ਦਹਿਸ਼ਤੀ ਹਮਲੇ ਵਧ ਰਹੇ ਹਨ। ਜੰਮੂ-ਕਸ਼ਮੀਰ ਅਜੇ ਵੀ ਅੱਤਵਾਦ ਦੀ ਗਿ੍ਰਫਤ ’ਚ ਹੈ। ਘੁਸਪੈਠ ਰੁਕੀ ਨਹੀਂ ਹੈ। ਦਹਿਸ਼ਤਗਰਦਾਂ ਨੂੰ ਆਮ ਲੋਕਾਂ ਵੱਲੋਂ ਖ਼ਾਸ ਕਰਕੇ ਪੇਡੂ ਇਲਾਕਿਆਂ ’ਚ ਪਨਾਹ ਮਿਲ ਰਹੀ ਹੈ। ਅਜਿਹੀਆਂ ਪਨਾਹਗਾਹਾਂ ਅੱਤਵਾਦ ਨੂੰ ਪ੍ਰਫੁੱਲਿਤ ਕਰਨ ਵਿਚ ਮਦਦਗਾਰ ਹਨ। ਅੱਤਵਾਦੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਾਲ-ਨਾਲ ਇਨ੍ਹਾਂ ਪੁਸ਼ਤ-ਪਨਾਹੀਆਂ ਨੂੰ ਵੀ ਨਿਸ਼ਾਨੇ ’ਤੇ ਲਿਆ ਜਾਵੇ। ਇਸ ਤੋਂ ਪਹਿਲਾਂ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ਦੇ ਅਤਿ-ਸੁਰੱਖਿਅਤ ਇਲਾਕੇ ਈਦਗਾਹ ਦੇ ਸਰਕਾਰੀ ਸਕੂਲ ਵਿਚ ਦਾਖ਼ਲ ਹੋਏ ਦਹਿਸ਼ਤਗਰਦਾਂ ਨੇ ਅਧਿਆਪਕਾਂ ਨੂੰ ਕਲਾਸਾਂ ’ਚੋਂ ਬਾਹਰ ਕੱਢ ਕੇ ਉਨ੍ਹਾਂ ਦੇ ਪਛਾਣ ਪੱਤਰ ਵੇਖ ਕੇ ਘੱਟ-ਗਿਣਤੀ ਫਿਰਕੇ ਦੀ ਸਿੱਖ ਪਿ੍ਰੰਸੀਪਲ ਸੁਪਿੰਦਰ ਕੌਰ ਅਤੇ ਇਕ ਹਿੰਦੂ ਅਧਿਆਪਕ ਦੀਪਕ ਚੰਦ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ।

ਗਮ ਤੇ ਗੁੱਸੇ ਵਿਚਾਲੇ ਪਿ੍ਰੰਸੀਪਲ ਤੇ ਟੀਚਰ ਦਾ ਸਸਕਾਰ ਕਰ ਦਿੱਤਾ ਗਿਆ। ਇਨ੍ਹਾਂ ਹੰਝੂਆਂ ਦਾ ਹਿਸਾਬ ਕੌਣ ਦੇਵੇਗਾ? ਸਾਡੇ ਲਈ ਕਸ਼ਮੀਰ ਘਾਟੀ ਸਵਰਗ ਨਹੀਂ ਨਰਕ ਹੈ। ਸੰਨ 1990 ਵਾਲੇ ਹਾਲਾਤ ਬਣ ਰਹੇ ਹਨ। ਕਸ਼ਮੀਰ ’ਚ ਪਿਛਲੇ ਪੰਜ ਦਿਨਾਂ ਵਿਚ ਦਹਿਸ਼ਤਗਰਦਾਂ ਨੇ 7 ਲੋਕਾਂ ਦੀ ਹੱਤਿਆ ਕੀਤੀ ਸੀ । ਇਨ੍ਹਾਂ ਵਿਚ 4 ਘੱਟ ਗਿਣਤੀ ਫਿਰਕੇ ਨਾਲ ਸਬੰਧਤ ਸਨ। ਰਾਤ 8 ਵਜੇ ਸੀਆਰਪੀਐੱਫ ਦੇ ਬੰਕਰ ’ਤੇ ਗ੍ਰਨੇਡ ਸੁੱਟਿਆ ਗਿਆ।

ਪ੍ਰਿੰ. ਸੁਪਿੰਦਰ ਕੌਰ ਆਪਣੀ ਅੱਧੀ ਤਨਖ਼ਾਹ ਗ਼ਰੀਬ ਤੇ ਲੋੜਵੰਦ ਬੱਚਿਆਂ ’ਤੇ ਖ਼ਰਚਦੀ ਸੀ ਅਤੇ ਉਸ ਨੇ ਇਕ ਮੁਸਲਿਮ ਬੱਚੀ ਗੋਦ ਲਈ ਹੋਈ ਸੀ। ਬਹੁਤੀਆਂ ਹਿੰਸਕ ਘਟਨਾਵਾਂ ਸ੍ਰੀਨਗਰ ’ਚ ਹੋਈਆਂ ਜਿਸ ਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ ਅਤੇ ਸ਼ੋਪੀਆਂ ਤੇ ਪੁਲਵਾਮਾ ਵਿਚ ਕੋਈ ਹਿੰਸਕ ਘਟਨਾ ਨਹੀਂ ਹੋਈ ਹਾਲਾਂਕਿ ਇਹ ਦੋਵੇਂ ਥਾਵਾਂ ਅੱਤਵਾਦੀਆਂ ਦਾ ਗੜ੍ਹ ਮੰਨੀਆਂ ਜਾਂਦੀਆਂ ਹਨ। ਸ੍ਰੀਨਗਰ ਵਿਚ ਪਹਿਲਾਂ ਦਵਾਈ ਵਿਕਰੇਤਾ ਕਸ਼ਮੀਰੀ ਪੰਡਿਤ ਮਾਖਣ ਲਾਲ ਬਿੰਦਰੂ ਅਤੇ ਇਕ ਗੋਲ-ਗੱਪਿਆਂ ਦੇ ਠੇਲੇ੍ਹ ਵਾਲੇ ਬਰਿੰਦਰ ਪਾਸਵਾਨ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸੇ ਦਿਨ ਬਾਂਦੀਪੋਰਾ ਦੇ ਟੈਕਸੀ ਯੂਨੀਅਨ ਦੇ ਪ੍ਰਧਾਨ ਮੁਹੰਮਦ ਸ਼ਫੀ ਲੋਨ ਨੂੰ ਗੋਲ਼ੀ ਮਾਰ ਕੇ ਹਲਾਕ ਕਰ ਦਿੱਤਾ ਗਿਆ ਸੀ। ਇਸ ਸਾਲ ਸਤੰਬਰ ਤਕ 182 ਦਹਿਸ਼ਤਗਰਦ ਮਾਰ ਮੁਕਾਏ ਗਏ ਅਤੇ 25 ਆਮ ਨਾਗਰਿਕ ਵੀ ਹਿੰਸਾ ਦੇ ਸ਼ਿਕਾਰ ਹੋ ਗਏ।

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਕਸ਼ਮੀਰੀਆਂ ਨੂੰ ਸੁਰੱਖਿਆ ਦੇਣ ’ਚ ਨਾਕਾਮ ਰਿਹਾ ਹੈ। ਰਾਹੁਲ ਨੇ ਦੋਸ਼ ਲਾਇਆ ਕਿ ਕਸ਼ਮੀਰ ’ਚ ਹਿੰਸਾ ਨਾ ਧਾਰਾ 370 ਨੂੰ ਹਟਾਉਣ ਅਤੇ ਨਾ ਹੀ ਨੋਟਬੰਦੀ ਕਰਕੇ ਰੁਕੀ। ਹਿੰਸਾ ਦੇ ਇਸ ਨਵੇਂ ਦੌਰ ਲਈ ਸੰਵਿਧਾਨ ਦੀ ਧਾਰਾ 370 ਮਨਸੂਖ ਕਰਨ ਉਪਰੰਤ ਲਸ਼ਕਰ ਦੀ ਨਵ-ਗਠਿਤ ਅੱਤਵਾਦੀ ਜਥੇਬੰਦੀ ਟੀਆਰਐੱਫ ਜ਼ਿੰਮੇਵਾਰ ਹੈ। ਹਿੰਸਾ ਕਾਰਨ ਕਸ਼ਮੀਰ ਵਾਦੀ ਵਿੱਚੋਂ ਹਿੰਦੂਆਂ ਦੀ ਜੰਮੂ ਵੱਲ ਹਿਜਰਤ ਸ਼ੁਰੂ ਹੋ ਗਈ ਹੈ। ਕਸ਼ਮੀਰ ਵਾਦੀ ਤੋਂ 30 ਫ਼ੀਸਦੀ ਸੈਲਾਨੀ ਕਿਨਾਰਾਕਸ਼ੀ ਕਰ ਗਏ ਹਨ ਜਿਸ ਕਾਰਨ ਹਾਊਸ ਬੋਟ, ਸ਼ਿਕਾਰਿਆਂ, ਹੋਟਲਾਂ ਤੇ ਗੈਸਟ ਹਾਊਸ ਵਾਲਿਆਂ ਦੇ ਚਿਹਰੇ ਮੁਰਝਾ ਗਏ ਹਨ।

ਹਸਤ-ਕਲਾ, ਬਾਗ਼ਬਾਨੀ ਤੇ ਟੈਕਸੀ ਚਾਲਕਾਂ ਦੀ ਰੋਜ਼ੀ-ਰੋਟੀ ਦੇ ਸਾਧਨ ਫਿਰ ਹਿੰਸਾ ਦੀ ਭੇਟ ਚੜ੍ਹ ਗਏ ਹਨ। ਘਰ ’ਚ ਨਜ਼ਰਬੰਦ ਪੀਡੀਪੀ ਦੀ ਚੇਅਰਪਰਸਨ ਮਹਿਬੂਬਾ ਮੁਫ਼ਤੀ ਨੇ ਕਿਹਾ, ‘ਕਸ਼ਮੀਰ ਵਿਚ ਅਜਿਹੀ ਹਿੰਸਾ ਦਾ ਕੋਈ ਸਥਾਨ ਨਹੀਂ। ‘ਨਵਾਂ ਕਸ਼ਮੀਰ’ ਬਣਾਉਣ ਦੇ ਕੇਂਦਰ ਦੇ ਦਾਅਵੇ ਨੇ ਅਸਲ ਵਿਚ ਇਸ ਨੂੰ ਨਰਕ ਬਣਾ ਦਿੱਤਾ ਹੈ।’ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਬਿਆਨ ਵਿਚ ਕਿਹਾ, ‘ਤੁਸੀਂ ਘੱਟ ਗਿਣਤੀ ਲੋਕੋ! ਇੱਥੋਂ ਨਾ ਜਾਇਓ ਅਤੇ ਆਪਣੇ ਕਾਰੋਬਾਰ ਜਾਰੀ ਰੱਖਿਓ। ਮੇਰੇ ਕੋਲ ਇਸ ਘਟਨਾ ਦੀ ਨਿੰਦਾ ਕਰਨ ਲਈ ਸ਼ਬਦ ਨਹੀਂ ਹਨ।’ ਗੁਪਕਾਰ ਗੱਠਜੋੜ ਦੀਆਂ 6 ਪਾਰਟੀਆਂ ਨੇ ਪ੍ਰਸਤਾਵ ਪਾਸ ਕਰ ਕੇ ਮੰਗ ਦੁਹਰਾਈ ਕਿ ਕਸ਼ਮੀਰ ਦੇ ਵਿਸ਼ੇਸ਼ ਦਰਜੇ ਦੀ ਬਹਾਲੀ ਤਕ ਸੰਘਰਸ਼ ਜਾਰੀ ਰਹੇਗਾ। ਪਾਕਿਸਤਾਨ ਪ੍ਰਸਤ ਅਤੇ ਹੁਰੀਅਤ ਦੇ ਅਲੀ ਸ਼ਾਹ ਗਿਲਾਨੀ ਦੇ ਦੇਹਾਂਤ ਤੋਂ ਬਾਅਦ ਕਸ਼ਮੀਰੀ ਅਵਾਮ ਦੇ ਇਕੱਠੇ ਹੋਣ ’ਤੇ ਪਾਬੰਦੀਆਂ ਲਗਾ ਦਿੱਤੀਆਂ ਸਨ। ਇੰਟਰਨੈੱਟ ਸੇਵਾਵਾਂ ਬੰਦ ਹਨ। ਗਿਲਾਨੀ ਦੀ ਰਿਹਾਇਸ਼ ਵੱਲ ਜਾਂਦੀਆਂ ਸਭ ਸੜਕਾਂ ਸੀਲ ਹਨ। ਉਸ ਨੇ ਤਮੰਨਾ ਜ਼ਾਹਿਰ ਕੀਤੀ ਸੀ ਕਿ ਈਦਗਾਹ ਕਬਰਸਤਾਨ ਜਿੱਥੇ ਅੱਤਵਾਦੀਆਂ ਹੱਥੋਂ ਮਾਰੇ ਗਏ ਅਬਦੁਲ ਗਨੀ ਲੋਨ ਤੇ ਮੀਰਵਾਇਜ਼ ਮੁਹੰਮਦ ਫਾਰੂਕ ਨੂੰ ਦਫਨਾਇਆ ਗਿਆ ਸੀ, ਮੈਨੂੰ ਉੱਥੇ ਸਪੁਰਦ-ਏ- ਖਾਕ ਕੀਤਾ ਜਾਵੇ ਪਰ ਉਸ ਦੀ ਇੱਛਾ ਦੇ ਉਲਟ ਗਿਲਾਨੀ ਨੂੰ ਪ੍ਰਸ਼ਾਸਨ ਦੇ ਦਬਾਅ ਕਾਰਨ ਅੱਧੀ ਰਾਤ ਨੂੰ ਹੈਦਰ ਪੋਰਾ ਵਿਖੇ ਦਫਨਾ ਦਿੱਤਾ ਗਿਆ। ਜਮਾਤ-ਏ-ਇਸਲਾਮੀ ਤੋਂ ਬਾਅਦ ਹੁਰੀਅਤ ਕਾਨਫਰੰਸ ਦੇ ਦੋਵਾਂ ਧੜਿਆਂ ਉੱਤੇ ਵੀ ਪਾਬੰਦੀਆਂ ਲਾਉਣ ਦੀ ਤਿਆਰੀ ਹੈ। ਦਹਿਸ਼ਤੀ ਨੈੱਟਵਰਕ ਲਈ ਕੰਮ ਕਰਨ ਵਾਲੇ 6 ਸਰਕਾਰੀ ਮੁਲਾਜ਼ਮਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ’ਤੇ ਮਹਿਬੂਬਾ ਦੀ ਪ੍ਰਤੀਕਿਰਿਆ ਸੀ, ‘ਕਸ਼ਮੀਰ ਦੇ ਲੋਕਾਂ ਨੂੰ ਤਾਕਤਹੀਣ ਅਤੇ ਬੇਇੱਜ਼ਤ ਕੀਤਾ ਜਾ ਰਿਹਾ ਹੈ।’ ਬਰਤਾਨਵੀ ਸੰਸਦ ਵਿਚ ਆਲ ਪਾਰਲੀਮਾਨੀ ਗਰੁੱਪ ਨੇ ਕਸ਼ਮੀਰ ਵਿਚ ਮਾਨਵ ਅਧਿਕਾਰਾਂ ਨੂੰ ਲੈ ਕੇ ਮਤਾ ਰੱਖਿਆ। ਯੂਕੇ ਸਰਕਾਰ ਨੇ ਕਸ਼ਮੀਰ ਮਸਲੇ ਨੂੰ ਦੋ ਮੁਲਕਾਂ ਦਾ ਵਿਵਾਦ ਦੱਸਿਆ ਸੀ।

ਮਹਿਬੂਬਾ ਨੇ ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉਸ ਨੂੰ ਵਧਾਈ ਸੰਦੇਸ਼ ਭੇਜਦਿਆਂ ਕਿਹਾ ਸੀ, ‘ਹੁਣ ਕਸ਼ਮੀਰ ਦੀ ਵਾਰੀ’। ਇਸਲਾਮ ਦੇ ਦੁਸ਼ਮਣਾਂ ਦੇ ਚੁੰਗਲ ’ਚੋਂ ਕਸ਼ਮੀਰ ਤੇ ਹੋਰ ਇਸਲਾਮੀ ਥਾਵਾਂ ਮੁਕਤ ਕਰਾਵਾਂਗੇ। ਜਦੋਂ ਕਸ਼ਮੀਰੀਆਂ ਨੂੰ ਵੱਧ ਸੰਵਿਧਾਨਕ ਅਧਿਕਾਰ ਦੇਣ ਵਾਲੀ ਧਾਰਾ 370 ਤੇ 35ਏ ਨੂੰ ਮਹੀਨਿਆਂ ਤਕ ਕਰਫਿਊ ਲਗਾ ਕੇ ਅਤੇ ਇੰਟਰਨੈੱਟ ਬੰਦ ਕਰ ਕੇ ਮਨਸੂਖ ਕਰ ਕੇ ਅਤੇ ਜੰਮੂ-ਕਸ਼ਮੀਰ ਤੇ ਲੱਦਾਖ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਤਬਦੀਲ ਕੀਤਾ ਗਿਆ ਸੀ ਤਾਂ ਭਾਜਪਾ ਨੇ ਦੇਸ਼ ਵਾਸੀਆਂ ਨੂੰ ਦੱਸਿਆ ਸੀ ਕਿ ਇਸ ਖਿੱਤੇ ਵਿਚ ਇਕ ਨਵਾਂ ਯੁੱਗ ਸ਼ੁਰੂ ਹੋਣ ਜਾ ਰਿਹਾ ਹੈ। ਉਸ ਵਕਤ ਅਮਨ-ਸ਼ਾਂਤੀ ਬਹਾਲ ਕਰਨ, ਵਿਕਾਸ ਦੀ ਰਫ਼ਤਾਰ ਤੇਜ਼ ਕਰਨ ਅਤੇ ਨਿੱਜੀ ਖੇਤਰ ਤੋਂ ਵੱਡੇ ਪੱਧਰ ’ਤੇ ਨਿਵੇਸ਼ ਕਰਵਾਏ ਜਾਣ ਦੇ ਵਾਅਦੇ ਕੀਤੇ ਗਏ ਸਨ। ਪਰਿਵਰਤਨ ਦੀ ਬਹਾਰ ਲਿਆਉਣ, ਰੁਜ਼ਗਾਰ ਦੇ ਮੌਕੇ ਪੈਦਾ ਕਰਨ ਆਦਿ ਖ਼ੂਬਸੂਰਤ ਪਰ ਅਧੂਰੇ ਸੁਪਨੇ ਵਿਖਾਏ ਸਨ ਪਰ ਅੱਜ ਦੋ ਸਾਲਾਂ ਬਾਅਦ ਵੀ ਕਸ਼ਮੀਰ ਅਸੁਰੱਖਿਅਤ ਹੈ। ਹਾਲਾਤ ਬਦ ਤੋਂ ਬਦਤਰ ਹਨ। ਘੱਟ ਗਿਣਤੀਆਂ ਦੀ ਹਿਜਰਤ ਅਤੇ ਹਿੰਸਾ ਦਾ ਨਵਾਂ ਦੌਰ ਬਾਦਸਤੂਰ ਜਾਰੀ ਹੈ।

-ਮੋਬਾਈਲ : 98140 82217

Posted By: Jatinder Singh