-ਡਾ. ਸ਼ਿਆਮ ਸੁੰਦਰ ਦੀਪਤੀ

ਉੱਘੇ ਕ੍ਰਾਂਤੀਕਾਰੀ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਭਾਵੇਂ ਕੁਝ ਲੋਕ ਇਤਫ਼ਾਕ ਨਾ ਰੱਖਦੇ ਹੋਣ ਪਰ ਇਹ ਅੱਜ ਵੀ ਬਹੁਤ ਪ੍ਰਸੰਗਿਕ ਹੈ। ਮੈਂ ਕਈ ਵਾਰ ਤਨਹਾਈ 'ਚ ਭਗਤ ਸਿੰਘ ਨੂੰ ਅੰਗ-ਸੰਗ ਮੰਨ ਕੇ ਉਸ ਨਾਲ ਮਨ ਦੇ ਵਲਵਲੇ ਸਾਂਝੇ ਕਰਨ ਲੱਗਦਾ ਹਾਂ।

ਮੈਂ ਉਸ ਨੂੰ ਦੱਸਦਾ ਹਾਂ ਕਿ ਆਜ਼ਾਦੀ ਦੇ ਸੱਤਰ ਸਾਲ ਤੇ ਤੇਰੀ ਕੁਰਬਾਨੀ ਦੇ ਸਤਾਸੀ ਸਾਲ ਬਾਅਦ ਵੀ ਹਰ ਰੋਜ਼ ਕਿਸੇ ਨਾ ਕਿਸੇ ਵਾਰਦਾਤ, ਘਟਨਾ-ਦੁਰਘਟਨਾ ਦੇ ਮੱਦੇਨਜ਼ਰ ਤੇਰੀ ਸੋਚ ਸਾਹਮਣੇ ਆ ਖੜ੍ਹਦੀ ਹੈ, ਜਿਸ ਨੂੰ ਮੁੜ ਤੋਂ ਵਿਚਾਰਨ ਲੱਗ ਪਈਦਾ ਹੈ। ਲੱਗਦਾ ਹੈ ਕਿ ਇਸ ਨੂੰ ਪ੍ਰਚਾਰਨ ਤੇ ਇਸ 'ਤੇ ਅਮਲ ਕਰਨ ਦੀ ਬਹੁਤ ਲੋੜ ਹੈ।

ਤੇਰੀ ਸ਼ਹੀਦੀ ਲਾਜਵਾਬ ਸੀ। ਤੇਰੇ ਵਿਚਾਰਾਂ ਦੇ ਮਹੱਤਵ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ। ਭਾਵੇਂ ਤੇਰੀ ਸ਼ਹੀਦੀ ਦਾ ਵੀ ਉਨ੍ਹਾਂ ਨਾਲ ਗੂੜ੍ਹਾ ਰਿਸ਼ਤਾ ਹੈ। ਤੂੰ ਫਾਂਸੀ ਦਾ ਫ਼ੈਸਲਾ ਸੁਣਨ ਮਗਰੋਂ ਆਪਣੀ ਜ਼ਿੰਦਗੀ ਨੂੰ ਬਚਾ ਸਕਦਾ ਸੀ। ਤੇਰੇ ਪਿਤਾ ਸਮੇਤ ਕਈਆਂ ਨੇ ਆਪਣੇ ਪੱਧਰ 'ਤੇ ਕੋਸ਼ਿਸ਼ਾਂ ਵੀ ਬਹੁਤ ਕੀਤੀਆਂ ਪਰ ਤੂੰ ਦੇਸ਼ ਲਈ ਜਾਨ ਕੁਰਬਾਨ ਕਰਨ ਤੋਂ ਪਿੱਛੇ ਨਹੀਂ ਹਟਿਆ। ਤੈਨੂੰ ਆਪਣੇ ਵਿਚਾਰਾਂ 'ਤੇ ਯਕੀਨ ਸੀ। ਤੂੰ ਕਿਹਾ ਕਰਦਾ ਸੀ ਕਿ ਮੇਰੇ ਵਿਚਾਰਾਂ ਦੀ ਖ਼ੁਸ਼ਬੂ

ਸਾਡੇ ਸੋਹਣੇ ਦੇਸ਼ ਦੀ ਫਿਜ਼ਾ ਵਿਚ ਫੈਲ ਜਾਵੇਗੀ। ਇਕ ਨਹੀਂ, ਕਈ ਭਗਤ ਸਿੰਘ ਪੈਦਾ ਹੋ ਜਾਣਗੇ। ਇਸੇ ਲਈ ਤੂੰ ਖ਼ੁਸ਼ੀ-ਖ਼ੁਸ਼ੀ ਫਾਂਸੀ ਦੇ ਰੱਸੇ ਨੂੰ ਚੁੰਮ ਲਿਆ। ਅੱਜ ਦੇ ਵੇਲੇ ਦੀ ਗੱਲ ਕਰੀਏ ਤਾਂ ਕੁਰਬਾਨੀ ਤਾਂ ਬਹੁਤ ਦੂਰ ਦੀ ਗੱਲ ਹੈ, ਆਗੂ ਕਿਸੇ ਖ਼ਤਰੇ ਦੇ ਸਮੇਂ ਆਪਣੇ-ਆਪ ਨੂੰ ਮੂਹਰਲੀ ਕਤਾਰ ਵਿਚ ਨਹੀਂ ਰੱਖਦੇ। ਕਿਸੇ ਵੀ ਹਾਲਤ ਵਿਚ ਗੱਦੀ ਨੂੰ ਛੱਡਣ ਲਈ ਤਿਆਰ ਨਹੀਂ ਹੁੰਦੇ।

ਤੇਰੇ ਵਿਚਾਰਾਂ ਵਿਚ ਜੋ ਤਾਜ਼ਗੀ ਅਤੇ ਸਾਦਗੀ ਹੈ, ਉਹ ਬਾਕਮਾਲ ਹੈ। ਤੇਰੀਆਂ ਲਿਖਤਾਂ 'ਚ ਜੋ ਦੋ ਗੱਲਾਂ ਮੁੱਖ ਹਨ, ਉਨ੍ਹਾਂ 'ਤੇ ਡਟ ਕੇ ਖੜ੍ਹੇ ਹੋਣ ਦੀ ਜ਼ਰੂਰਤ ਹੈ। ਉਨ੍ਹਾਂ 'ਚੋਂ ਇਕ ਹੈ ਜਾਤੀਵਾਦ-ਧਰਮ ਦਾ ਸਵਾਲ। ਦੂਸਰੀ ਹੈ ਆਜ਼ਾਦੀ ਦੇ ਸਹੀ ਅਰਥ। ਧਰਮ, ਜਾਤੀਵਾਦ ਅਤੇ ਆਜ਼ਾਦੀ ਆਪਸ ਵਿਚ ਜੁੜੇ ਹੋਏ ਹਨ। ਆਜ਼ਾਦੀ ਦੇ ਅਰਥ ਹੀ ਜਦੋਂ ਬਦਲ ਰਹੇ ਹੋਣ, ਸੁੰਗੜ ਗਏ ਹੋਣ, ਸਿਰਫ਼ ਤੇ ਸਿਰਫ਼ ਦੇਸ਼ ਦੇ ਪ੍ਰਤੀਕਾਂ ਤਕ ਸੀਮਤ ਹੋ ਰਹੇ ਹੋਣ ਤਾਂ ਧਰਮ ਅਤੇ ਜਾਤ-ਪਾਤ ਦਾ ਸਵਾਲ ਖ਼ੁਦ-ਬਖ਼ੁਦ ਉਸ ਦੇ

ਘੇਰੇ ਵਿਚ ਆ ਜਾਂਦਾ ਹੈ। ਇਨ੍ਹਾਂ ਸਦਕਾ ਦੇਸ਼ ਦੇ ਅਸਲੀ ਮੁੱਦਿਆਂ ਨੂੰ, ਹਾਸ਼ੀਏ 'ਤੇ ਰਹਿ ਰਹੇ ਲੋਕਾਂ ਨੂੰ ਭਰਮਾਉਣਾ ਅਤੇ ਭਟਕਾਉਣਾ ਬਹੁਤ ਆਸਾਨ ਹੁੰਦਾ ਹੈ।

ਇੱਕੀਵੀਂ ਸਦੀ ਵਿਚ ਦਾਖ਼ਲ ਹੋਏ ਭਾਰਤ ਵਿਚ ਜਿਸ ਤੇਜ਼ੀ ਨਾਲ ਸਰਮਾਏਦਾਰੀ ਅਤੇ ਸਾਮਰਾਜ ਦੀ ਬੁਨਿਆਦ ਮਜ਼ਬੂਤ ਕਰਨ ਦੇ ਕਾਰਜ ਹੋ ਰਹੇ ਹਨ, ਉਹ ਆਜ਼ਾਦੀ ਦੇ ਨਾਂ 'ਤੇ ਇਕ ਲੁਕਵੀਂ ਗ਼ੁਲਾਮੀ ਹੈ। ਦੇਸ਼ ਦੀ ਅੱਧੀ ਦੌਲਤ ਸਿਰਫ਼ ਇਕ ਫ਼ੀਸਦੀ ਲੋਕਾਂ ਕੋਲ ਹੈ। ਇਸ ਦੇ ਉਲਟ ਦੇਸ਼ ਦੇ ਪੰਜਾਹ ਫ਼ੀਸਦੀ ਲੋਕਾਂ ਕੋਲ ਸਿਰਫ਼ ਇਕ ਫ਼ੀਸਦੀ ਦੌਲਤ।ਹੈ। ਇਹ ਨਾ-ਬਰਾਬਰੀ ਦਾ ਪਾੜਾ ਸਾਲ-ਦਰ-ਸਾਲ ਵੱਧ ਰਿਹਾ ਹੈ। ਇਸ ਲਈ ਤੈਨੂੰ ਬੜੀ ਸ਼ਿੱਦਤ ਨਾਲ ਯਾਦ ਕਰਨ ਦੀ ਲੋੜ ਹੈ।

ਵੈਸੇ ਤਾਂ ਆਜ਼ਾਦੀ ਤੋਂ ਬਾਅਦ ਦੇਸ਼ ਵਿਚ ਧਰਮ ਅਤੇ ਜਾਤ-ਪਾਤ ਆਧਾਰਤ ਫ਼ਿਰਕੂ ਮਾਹੌਲ ਕਦੇ ਸਾਵਾਂ-ਸੁਖਾਵਾਂ ਨਹੀਂ ਬਣਿਆ ਪਰ ਪਿਛਲੇ ਕੁਝ ਕੁ ਸਾਲਾਂ ਤੋਂ ਇਸ ਵਿਚ ਕਾਫ਼ੀ ਵਿਗਾੜ ਆ ਗਿਆ ਹੈ।

ਤੂੰ ਉਦੋਂ ਵੀ ਸੁਚੇਤ ਕੀਤਾ ਸੀ ਕਿ ਧਰਮ ਤੇ ਜਾਤ-ਪਾਤ ਮਨੁੱਖੀ ਵਿਕਾਸ ਲਈ ਬਹੁਤ ਵੱਡਾ ਅੜਿੱਕਾ ਹਨ। ਤੂੰ ਬੜੇ ਸਾਫ਼ ਸ਼ਬਦਾਂ ਵਿਚ ਕਿਹਾ ਸੀ ਕਿ

ਕੁੱਤਾ ਸਾਡੀ ਗੋਦ ਵਿਚ ਬੈਠ ਸਕਦਾ ਹੈ, ਸਾਡੀ ਰਸੋਈ ਵਿਚ ਬਿਨਾਂ ਕਿਸੇ ਰੋਕ-ਟੋਕ ਦੇ ਫਿਰਦਾ ਹੈ ਪਰ ਇਨਸਾਨ ਸਾਡੇ ਨਾਲ ਛੂਹ ਜਾਵੇ ਤਾਂ ਬਸ ਧਰਮ ਭ੍ਰਿਸ਼ਟ।

ਜਾਤ-ਪਾਤ ਆਧਾਰਤ ਵਿਤਕਰਾ ਤੇ ਨਾ-ਬਰਾਬਰੀ ਸਾਡੇ ਖਿੱਤੇ ਦੀ ਵਿਸ਼ੇਸ਼ਤਾ ਹੈ। ਇਹ ਇਸ ਦਾ ਪ੍ਰਮੁੱਖ ਅੰਗ ਹੈ। ਨਫ਼ਰਤ।ਇਸ ਦੀ ਇਕ ਹੋਰ ਖ਼ਾਸੀਅਤ ਹੈ ਕਿਉਂਕਿ ਇਸ ਨੂੰ ਧਰਮ ਦੀ ਸ਼ਹਿ ਪ੍ਰਾਪਤ ਹੈ। ਤੇਰਾ ਅਕਸ ਬੰਦੂਕ ਵਾਲਾ ਬਣਿਆ ਜਾਂ ਬਣਾਇਆ ਗਿਆ।ਹੈ। ਤੈਨੂੰ ਅੱਤਵਾਦੀ ਤਕ ਕਹਿਣ ਤੋਂ ਗੁਰੇਜ਼ ਨਹੀਂ ਕੀਤਾ ਗਿਆ।

ਦਰਅਸਲ, ਤੇਰੀ ਵਿਚਾਰਧਾਰਾ ਨੂੰ ਅੱਗੇ ਆਉਣ ਹੀ ਨਹੀਂ ਦਿੱਤਾ ਗਿਆ। ਅਸੈਂਬਲੀ ਵਿਚ ਬੰਬ ਸੁੱਟਣਾ ਸਭ ਨੂੰ ਯਾਦ ਹੈ ਪਰ ਕੋਈ ਵੀ ਅਦਾਲਤ ਵਿਚ ਹੋਈ ਬਹਿਸ ਨੂੰ ਚੇਤੇ ਕਰਨ ਨੂੰ ਤਿਆਰ ਨਹੀਂ।

ਤੇਰਾ ਬਿਆਨ ਸੀ ਕਿ ਅਸੀਂ ਮਨੁੱਖੀ ਜੀਵਨ ਨੂੰ ਬੇਹੱਦ ਪਵਿੱਤਰ ਸਮਝਦੇ ਹਾਂ ਅਤੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਤੋਂ ਪਹਿਲਾਂ ਆਪਣੇ ਜੀਵਨ ਦੀ ਬਲੀ ਦੇ ਦਿਆਂਗੇ। ਅਸੀਂ ਮਨੁੱਖੀ ਜੀਵਨ ਦਾ ਆਦਰ ਕਰਦੇ ਹਾਂ ਅਤੇ ਜਿੱਥੋਂ ਤਕ ਹੋ ਸਕੇ, ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ।

ਅਸੀਂ ਸਾਮਰਾਜਵਾਦੀ ਫ਼ੌਜ ਦੇ ਭਾੜੇ ਦੇ ਸਿਪਾਹੀਆਂ ਵਾਂਗ ਨਹੀਂ, ਜਿਨ੍ਹਾਂ ਨੂੰ ਬਿਨਾਂ ਕਿਸੇ ਅਫ਼ਸੋਸ ਤੋਂ ਹੱਤਿਆਵਾਂ ਕਰਨ ਦਾ ਅਨੁਸ਼ਾਸਨ ਸਿਖਾਇਆ ਜਾਂਦਾ ਹੈ।

ਅੱਜ ਅਸੀਂ ਦੇਸ਼ ਵਿਚ ਅਜਿਹੀਆਂ ਵਾਰਦਾਤਾਂ ਰੋਜ਼ ਦੇਖਦੇ-ਸੁਣਦੇ ਹਾਂ। ਅਜਿਹੇ ਵਿਚ ਅੰਗਰੇਜ਼ਾਂ ਦੇ ਰਾਜ ਨੂੰ ਭੋਗ ਚੁੱਕੇ ਲੋਕ ਅਕਸਰ ਕਹਿ ਦਿੰਦੇ ਹਨ ਕਿ ਕਾਲੇ ਹਾਕਮਾਂ ਨੇ ਅੰਗਰੇਜ਼ਾਂ ਨੂੰ ਵੀ ਮਾਤ ਪਾ ਦਿੱਤੀ ਹੈ। ਤੇਰੀ ਸੰਵੇਦਨਸ਼ੀਲਤਾ ਤਾਂ ਤੇਰੇ ਬਚਪਨ ਵਿਚ ਪਈ ਹੈ ਜਦੋਂ ਸਾਢੇ ਕੁ ਗਿਆਰਾਂ ਸਾਲ ਦੀ ਉਮਰ ਵਿਚ ਤੂੰ ਜਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਕਾਂਡ ਤੋਂ ਅਗਲੇ ਦਿਨ ਖ਼ੂਨ ਨਾਲ ਭਿੱਜੀ ਉਸ ਮਿੱਟੀ ਨੂੰ ਲੈ ਗਿਆ ਅਤੇ ਘਰੇ ਜਾ ਕੇ ਉਸ ਨੂੰ ਫੁੱਲਾਂ ਨਾਲ ਸ਼ਰਧਾਂਜਲੀ ਦਿੱਤੀ।

ਅੱਜ ਕੋਈ ਦਿਨ ਅਜਿਹਾ ਨਹੀਂ ਲੰਘਦਾ ਜਦੋਂ ਕੋਈ ਖ਼ੂਨੀ ਕਾਰਾ ਨਾ ਹੁੰਦਾ ਹੋਵੇ ਅਤੇ ਸਾਡੇ ਆਗੂ ਚੁੱਪ ਨਾ ਵੱਟ ਲੈਂਦੇ ਹੋਣ ਜਾਂ ਬੇਹੂਦਾ ਤੇ ਭੜਕਾਊ ਬਿਆਨ ਨਾ ਦਿੰਦੇ ਹੋਣ। ਤੇਰੀ ਤਸਵੀਰ ਕੁਝ ਐਸੀ ਹੈ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਤੈਨੂੰ ਆਪਣਾ ਕਹਿਣ ਲਈ ਪੱਬਾਂ ਭਾਰ ਰਹਿੰਦੀਆਂ ਹਨ

ਪਰ ਸਹੀ ਅਰਥਾਂ ਵਿਚ ਕੋਈ ਵੀ ਤੈਨੂੰ ਅਪਣਾਉਣ ਨੂੰ ਤਿਆਰ ਨਹੀਂ ਹੈ। ਹੌਲੀ-ਹੌਲੀ ਤੇਰੇ ਵਿਚਾਰਾਂ ਦੀ ਥਾਂ ਤੇਰੇ ਬੁੱਤਾਂ ਨੇ ਲੈ ਲਈ ਹੈ। ਸੰਸਦ ਵਿਚ ਤੇਰਾ ਬੁੱਤ ਲਾਉਣ, ਤੇਰੇ ਜਨਮ ਅਤੇ ਸ਼ਹੀਦੀ ਦਿਹਾੜੇ 'ਤੇ ਛੁੱਟੀ ਕਰਵਾਉਣ ਨੂੰ ਵੱਡੀ ਪ੍ਰਾਪਤੀ ਮੰਨਿਆ ਜਾਂਦਾ ਹੈ ਪਰ ਜੋ ਤੇਰੀ ਤਮੰਨਾ ਸੀ ਕਿ ਤੇਰੇ ਵਿਚਾਰਾਂ ਦੀ ਖ਼ੁਸ਼ਬੂ ਦੇਸ਼ ਦੇ ਕੋਨੇ-ਕੋਨੇ ਤਕ ਪਹੁੰਚੇ, ਉਹ ਹੋਰ ਦੂਰ ਹੋਈ ਜਾ ਰਹੀ ਹੈ। ਸਭ ਕੁਝ ਹੌਲੀ-ਹੌਲੀ ਰਸਮੀ ਹੋਈ ਜਾ ਰਿਹਾ ਹੈ।


-ਮੋਬਾਈਲ ਨੰ : 98158-08506

Posted By: Rajnish Kaur