-ਪਰਮਬੀਰ ਕੌਰ

ਇਹ ਜ਼ਿੰਦਗੀ ਵੀ ਕਿਵੇਂ ਦੀ ਸ਼ੈਅ ਹੈ ਨਾ! ਕਦੇ ਕੋਈ ਰੰਗ-ਢੰਗ ਅਤੇ ਕਦੇ ਕੋਈ। ਬੰਦੇ ਨੂੰ ਅਚੰਭੇ ਵਿਚ ਪਾਈ ਰੱਖਦੀ ਹੈ। ਉਹ ਕੁਝ ਕਰਨ ਨੂੰ ਮਜਬੂਰ ਕਰ ਦੇਂਦੀ ਹੈ ਜੋ ਕਦੇ ਕਿਸੇ ਦੇ ਚਿੱਤ-ਚੇਤੇ ਵਿਚ ਵੀ ਨਹੀਂ ਹੁੰਦਾ; ਬੰਦੇ ਨੇ ਕੁਝ ਕਰਨ ਦੀ ਸੋਚੀ ਹੁੰਦੀ ਏ ਤੇ ਜ਼ਿੰਦਗੀ ਹੋਰ ਹੀ ਅਨਜਾਣੇ ਰਾਹਾਂ ’ਤੇ ਲੈ ਤੁਰਦੀ ਹੈ। ਭਾਵ ਇਹੀ ਹੈ ਕਿ ਬਹੁਤ ਸੋਚ-ਸਮਝ ਕੇ ਯੋਜਨਾਵਾਂ ਬਣਾਉਣ ਦੇ ਬਾਵਜੂਦ ਬੜਾ ਕੁਝ ਉਹ ਵਾਪਰ ਜਾਂਦਾ ਹੈ ਜਿਸ ਦੀ ਬੰਦੇ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ।

ਭਾਵੇਂ ਕੋਈ ਵਿਓਂਤਕਾਰ ਜਾਂ ਸੂਝਵਾਨ ਹੋਣ ਦੇ ਕਿੰਨੇ ਦਾਅਵੇ ਕਰ ਲਵੇ ਪਰ ਅਣਕਿਆਸੇ ਹਾਲਾਤ ਪਰਗਟ ਹੋਣ ’ਤੇ ਉਸ ਨੂੰ ਵੀ ਹਾਰ ਮੰਨਣੀ ਪੈ ਜਾਂਦੀ ਹੈ। ਜ਼ਾਹਿਰ ਹੈ ਕਿ ਇਨਸਾਨ ਦੀ ਇਕ ਹੱਦ ਤੋਂ ਅੱਗੇ ਬਿਲਕੁਲ ਨਹੀਂ ਚੱਲਦੀ। ਬਸ ਫਿਰ ਮਨ ਵਿੱਚੋਂ ਇੱਕੋ ਆਵਾਜ਼ ਨਿਕਲਦੀ ਹੈ, “ਐ ਜ਼ਿੰਦਗੀ, ਤੇਰਾ ਹੁਕਮ ਸਿਰ ਮੱਥੇ ’ਤੇ; ਤੇਰੀ ਅਸੀਮ ਸਮਰੱਥਾ ਨੂੰ ਸਲਾਮ!”

ਮੈਂ ਆਪਣਾ ਇਕ ਨਿੱਜੀ ਤਜਰਬਾ ਸਾਂਝਾ ਕਰਦੀ ਹਾਂ। ਜਦੋਂ ਸਾਢੇ ਕੁ ਤਿੰਨ ਦਹਾਕੇ ਪਹਿਲਾਂ ਅਸੀਂ ਆਪਣਾ ਘਰ ਬਣਾਇਆ ਸੀ ਤਾਂ ਖ਼ਾਬੋ-ਖ਼ਿਆਲ ਨਹੀਂ ਸੀ ਕਿ ਕਦੇ ਅਸੀਂ ਇਸ ਨੂੰ ਛੱਡ ਕੇ ਕਿਸੇ ਹੋਰ ਥਾਂ ਜਾਣ ਬਾਰੇ ਸੋਚ ਵੀ ਸਕਦੇ ਹਾਂ।

ਪਰ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਕਿ ਮਨ ਸਹਿਜੇ ਹੀ ਇਕ ਨਵੀਂ ਥਾਂ ’ਤੇ ਜਾ ਕੇ ਰਹਿਣ ਨੂੰ ਤਰਜੀਹ ਦੇਣ ਲੱਗ ਪਿਆ। ਸਗੋਂ ਉਡੀਕਣ ਲੱਗ ਪਿਆ ਕਿ ਕਦੋਂ ਉਹ ਵੇਲਾ ਆਵੇ! ਆਪਣੇ-ਆਪ ’ਤੇ ਹੈਰਾਨੀ ਵੀ ਬਹੁਤ ਹੋਈ ਕਿ ਅਚਾਨਕ ਇੰਨਾ ਵੱਡਾ ਫ਼ੈਸਲਾ ਕਿਵੇਂ ਹੋ ਗਿਆ! ਕਿੰਨਾ ਲਗਾਅ ਸੀ ਆਪਣੇ ਘਰ ਨਾਲ। ਆਪਣੀ ਬਗੀਚੀ ਵਿਚਲੇ ਸਾਰੇ ਫੁੱਲ-ਬੂਟਿਆਂ, ਪੌਦੇ-ਝਾੜੀਆਂ ਤੇ ਫੁੱਲ-ਵੇਲਾਂ ਨਾਲ!

ਕਾਫ਼ੀ ਪੌਦੇ ਜਿਹੜੇ ਗਮਲਿਆਂ ਵਿਚ ਲੱਗੇ ਹੋਏ ਸਨ, ਉਹ ਤਾਂ ਸੌਖਿਆਂ ਹੀ ਨਵੇਂ ਘਰ ਵਿਚ ਨਾਲ ਹੀ ਆ ਗਏ। ਜਿਵੇਂ ਪੀਲੇ ਗੁਲਾਬ ਦੀ ਝਾੜੀ, ਬੋਤਲ-ਬੁਰਸ਼ ਦੀ ਨਿੱਕੀ ਝਾੜੀ, ਖ਼ੂਬਸੂਰਤ ਫੁੱਲਾਂ ਨਾਲ ਲੱਦੇ ਗੇਂਦੇ, ਗੁਲਦਾਊਦੀ, ਫਲੌਕਸ ਦੇ ਪੌਦੇ ਅਤੇ ਹੋਰ ਵੀ ਕਈ। ਫਿਰ ਸਾਰੇ ਫੁੱਲਾਂ ਨੇ ਇਕੱਠਿਆਂ ਖਿੜ ਕੇ ਨਵੇਂ ਘਰ ਨੂੰ ਮਹਿਕਾਂ ਨਾਲ ਭਰ ਕੇ ਰਹਿਣ-ਯੋਗ ਬਣਾ ਦਿੱਤਾ। ਇਨ੍ਹਾਂ ਸਭਨਾਂ ਦੀ ਬਦੌਲਤ ਨਵੇਂ ਘਰ ਵਿਚ ਓਪਰਾਪਨ ਵੀ ਮਹਿਸੂਸ ਨਹੀਂ ਹੋਇਆ।

ਖ਼ਬਰੇ ਇਨ੍ਹਾਂ ਹਰੇ-ਭਰੇ ਮਿੱਤਰਾਂ ਨੂੰ ਆਪਣੀ ਅਸਲੀ ਕੀਮਤ ਪਤਾ ਹੁੰਦੀ ਵੀ ਏ ਕਿ ਨਹੀਂ! ਅਤੇ ਜਿਸ ਕਦਰ ਤੇ ਜਿਸ ਪੱਧਰ ਤਕ ਮੇਰਾ ਇਨ੍ਹਾਂ ਨਾਲ ਮੋਹ ਰਿਹਾ ਹੈ, ਇਨ੍ਹਾਂ ਤੋਂ ਬਗ਼ੈਰ ਤਾਂ ਹਾਲਾਤ ਸੱਚਮੁੱਚ ਬੜੇ ਅਣਸੁਖਾਵੇਂ ਮਹਿਸੂਸ ਹੋਣੇ ਸਨ ਪਰ ਜਿਹੜੇ ਪੌਦੇ-ਝਾੜੀਆਂ ਜ਼ਮੀਨ ਵਿਚ ਲੱਗੇ ਹੋਏ ਸਨ, ਉਹ ਤਾਂ ਉੱਥੇ ਹੀ ਛੱਡਣ ਦੀ ਮਜਬੂਰੀ ਸੀ।

ਕਿੰਨੀ ਗੂੜ੍ਹੀ ਦੋਸਤੀ ਸੀ ਮੇਰੀ ਤਿੰਨ ਦਹਾਕੇ ਪੁਰਾਣੀ, ਨਿੱਕੇ ਰੁੱਖ ਜਿਹੀ ਹਿਬਿਸਕਸ ਦੀ ਝਾੜੀ ਨਾਲ ਅਤੇ ਉੱਥੇ ਰੋਜ਼ ਫੇਰੀ ਲਾਉਂਦੇ ਵੰਨ-ਸੁਵੰਨੇ ਪਰਿੰਦਿਆਂ, ਤਿਤਲੀਆਂ ਅਤੇ ਭੌਰਿਆਂ ਨਾਲ ਵੀ। ਇਸ ਹਿਬਿਸਕਸ ਦੀ ਝਾੜੀ ਹੇਠਾਂ, ਕੁਰਸੀ ’ਤੇ ਬਹਿ ਕੇ ਪਤਾ ਨਹੀਂ ਮੈਂ ਕਿੰਨੀਆਂ ਰਚਨਾਵਾਂ ਕਲਮਬੰਦ ਕੀਤੀਆਂ ਨੇ। ਕਈ ਬਾਲ ਕਹਾਣੀਆਂ ਸਿਰਜੀਆਂ ਤੇ ਕਈ ਨਿਵੇਕਲੇ ਵਿਸ਼ੇ ਇਸੇ ਨੇ ਮੈਨੂੰ ਸੁਝਾਏ।

ਇਹ ਝਾੜੀ ਤਾਂ ਮੇਰੇ ਅੰਤਰਮਨ ਵਿਚ ਨਿਰੰਤਰ ਚਲਦੇ ਵਿਚਾਰ-ਵੇਗ ਤੋਂ ਇੰਨੀ ਵਾਕਿਫ਼ ਸੀ, ਜਿੰਨੀ ਸ਼ਾਇਦ ਮੈਂ ਖ਼ੁਦ ਵੀ ਨਾ ਹੋਵਾਂ। ਮੈਨੂੰ ਅਕਸਰ ਇੰਜ ਜਾਪਣਾ ਜਿਵੇਂ ਇਹ ਮੇਰੇ ਨਾਲ ਗੱਲਾਂ ਕਰਦੀ ਹੋਵੇ। ਜਿੰਨਾ ਸ਼ੁਕਰਾਨਾ ਇਸ ਦਾ ਅਦਾ ਕਰਨਾ ਬਣਦਾ ਹੈ, ਮੈਂ ਸ਼ਾਇਦ ਕਦੇ ਕਰ ਵੀ ਨਾ ਸਕਾਂ! ਵੈਸੇ ਜਾਪਦਾ ਹੈ ਕਿ ਬਗੀਚੀ ਦੇ ਸਾਰੇ ਬਾਸ਼ਿੰਦੇ ਜ਼ਰੂਰ ਮੈਨੂੰ ਚੇਤੇ ਕਰਦੇ ਹੋਣਗੇ; ਉਨ੍ਹਾਂ ਦੀਆਂ ਆਪਸੀ ਅਤੇ ਪਰਿੰਦਿਆਂ ਨਾਲ ਬਾਤਾਂ ਵਿਚ ਮੇਰਾ ਜ਼ਿਕਰ ਵੀ ਛਿੜਦਾ ਹੋਵੇਗਾ, ਜਿਵੇਂ ਉਹ ਸਾਰੇ ਮੇਰੀਆਂ ਗੱਲਾਂ ਤੇ ਖ਼ਿਆਲਾਂ ਉੱਤੇ ਹਾਵੀ ਰਹਿੰਦੇ ਨੇ। ਸ਼ਾਇਦ ਉਹ ਸਾਰੇ ਉਦਾਸ ਵੀ ਹੋਏ ਹੋਣ! ਮਨ ਕਹਿੰਦਾ ਏ ਕਿ ਕੋਈ ਪੰਛੀ ਇੱਥੇ ਆ ਕੇ ਮੈਨੂੰ ਉਨ੍ਹਾਂ ਦਾ ਸਨੇਹਾ ਜ਼ਰੂਰ ਦੇ ਕੇ ਜਾਵੇਗਾ।

ਵੈਸੇ ਇਹ ਜ਼ਰੂਰ ਹੈ ਕਿ ਮੈਂ ਆਪਣੇ ਵੱਲੋਂ ਨਵੇਂ ਘਰ ਵਿਚ ਆਉਣ ਤੋਂ ਪਹਿਲਾਂ, ਬਗੀਚੇ ਵਿਚਲੇ ਸਾਰੇ ਮਿੱਤਰਾਂ ਨਾਲ ਇਸ ਜੀਵਨ ਦੇ ਪਲ-ਪਲ ਤਬਦੀਲ ਹੋਣ ਬਾਰੇ ਕਈ ਵਿਚਾਰ ਸਾਂਝੇ ਕੀਤੇ ਸਨ ਅਤੇ ਉਨ੍ਹਾਂ ਨੂੰ ਆਪਣੇ ਉਸ ਘਰ ਨੂੰ ਛੱਡ ਕੇ ਜਾਣ ਬਾਰੇ ਅਗਾਊਂ ਦੱਸ ਦਿੱਤਾ ਸੀ ਤਾਂ ਜੋ ਅਚਾਨਕ ਇਹ ਖ਼ਬਰ ਉਨ੍ਹਾਂ ਨੂੰ ਬੁਰੀ ਨਾ ਲੱਗੇ। ਆਪਣੇ ਮਨ ਨੂੰ ਵੀ ਸਮਝਾ-ਬੁਝਾ ਕੇ ਪੱਕਾ ਕੀਤਾ ਕਿ ਆਖ਼ਰ ਤਬਦੀਲੀ ਤਾਂ ਕੁਦਰਤ ਦਾ ਨਿਯਮ ਵੀ ਹੈ। ਬਦਲਦੇ ਹਾਲਾਤ ਨਾਲ ਖ਼ੁਸ਼ੀ-ਖ਼ੁਸ਼ੀ ਅਤੇ ਖਿੜੇ ਮੱਥੇ ਸਮਝੌਤਾ ਕਰਨ ਦੀ ਵੀ ਤਾਂ ਆਪਣੀ ਹੀ ਅਹਿਮੀਅਤ ਹੁੰਦੀ ਏ ਨਾ।

ਮਨ ਨਾਲ ਗੁਫ਼ਤਗੂ ਦੌਰਾਨ ਇਸ ਨੂੰ ਇਹ ਵੀ ਚੇਤੇ ਕਰਵਾਇਆ ਕਿ ਬਚਪਨ ਤੋਂ ਲੈ ਕੇ ਹੁਣ ਤਕ ਕਿੰਨੀਆਂ ਹੀ ਥਾਵਾਂ ਤਬਦੀਲ ਕੀਤੀਆਂ ਨੇ; ਅਸਲ ਵਿਚ ਇਹ ਜੀਵਨ ਹੈ ਹੀ ਇਸੇ ਤਰ੍ਹਾਂ। ਨਵੇਂ ਘਰ ਬਾਰੇ ਤੇ ਉੱਥੋਂ ਦੇ ਆਲੇ-ਦੁਆਲੇ ਬਾਰੇ ਆਉਣ ਤੋਂ ਪਹਿਲਾਂ ਹੀ ਚੰਗਾ-ਚੰਗਾ ਸੋਚਣਾ ਸ਼ੁਰੂ ਕਰ ਦਿੱਤਾ ਅਤੇ ਹੌਲੇ-ਹੌਲੇ ਨਜ਼ਰੀਆ ਬਦਲਣ ਲੱਗ ਪਿਆ। ਤੇ ਫਿਰ ਸੱਚ ਜਾਣਨਾ ਉੱਥੇ ਪੁੱਜਣ ਤੋਂ ਪਹਿਲਾਂ ਹੀ ਜਿਵੇਂ ਨਵੇਂ ਘਰ ਵਿਚ ਦਿਲ ਲੱਗ ਵੀ ਗਿਆ ਹੋਵੇ।

ਨਵੇਂ ਘਰ ਵਿਚ ਜਾਣ ਤੋਂ ਦੋ-ਤਿੰਨ ਦਿਨ ਬਾਅਦ ਹੀ ਉੱਥੇ ਨੇੜੇ ਹੀ ਰਹਿੰਦੀਆਂ ਦੋ ਬੀਬੀਆਂ ਨਾਲ ਮੁਲਾਕਾਤ ਹੋਈ। ਇਕ ਭੈਣ ਜੀ ਤਾਂ ਬੜੇ ਉਚਾਟ ਜਿਹੇ ਜਾਪਦੇ ਸਨ, ਕਹਿਣ ਲੱਗੇ, “ਸਾਨੂੰ ਇੱਥੇ ਆਇਆਂ ਡੇਢ ਸਾਲ ਹੋ ਗਿਆ ਹੈ ਪਰ ਅਜੇ ਤਕ ਮੇਰਾ ਦਿਲ ਨਹੀਂ ਲੱਗਿਆ। ਮੇਰਾ ਮਨ ਕਰਦਾ ਏ ਕਿ ਮੈਂ ਪਹਿਲਾਂ ਵਾਲੀ ਥਾਂ ’ਤੇ ਵਾਪਸ ਹੀ ਚਲੀ ਜਾਵਾਂ!” ਜਿਹੜੇ ਦੂਜੇ ਭੈਣ ਜੀ ਨਾਲ ਮੇਲ ਹੋਇਆ, ਉਨ੍ਹਾਂ ਦਾ ਸਿੱਧਾ ਸਵਾਲ ਹੀ ਇਹ ਸੀ, “ਤੁਹਾਡਾ ਮਨ ਲੱਗ ਗਿਆ ਨਵੀਂ ਥਾਂ ’ਤੇ?”

“ਤੁਹਾਨੂੰ ਸੱਚ ਦੱਸਾਂ ਭੈਣ ਜੀ, ਮੈਂ ਤਾਂ ਇੱਥੇ ਦਿਲ ਲਗਾ ਕੇ ਹੀ ਆਈ ਸਾਂ ਤੇ ਫਿਰ ਰੁਝੇਵੇਂ ਹੀ ਇੰਨੇ ਨੇ ਕਿ ਮਨ ਨੂੰ ਉਦਾਸ ਹੋਣ ਦੀ ਵਿਹਲ ਹੀ ਕਿੱਥੇ?’’ ਮੇਰਾ ਉੱਤਰ ਸੁਣ ਕੇ ਭੈਣ ਜੀ ਹੱਸ ਪਏ ਤੇ ਆਖਣ ਲੱਗੇ, “ਇਹ ਵੀ ਠੀਕ ਏ ਜੀ!”

ਕੁਝ ਦਿਨ ਪਹਿਲਾਂ ਸਵੇਰ ਦੀ ਗੱਲ ਸੁਣੋ। ਗੇਟ ਦੀ ਘੰਟੀ ਵੱਜੀ। ਬਾਹਰ ਅਖ਼ਬਾਰ ਦੇਣ ਵਾਲਾ ਲੜਕਾ ਖੜ੍ਹਾ ਸੀ। ਪੁੱਛਦਾ, “ਆਂਟੀ, ਤੁਹਾਡਾ ਘਰ ਪੀਲੇ ਗੁਲਾਬ ਦੇ ਫੁੱਲਾਂ ਵਾਲਾ ਹੈ ਨਾ?” ਹੈਰਾਨ ਹੋ ਕੇ ਜਦੋਂ ਮੈਂ ਹਾਂ ਵਿਚ ਸਿਰ ਹਿਲਾਇਆ ਤਾਂ ਉਸ ਨੇ ਆਖਿਆ, “ਅੱਛਾ ਫਿਰ ਵੇਖੋ, ਸਾਹਮਣੇ ਬਾਹਰ ਬਾਲਕੋਨੀ ਵਿਚ ਤੁਹਾਡੇ ਅਖ਼ਬਾਰ ਪਏ ਨੇ ਨਾ?”

ਵੇਖਿਆ ਤਾਂ ਸੱਚਮੁੱਚ ਪਏ ਸਨ। ਲੜਕਾ ਬੋਲਿਆ, “ਬਸ ਕੱਲ੍ਹ ਤੋਂ ਮੈਂ ਇੰਜ ਹੀ ਦਿਆ ਕਰਾਂਗਾ, ਮੈਨੂੰ ਸੌਖਾ ਰਹੇਗਾ!” “ਬਿਲਕੁਲ ਠੀਕ ਹੈ ਬੇਟਾ,” ਉੱਤਰ ਸੁਣ ਕੇ ਲੜਕਾ ਤਾਂ ਚਲਾ ਗਿਆ ਪਰ ਮੇਰੇ ਮਨ ਨੂੰ ਇਕ ਲਾਜਵਾਬ ਜਿਹੀ ਖ਼ੁਸ਼ੀ ਨਾਲ ਲਬਰੇਜ਼ ਕਰ ਗਿਆ। ਪਰ ਕਿਵੇਂ? ਉਹ ਇਸ ਕਰਕੇ ਕਿ ਸਾਡੇ ਨਵੇਂ ਘਰ ਦੀ ਇਕ ਨਿਵੇਕਲੀ ਪਛਾਣ ਤਾਂ ਬਣ ਵੀ ਚੁੱਕੀ ਸੀ, ‘ਪੀਲੇ ਗੁਲਾਬ ਦੇ ਫੁੱਲਾਂ ਵਾਲਾ ਘਰ’।

-ਮੋਬਾਈਲ ਨੰ. : 98880-98379

Posted By: Jagjit Singh