-ਡਾ. ਸਤਬੀਰ ਸਿੰਘ

ਪਹਿਲੇ ਵਿਸ਼ਵ ਯੁੱਧ ਤੋਂ ਬਾਅਦ 1919 ਵਿਚ ਅਮਰੀਕਾ ਪਹੁੰਚੇ ਬ੍ਰਿਟਿਸ਼ ਪਾਇਲਟ ਰੈਗੀਨਾਲਡ ਡੈਨੀ ਨੇ ਮਨੁੱਖ ਰਹਿਤ ਉੱਡਣ ਖਟੋਲਾ ਬਣਾਇਆ ਸੀ। ਇਹ ਰਿਮੋਟ ਕੰਟਰੋਲ ਨਾਲ ਚੱਲਦਾ ਸੀ। ਇਸ ਤੋਂ ਪਹਿਲਾਂ 1839 ਵਿਚ ਆਸਟ੍ਰੀਅਨ ਫ਼ੌਜਾਂ ਨੇ ਇਟਲੀ ਦੇ ਸੁੰਦਰ ਸ਼ਹਿਰ ਵੇਨਿਸ 'ਤੇ ਮਨੁੱਖ ਰਹਿਤ ਗੁਬਾਰਿਆਂ ਨਾਲ ਹਮਲਾ ਕੀਤਾ ਸੀ। ਸੰਨ 1946 'ਚ ਪਹਿਲੀ ਵਾਰ ਮਨੁੱਖ ਰਹਿਤ ਉੱਡਣ ਖਟੋਲੇ ਲਈ ਡਰੋਨ ਸ਼ਬਦ ਦਾ ਇਸਤੇਮਾਲ ਕੀਤਾ ਗਿਆ। ਡਰੋਨ ਤਕਨਾਲੋਜੀ ਦਾ ਅਸਲ ਵਿਚ ਪਿਤਾਮਾ ਅਬਰਾਹਮ ਕ੍ਰੀਮ (ਜਹਾਜ਼ ਇੰਜੀਨੀਅਰ) ਸੀ ਜੋ ਬਗਦਾਦ ਵਿਚ ਪੈਦਾ ਹੋਇਆ ਅਤੇ ਬਾਅਦ ਵਿਚ ਆਪਣੇ ਮਾਤਾ-ਪਿਤਾ ਨਾਲ 1951 ਵਿਚ ਇਜ਼ਰਾਈਲ ਵਿਚ ਜਾ ਵੱਸਿਆ। ਉਸ ਨੇ 14 ਸਾਲਾਂ ਦੀ ਉਮਰ ਵਿਚ ਹੀ ਪਹਿਲਾ ਡਰੋਨ ਬਣਾ ਲਿਆ ਸੀ। ਸੰਨ 1970 ਵਿਚ ਉਸ ਨੇ ਅਮਰੀਕੀ ਨਾਗਰਿਕਤਾ ਲੈ ਕੇ ਆਪਣੇ ਨਵੀਨਤਮ ਡਰੋਨ ਕਾਰਜਾਂ ਨੂੰ ਅੱਗੇ ਵਧਾਇਆ।

ਮਨ ਵਿਚ ਸਵਾਲ ਇਹ ਉੱਠਦਾ ਹੈ ਕਿ ਇਹ ਡਰੋਨ ਤਕਨਾਲੋਜੀ ਕੀ ਸ਼ੈਅ ਹੈ। ਦੱਸਣਾ ਬਣਦਾ ਹੈ ਕਿ ਮਨੁੱਖ ਰਹਿਤ ਉੱਡਣ ਖਟੋਲੇ ਜਾਂ ਵਹੀਕਲ ਲਈ ਡਰੋਨ ਸ਼ਬਦ ਜ਼ਿਆਦਾ ਢੁੱਕਵਾਂ ਹੈ। ਮਾਨਵ ਰਹਿਤ ਮਸ਼ੀਨ ਦੇ ਦੋ ਹਿੱਸੇ ਹੁੰਦੇ ਹਨ: (1) ਡਰੋਨ (2) ਕੰਟਰੋਲ ਸਿਸਟਮ ਪ੍ਰਣਾਲੀ। ਦਰਅਸਲ, ਡਰੋਨ ਇਕ ਮਾਨਵ ਰਹਿਤ ਰੋਬੋਟਿਕ ਮਸ਼ੀਨ ਹੈ ਜਿਸ ਦੀ ਤਕਨਾਲੋਜੀ ਅਤੇ ਬਣਤਰ ਆਧੁਨਿਕ ਇਲੈਕਟ੍ਰਾਨਿਕ ਵਿਧੀਆਂ 'ਤੇ ਆਧਾਰਤ ਹੈ। ਡਰੋਨ ਦੀ ਬਣਤਰ ਇਸ ਵਿਚ ਲੱਗੇ ਯੰਤਰਾਂ, ਚਿੱਪਾਂ ਅਤੇ ਕੰਪਿਊਟਰੀਕ੍ਰਿਤ ਸਾਫਟਵੇਅਰ ਪ੍ਰੋਗਰਾਮਾਂ 'ਤੇ ਹੀ ਨਿਰਭਰ ਕਰਦੀ ਹੈ। ਇਸ ਤਕਨਾਲੋਜੀ 'ਤੇ ਲੱਖਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਅਤੇ ਨਵੇਂ-ਨਵੇਂ ਡਰੋਨ ਬਣ ਕੇ ਮਾਰਕੀਟ ਵਿਚ ਉਪਲਬਧ ਹੋ ਰਹੇ ਹਨ। ਡਰੋਨ ਦੀ ਤਕਨਾਲੋਜੀ ਹੀ ਐਸੀ ਹੈ ਕਿ ਇਹ ਕਾਫੀ ਉੱਚਾਈ 'ਤੇ ਉੱਡ ਕੇ ਕੁਝ ਵੀ ਰਿਕਾਰਡ ਕਰ ਸਕਦਾ ਹੈ। ਇਸ ਵਿਚ ਮਨੁੱਖ ਰਹਿਤ ਉਡਾਰੂ ਮਸ਼ੀਨ, ਗਿੰਬਲ (ਵੱਖ-ਵੱਖ ਕੋਣਾਂ ਤੋਂ ਫੋਟੋਆਂ ਲੈਣ ਵਾਲਾ ਯੰਤਰ) ਅਤੇ ਆਧੁਨਿਕ ਸੈਂਸਰਾਂ ਨਾਲ ਲੈਸ ਕੈਮਰੇ ਆਦਿ ਸਾਰਾ ਕੁਝ ਇਕੱਠਾ ਹੀ ਫਿੱਟ ਹੁੰਦਾ ਹੈ। ਡਰੋਨ ਤਕਨਾਲੋਜੀ ਦਾ ਤੇਜ਼-ਤਰਾਰ ਪ੍ਰਭਾਵੀ ਚਿਹਰਾ ਵੱਖ-ਵੱਖ ਕਿਸਮ ਦੀਆਂ ਖ਼ੋਜਾਂ 'ਤੇ ਆਧਾਰਤ ਹੁੰਦਾ ਹੈ ਜਿਵੇਂ ਕਿ ਇਨਫਰਾਰੈੱਡ ਕੈਮਰੇ, ਜੀਪੀਐੱਸ (ਗਲੋਬਲ ਉਪਗ੍ਰਹਿ ਪ੍ਰਣਾਲੀ) ਅਤੇ ਲੇਜ਼ਰ ਤਕਨੀਕਾਂ। ਅਜਿਹੇ ਡਰੋਨ ਘਰੇਲੂ, ਵਪਾਰਕ ਅਤੇ ਮਿਲਟਰੀ ਪੱਧਰ ਦੇ ਕੰਮਾਂ ਲਈ ਵਰਤੋਂ ਵਿਚ ਲਿਆਏ ਜਾ ਸਕਦੇ ਹਨ।

ਡਰੋਨ ਦੀ ਬਣਤਰ ਦੀ ਗੱਲ ਕਰੀਏ ਤਾਂ ਇਸ ਨੂੰ ਤਿਆਰ ਕਰਨ ਵਾਲਾ ਪਦਾਰਥ ਉੱਚਤਮ ਇੰਜੀਅਨਰਿੰਗ ਦਾ ਨਮੂਨਾ ਹੁੰਦਾ ਹੈ। ਗੁੰਝਲਦਾਰ ਮਿਸ਼ਰਤ ਪਦਾਰਥਾਂ ਦੇ ਸੁਮੇਲ ਤੋਂ ਹੀ ਇਹ ਤਿਆਰ ਹੁੰਦਾ ਹੈ। ਡਰੋਨ ਨੂੰ ਬਣਾਉਣ ਲਈ ਬਹੁਤ ਹੀ ਹਲਕੇ ਕਿਸਮ ਦੇ ਪਦਾਰਥਾਂ ਜਿਵੇਂ ਪਲਾਸਟਿਕ, ਫਾਈਬਰਗਲਾਸ, ਐਲੂਮੀਨੀਅਮ ਤੇ ਨੈਨੋਕਾਰਬਨ-ਫਾਈਬਰ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਕਿ ਇਸ ਦਾ ਭਾਰ ਘੱਟ ਰਹੇ ਅਤੇ ਇਹ ਜ਼ਿਆਦਾ ਉਚਾਈ ਤਕ ਉਡਾਣ ਭਰ ਸਕੇ। ਹਵਾ ਦੇ ਵੇਗ ਵਿਚ ਵੀ ਇਸ ਦੀ ਕੰਮ ਕਰਨ ਦੀ ਤਾਕਤ ਜ਼ਿਆਦਾ ਹੋ ਸਕੇ। ਅਜਿਹੇ ਪਦਾਰਥਾਂ ਦਾ ਭਾਰ ਬਹੁਤ ਹੀ ਘੱਟ ਹੁੰਦਾ ਹੈ ਅਤੇ ਇਹ ਹਵਾ 'ਚ ਮੌਜੂਦ ਕੰਪਨ ਤਰੰਗਾਂ ਨੂੰ ਸੋਖ ਲੈਂਦੇ ਹਨ। ਅਜਿਹੀ ਬਣਤਰ ਕਾਰਨ ਹੀ ਮਿਲਟਰੀ ਦੇ ਡਰੋਨ ਬਹੁਤ ਜ਼ਿਆਦਾ ਉੱਚਾਈ ਤਕ Àਡਾਣ ਭਰ ਸਕਦੇ ਹਨ। ਡਰੋਨ ਨੂੰ ਰਿਮੋਟ ਕੰਟਰੋਲ ਰਾਹੀਂ ਧਰਤੀ ਤੋਂ ਹੀ ਕੰਟਰੋਲ ਕੀਤਾ ਜਾ ਸਕਦਾ ਹੈ। ਡਰੋਨ ਦੀ ਚੁੰਝ ਵਿਚ ਸੈਂਸਰ, ਕੈਮਰੇ ਅਤੇ ਦਿਸ਼ਾਪੱਥ ਪ੍ਰਣਾਲੀ ਯੰਤਰ ਲੱਗੇ ਹੁੰਦੇ ਹਨ। ਡਰੋਨ ਦੀਆਂ ਕਿਸਮਾਂ ਅਤੇ ਕੰਮਾਂ ਦੀ ਗੱਲ ਕਰੀਏ ਤਾਂ ਇਹ ਅਲੱਗ-ਅਲੱਗ ਕਿਸਮਾਂ ਅਤੇ ਆਕਾਰਾਂ ਵਿਚ ਉਪਲਬਧ ਹੁੰਦੇ ਹਨ। ਬਹੁਤ ਹੀ ਉੱਨਤ ਕਿਸਮ ਦੇ ਡਰੋਨ ਜਿਵੇਂ ਕਿ ਡੀਜੇਆਈ ਮੈਵਿਕ 2, ਮੈਵਿਕ ਏਅਰ, ਫੈਨਟਾਮ 4 ਪ੍ਰੋ, ਇਨਸਪਾਇਰ 2 ਤੇ ਵਾਕੇਰਾ ਵਾਯਿਜ਼ਰ 5 ਮਾਰਕੀਟ ਵਿਚ ਆ ਰਹੇ ਹਨ। ਡੀਜੇਆਈ ਫੈਨਟਾਮ 3, ਪ੍ਰੀਡੇਟਰ ਨਾਮਕ ਡ੍ਰੋਨ ਮਿਲਟਰੀ ਦੇ ਕੰਮਾਂ 'ਚ ਵਰਤੇ ਜਾ ਰਹੇ ਹਨ। ਇਸ ਕਿਸਮ ਦੇ ਡਰੋਨਾਂ ਦੇ ਖੰਭ ਛੋਟੇ ਹੁੰਦੇ ਹਨ ਅਤੇ ਇਹ ਛੋਟੀ ਹਵਾਈ ਪੱਟੀ 'ਤੇ ਦੌੜ ਕੇ ਉੱਡ ਸਕਦਾ ਹੈ। ਭੂਮੀ ਦੇ ਵੱਡੇ ਹਿੱਸੇ (ਭੂਗੋਲਿਕ ਸਰਵੇਖਣ), ਜੰਗਲਾਂ, ਜੰਗਲੀ ਜਾਨਵਰਾਂ ਦੇ ਸ਼ਿਕਾਰੀਆਂ ਅਤੇ ਸਰਹੱਦਾਂ 'ਤੇ ਹੋਣ ਵਾਲੀ ਘੁਸਪੈਠ 'ਤੇ ਇਹ ਡਰੋਨ ਆਪਣੀ ਨਜ਼ਰ ਟਿਕਾਈ ਰੱਖਦੇ ਹਨ। ਡੀਜੇਆਈ ਮੈਵਿਕ ਏਅਰ ਤੇ ਸਪਾਰਕ ਨਾਮਕ ਡਰੋਨ ਵੀਟੋਲ ਤਕਨਾਲੋਜੀ (ਲੰਬਕਾਰੀ ਉਡਾਣ ਅਤੇ ਉਤਰਾਅ) 'ਤੇ ਆਧਾਰਤ ਹੁੰਦੇ ਹਨ ਜੋ ਫਟਾਫਟ ਹਵਾ ਵਿਚ ਉੱਡ ਅਤੇ ਉਤਰ ਸਕਦੇ ਹਨ। ਕੁਝ ਨੈਨੋ ਕਿਸਮ ਦੇ ਡਰੋਨ ਮਨੁੱਖ ਦੇ ਹੱਥ ਤੋਂ ਵੀ ਉਡਾਣ ਭਰ ਸਕਦੇ ਹਨ। ਅਤਿ-ਆਧੁਨਿਕ ਡਰੋਨਾਂ ਵਿਚ ਗਲੋਬਲ ਉਪਗ੍ਰਹਿ ਪ੍ਰਣਾਲੀ ਵੀ ਲੱਗੀ ਹੁੰਦੀ ਹੈ।

ਜੀਪੀਐੱਸ ਨੈਵੀਗੇਸ਼ਨ ਪ੍ਰਣਾਲੀ ਦੀ ਸਹਾਇਤਾ ਨਾਲ ਡਰੋਨ ਸਟੀਕ ਯੋਗਤਾ ਨਾਲ ਕੰਮ ਕਰਦਾ ਹੈ। ਕੁਆਡਕਾਪਟਰ ਨਾਮਕ ਚਾਰ ਪੱਖਿਆਂ ਵਾਲਾ ਡਰੋਨ ਉਪਗ੍ਰਹਿ ਦੀ ਮਦਦ ਨਾਲ ਹੀ ਚੱਲਦਾ ਹੈ। ਧਰਤੀ ਦੇ ਤਿੰਨ ਆਯਾਮੀ ਨਕਸ਼ੇ ਤਿਆਰ ਕਰਨ, ਲੈਂਡਸਕੇਪ ਅਧਿਐਨ, ਖੋਜ ਅਤੇ ਬਚਾਅ ਕਾਰਜਾਂ ਵਿਚ ਜੀਪੀਐੱਸ ਅਤੇ ਗਲੋਨਾਸ ਪ੍ਰਣਾਲੀ ਨਾਲ ਚੱਲਣ ਵਾਲੇ ਡਰੋਨ ਹੀ ਵਰਤੇ ਜਾ ਰਹੇ ਹਨ। ਰਾਡਾਰ ਤਕਨਾਲੋਜੀ ਦੀ ਮਦਦ ਨਾਲ ਰਿਮੋਟ ਕੰਟਰੋਲ ਪ੍ਰਣਾਲੀ ਰਾਹੀਂ ਡਰੋਨ ਤਕ ਸਿਗਨਲ ਭੇਜੇ ਜਾਂਦੇ ਹਨ ਜੋ ਕਿ ਇਸ ਦੀ ਮੌਜੂਦਾ ਸਥਿਤੀ ਅਤੇ ਸਥਾਨ ਦਾ ਵੀ ਪਤਾ ਲਗਾਉਂਦੇ ਹਨ। ਇਸ ਤੋਂ ਇਲਾਵਾ ਇਸ ਦੀ ਸੁਰੱਖਿਅਤ ਵਾਪਸੀ ਦਾ ਕੰਟਰੋਲ ਵੀ ਉਪਗ੍ਰਹਿ ਪ੍ਰਣਾਲੀ ਰਾਹੀਂ ਹੀ ਹੁੰਦਾ ਹੈ। ਡਰੋਨ ਦੀ ਮੈਵਿਕ ਏਅਰ ਕਿਸਮ ਵਿਚ ਤਾਂ ਅਜਿਹਾ ਸਾਫਟਵੇਅਰ ਫਿੱਟ ਹੈ ਜਿਸ ਦੀ ਸਵੈਚਾਲਿਤ ਕਮਾਂਡ ਨਾਲ ਮੁਸੀਬਤ ਦੀ ਹਾਲਤ (ਜਿਵੇਂ ਬੈਟਰੀ ਦੀ ਊਰਜਾ ਘੱਟ ਹੋਣ, ਕੰਟਰੋਲ ਸਟੇਸ਼ਨ ਨਾਲ ਸਿਗਨਲ ਟੁੱਟਣ ਵੇਲੇ) 'ਚ ਇਹ ਵਾਪਸ ਸੁਰੱਖਿਅਤ ਉਤਰ ਸਕਦਾ ਹੈ। ਦੁਸ਼ਮਣ ਦੀ ਸਟੀਕ ਪਕੜ ਅਤੇ ਹੋਰ ਕਿਸੇ ਡਰੋਨ ਨਾਲ ਟਕਰਾਉਣ ਤੋਂ ਬਚਾਉਣ ਲਈ ਅਲੱਗ-ਅਲੱਗ ਕਿਸਮਾਂ ਦੇ ਡਰੋਨਾਂ ਵਿਚ ਆਧੁਨਿਕ ਸੈਂਸਰ ਲਗਾਏ ਜਾ ਰਹੇ ਹਨ।

ਅਜਿਹੇ ਸੈਂਸਰਾਂ ਦੀ ਸਹਾਇਤਾ ਨਾਲ ਇਹ ਆਪਣੇ ਆਲੇ-ਦੁਆਲੇ ਦੇ ਇਲਾਕੇ ਦਾ ਤ੍ਰੈ-ਆਯਾਮੀ (3-ਡੀ) ਚਿੱਤਰ ਤਿਆਰ ਕਰਦਾ ਹੈ ਅਤੇ ਟੀਚੇ ਨੂੰ ਲੱਭ ਕੇ ਨਿਸ਼ਾਨਾ ਸੇਧਦਾ ਹੈ ਅਤੇ ਹੋਣ ਵਾਲੀ ਸੰਭਾਵੀ ਟੱਕਰ ਤੋਂ ਵੀ ਬਚਾਉਂਦਾ ਹੈ। ਮੈਵਿਕ 2 ਪ੍ਰੋ ਅਤੇ ਮੈਵਿਕ 2 ਜ਼ੂਮ ਡਰੋਨਾਂ 'ਚ ਛੇ ਪਾਸਿਆਂ ਤੋਂ ਵਸਤਾਂ (ਟਾਰਗੈਟ) ਨੂੰ ਲੱਭਣ ਲਈ ਸੈਂਸਰ ਅਤੇ ਕੈਮਰੇ ਲੱਗੇ ਹੁੰਦੇ ਹਨ। ਆਟੋਮੈਟਿਕ ਪਾਇਲਟ ਪ੍ਰਣਾਲੀ ਨਾਲ ਲੈਸ ਅਜਿਹਾ ਡਰੋਨ ਸਭ ਦਿਸ਼ਾਵਾਂ 'ਚ ਅੱਗੇ-ਪਿੱਛੇ ਉੱਡ ਸਕਦਾ ਹੈ। ਗਾਇਰੋਸਕੋਪ ਯੰਤਰ ਦੀ ਸੁਵਿਧਾ ਡਰੋਨ ਨੂੰ ਨਿਰਵਿਘਨ ਉਡਾਣ ਭਰਨ ਅਤੇ ਉਤਰਨ 'ਚ ਮਦਦ ਕਰਦੀ ਹੈ। ਇਹ ਯੰਤਰ ਡਰੋਨ ਦੇ ਕੇਂਦਰੀ ਉਡਾਣ ਕੰਟਰੋਲਰ ਨੂੰ ਜ਼ਰੂਰੀ ਨੈਵੀਗੇਸ਼ਨ ਨਾਲ ਸਬੰਧਤ ਸੂਚਨਾ ਪ੍ਰਦਾਨ ਕਰਦਾ ਹੈ। ਉਡਾਣ ਕੰਟਰੋਲਰ ਹੀ ਡਰੋਨ ਦਾ ਮੁੱਖ ਕੇਂਦਰੀ ਭਾਗ ਹੁੰਦਾ ਹੈ। ਇਸ ਤੋਂ ਇਲਾਵਾ ਗਾਇਰੋਸਕੋਪ ਡਰੋਨ ਦੇ ਵੇਗ ਨੂੰ ਵੀ ਕੰਟਰੋਲ ਕਰਦਾ ਹੈ। ਡਰੋਨ ਦੀ ਗਤੀ ਨੂੰ ਸਥਿਰ ਰੱਖਣ ਲਈ ਇਹ ਬਹੁਤ ਹੀ ਮਹੱਤਵਪੂਰਨ ਯੰਤਰ ਹੈ। ਇਸ ਦੀ ਉਡਾਣ ਮੋਟਰ ਅਤੇ ਪ੍ਰੋਪੈਲਰ ਦੀ ਕੁਸ਼ਲਤਾ 'ਤੇ ਹੀ ਨਿਰਭਰ ਕਰਦੀ ਹੈ। ਕੁਆਡਕਾਪਟਰ ਵਿਚ 4 ਮੋਟਰਾਂ/ਪ੍ਰੋਪੈਲਰ ਲੱਗੇ ਹੁੰਦੇ ਹਨ ਜੋ ਕਿ ਜੋੜਿਆਂ ਦੇ ਰੂਪ ਵਿਚ ਅੱਗੇ-ਪਿੱਛੇ ਜਾਂ ਉਲਟ ਦਿਸ਼ਾ ਵਿਚ ਕੰਮ ਕਰਦੇ ਹਨ। ਡਰੋਨ ਵਿਚ ਲੱਗੇ ਉਡਾਣ ਕੰਟਰੋਲਰ ਤੇ ਇਲੈਕਟ੍ਰਾਨਿਕ ਗਤੀ ਕੰਟਰੋਲਰ ਹੀ ਪ੍ਰੋਪੈਲਰ ਨੂੰ ਸਿਗਨਲ ਪ੍ਰਦਾਨ ਕਰਦੇ ਹਨ। ਅੱਜਕੱਲ੍ਹ ਦੇ ਡਰੋਨਾਂ ਦੇ ਸਾਫਟਵੇਅਰ ਵਿਚ 'ਨੋ ਫਲਾਈ ਜ਼ੋਨ' ਨਾਮਕ ਵਿਸ਼ੇਸ਼ਤਾ ਵੀ ਪ੍ਰਦਾਨ ਕੀਤੀ ਗਈ ਹੈ ਜਿਸ ਸਦਕਾ ਉਹ ਹਾਦਸੇ ਤੋਂ ਬਚ ਸਕਦੇ ਹਨ। ਇਸ ਵਿਚ ਲੱਗੇ ਐੱਫਪੀਵੀ ਤਕਨੀਕ ਵਾਲੇ ਕੈਮਰੇ ਦੀ ਮਦਦ ਨਾਲ ਵੀਡੀਓ ਦਾ ਲਾਈਵ ਟੈਲੀਕਾਸਟ ਵੀ ਮੁੱਖ ਕੰਟਰੋਲ ਸਟੇਸ਼ਨ ਤਕ ਭੇਜਿਆ ਜਾ ਸਕਦਾ ਹੈ।

ਐੱਫਪੀਵੀ ਤਕਨੀਕ ਕਾਰਨ ਹੀ ਡਰੋਨ ਜੰਗਲਾਂ, ਨਦੀਆਂ ਅਤੇ ਉੱਚੀਆਂ ਇਮਾਰਤਾਂ ਤੇ ਸਹੀ ਸਲਾਮਤ ਉੱਡ ਸਕਦਾ ਹੈ। ਇਸ ਤਕਨੀਕ ਤੋਂ ਬਿਨਾਂ ਡਰੋਨ ਕਿਸੇ ਕੰਮ ਦਾ ਨਹੀਂ। ਡਰੋਨ ਦੀ ਸੰਚਾਰ ਪ੍ਰਣਾਲੀ ਸਿਸਟਮ ਵਿਚ ਬੇਤਾਰ (ਵਾਇਰਲੈੱਸ) ਟ੍ਰਾਂਸਮੀਟਰ ਅਤੇ ਐਂਟੀਨਾ ਲੱਗੇ ਹੁੰਦੇ ਹਨ ਜੋ ਕਿ ਧਰਤੀ 'ਤੇ ਸਥਿਤ ਕੰਟਰੋਲ ਸਟੇਸ਼ਨ ਤਕ ਆਪਣੇ ਸਿਗਨਲ ਭੇਜਦੇ ਰਹਿੰਦੇ ਹਨ। ਨਵੀਨਤਮ ਸੰਚਾਰ ਤਕਨੀਕਾਂ (ਵਾਇਰਲੈੱਸ ਸਿਸਟਮ) ਅਤੇ ਸੂਝਵਾਨ ਸਾਫਟਵੇਅਰ ਪ੍ਰੋਗਰਾਮਾਂ ਨਾਲ ਲੈਸ ਟ੍ਰਾਂਸਮੀਟਰ ਤੇ ਕੰਟਰੋਲ ਸਟੇਸ਼ਨ ਸੰਚਾਰ ਸਿਗਨਲ ਬਿਨਾਂ ਕਿਸੇ ਦੇਰੀ ਦੇ ਵੱਧ ਤੋਂ ਵੱਧ ਦੂਰੀ ਤਕ ਕੁਸ਼ਲ ਤਰੀਕੇ ਨਾਲ ਭੇਜ ਸਕਦੇ ਹਨ। ਬਿਲਕੁੱਲ ਨਵੀਂ ਕਿਸਮ ਦੇ ਮੈਵਿਕ 2 ਡਰੋਨ ਦੇ ਕੈਮਰੇ ਚਿੱਤਰਾਂ ਤੇ ਐੱਚਡੀ ਵੀਡੀਓ ਦਾ ਲਾਈਵ ਪ੍ਰਸਾਰਨ 8 ਕਿਲੋਮੀਟਰ ਦੀ ਦੂਰੀ ਤਕ ਭੇਜ ਸਕਦੇ ਹਨ। ਪੁਰਾਣੀ ਕਿਸਮ ਦੇ ਡਰੋਨਾਂ ਦੀ ਸੰਚਾਰ ਪ੍ਰਣਾਲੀ ਸਿਰਫ਼ 3-4 ਕਿਲੋਮੀਟਰ ਤਕ ਹੀ ਅਜਿਹੇ ਸਿਗਨਲ ਭੇਜਣ ਵਿਚ ਕੁਸ਼ਲ ਸੀ। ਸਕਾਈ ਡਰੋਨ ਐੱਫਪੀਵੀ 2 ਕਿਸਮ ਵਿਚ 4-5 ਘੰਟੇ ਇੰਟਰਨੈੱਟ ਦੀ ਸਹੂਲਤ ਪ੍ਰਦਾਨ ਕਰਨ ਲਈ ਐਲਟੀਈ ਸਟੈਂਡਰਡ ਵਾਲਾ ਇਲੈਕਟ੍ਰਾਨਿਕ ਮੌਡਮ ਫਿੱਟ ਹੁੰਦਾ ਹੈ। ਡਰੋਨ ਦੀ ਉਡਾਣ ਕੰਟਰੋਲ ਪ੍ਰਣਾਲੀ ਕੰਪਿਊਟਰ ਜਾਂ ਸੂਖਮ-ਤਕਨੀਕਾਂ ਨਾਲ ਤਿਆਰ ਯੂਨੀਵਰਸਲ ਸੀਰੀਅਲ ਡਾਟਾ ਕੇਬਲਾਂ ਨਾਲ ਜੁੜੀ ਹੁੰਦੀ ਹੈ ਜਿਸ ਰਾਹੀਂ ਲਗਾਤਾਰ ਡਰੋਨ ਦਾ ਫਰਮਵੇਅਰ ਸਾਫਟਵੇਅਰ ਅਪਡੇਟ ਕੀਤਾ ਜਾ ਸਕਦਾ ਹੈ। ਇਹੀ ਸਾਫਟਵੇਅਰ ਕਮਾਂਡ ਸੰਦੇਸ਼ਾਂ ਨੂੰ ਜਹਾਜ਼ ਜਾਂ ਰਿਮੋਟ ਕੰਟਰੋਲਰ ਤਕ ਭੇਜਦਾ ਹੈ। ਆਮ ਤੌਰ ਤੇ ਡਰੋਨ ਦੇ ਸਾਹਮਣੇ ਅਤੇ ਪਿਛਲੇ ਹਿੱਸੇ 'ਤੇ ਹਰੇ, ਪੀਲੇ ਤੇ ਲਾਲ ਰੰਗ ਦੇ ਪ੍ਰਕਾਸ਼ ਨਿਕਾਸੀ ਸਰੋਤਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਹ ਅਲੱਗ-ਅਲੱਗ ਰੰਗਾਂ ਵਾਲੇ ਪ੍ਰਕਾਸ਼ੀ ਸਰੋਤ ਡਰੋਨ ਦੀਆਂ ਵੱਖ-ਵੱਖ ਸਥਿਤੀਆਂ (ਪਾਵਰ ਚਾਲੂ, ਸਾਫਟਵੇਅਰ ਅਪਡੇਟ ਤੇ ਉਡਾਣ) ਨੂੰ ਦਰਸਾਉਂਦੇ ਹਨ। ਫੈਨਟਾਮ 3 ਨਾਮਕ ਡਰੋਨ 5.8 ਗੀਗਾਹਰਟਜ਼ ਵਾਲੇ ਫ੍ਰੀਕੁਐਂਸੀ ਬੈਂਡ ਵਿਚ ਕੰਮ ਕਰਦਾ ਹੈ। ਮੋਬਾਈਲ ਫੋਨ ਜਾਂ ਟੇਬਲੈਟ ਐਪ (ਗੂਗਲ ਤੇ ਐਪਲ ਸਟੋਰ) ਰਾਹੀਂ ਵੀ ਡਰੋਨ ਨੂੰ 2.4 ਹਰਜ਼ਬੈਂਡ 'ਤੇ ਜੋੜਿਆ ਜਾ ਸਕਦਾ ਹੈ। ਇਹ ਸੰਚਾਰ ਪ੍ਰਬੰਧ 700 ਮੀਟਰ ਦੀ ਦੂਰੀ ਤੱਕ ਹੋ ਸਕਦਾ ਹੈ।

-(ਲੇਖਕ ਜੀਐੱਨਡੀਯੂ 'ਚ ਸੀਨੀਅਰ ਸਹਾਇਕ ਪ੍ਰੋਫੈਸਰ ਹੈ)।

-ਮੋਬਾਈਲ ਨੰ. : 98880-29401

Posted By: Rajnish Kaur