ਕੇਂਦਰ ਦੀ ਮੌਜੂਦਾ ਸਰਕਾਰ ਨੇ ਦੇਸ਼ 'ਚ ਸੜਕੀ ਹਾਦਸਿਆਂ ਨੂੰ ਰੋਕਣ ਲਈ ਟ੍ਰੈਫਿਕ ਨਿਯਮ ਬਹੁਤ ਸਖ਼ਤ ਕਰ ਦਿੱਤੇ ਹਨ।ਜਿਨ੍ਹਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਭਾਰੀ ਜੁਰਮਾਨੇ ਕੀਤੇ ਜਾਂਦੇ ਹਨ। ਦੁੱਖ ਦੀ ਗੱਲ ਇਹ ਹੈ ਕਿ ਇਨ੍ਹਾਂ ਸਖ਼ਤ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਨ ਵਿਚ ਪੱਖਪਾਤ ਕੀਤਾ ਜਾਂਦਾ ਹੈ। ਚਾਹੀਦਾ ਤਾਂ ਇਹ ਹੈ ਕਿ ਇਹ ਸਾਰਿਆਂ 'ਤੇ ਲਾਗੂ ਕੀਤੇ ਜਾਣ। ਇਨ੍ਹੀਂ ਦਿਨੀਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਚੋਣਾਂ ਹੋਣ ਕਾਰਨ ਲੀਡਰਾਂ ਨੂੰ ਚੋਣ ਬੁਖਾਰ ਚੜ੍ਹਿਆ ਪਿਆ ਹੈ। ਹਰ ਰੋਜ਼ ਚੋਣ ਰੈਲੀਆਂ ਵਿਚ ਅਨੇਕਾਂ ਵਾਹਨ ਚਾਲਕ ਟ੍ਰੈਫਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਹਨ। ਉੱਥੇ ਪ੍ਰਸ਼ਾਸਨ ਨੂੰ ਟ੍ਰੈਫਿਕ ਦੇ ਸਖ਼ਤ ਨਿਯਮ ਯਾਦ ਕਿਉਂ ਨਹੀਂ ਆਉਂਦੇ? ਇਹ ਟ੍ਰੈਫਿਕ ਨਿਯਮ ਆਮ ਲੋਕਾਂ 'ਤੇ ਤਾਂ ਲਾਗੂ ਕਰ ਦਿੱਤੇ ਜਾਂਦੇ ਹਨ ਪਰ ਰਸੂਖਦਾਰਾਂ ਨੂੰ ਕੁਝ ਨਹੀਂ ਕਿਹਾ ਜਾਂਦਾ। ਜਦੋਂ ਤਕ ਇਕਸਾਰ ਤਰੀਕੇ ਨਾਲ ਸਭ 'ਤੇ ਟ੍ਰੈਫਿਕ ਨਿਯਮ ਲਾਗੂ ਨਹੀਂ ਕੀਤੇ ਜਾਂਦੇ, ਉਦੋਂ ਤਕ ਸੜਕੀ ਹਾਦਸਿਆਂ 'ਤੇ ਰੋਕ ਨਹੀਂ ਲੱਗਣੀ। ਵੋਟਾਂ ਦੇ ਦਿਨਾਂ ਦੌਰਾਨ ਬਹੁਤੇ ਲੋਕ ਚੋਣ ਜਲਸਿਆਂ ਵਿਚ ਸ਼ਮੂਲੀਅਤ ਕਰਨ ਲਈ ਆਉਂਦੇ-ਜਾਂਦੇ ਸਮੇਂ ਆਪਣੇ ਲੀਡਰ ਦੇ ਪੋਸਟਰ ਵਾਹਨਾਂ 'ਤੇ ਚਿਪਕਾ ਕੇ ਟ੍ਰੈਫਿਕ ਨਿਯਮਾਂ ਨੂੰ ਜੇਬ ਵਿਚ ਪਾ ਲੈਂਦੇ ਹਨ। ਉਦੋਂ ਤਾਂ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਜਾਂਦਾ ਹੈ।ਜਦਕਿ ਆਮ ਲੋਕਾਂ ਦੇ ਚਲਾਨ ਕੱਟਣ ਲਈ ਵੱਖ-ਵੱਖ ਬਹਾਨੇ ਲੱਭੇ ਜਾਂਦੇ ਹਨ। ਬਾਹਰਲੇ ਮੁਲਕਾਂ ਵਿਚ ਟ੍ਰੈਫਿਕ ਨਿਯਮ ਬਹੁਤ ਸਖ਼ਤ ਹਨ।ਜਿਸ ਕਾਰਨ ਉੱਥੇ ਸਹਿਜੇ ਹੀ ਕੋਈ ਸੜਕ ਹਾਦਸਾ ਨਹੀਂ ਹੁੰਦਾ। ਉੱਥੇ ਕਾਨੂੰਨ ਸਭ ਵਾਸਤੇ ਇੱਕੋ ਜਿਹੇ ਹਨ।ਭਾਵੇਂ ਕਿਸੇ ਮੰਤਰੀ ਦਾ ਮੁੰਡਾ ਹੀ ਕਿਉਂ ਨਾ ਹੋਵੇ। ਪੰਜਾਬ ਵਿਚ ਵੀ।ਕਈ ਲੋਕਾਂ ਨੂੰ ਤਾਂ ਨਿਯਮਾਂ ਦੀ ਉਲੰਘਣਾ 'ਤੇ ਭਾਰੀ ਜੁਰਮਾਨੇ ਕੀਤੇ ਜਾਂਦੇ ਹਨ। ਜਦਕਿ ਜਿਹੜੇ ਜਾਣਬੁੱਝ ਕੇ ਟ੍ਰੈਫਿਕ ਦੇ ਨਿਯਮ ਤੋੜਦੇ ਹਨ, ਉਨ੍ਹਾਂ ਨੂੰ ਕੁਝ ਨਹੀਂ ਕਿਹਾ ਜਾਂਦਾ। ਆਮ ਲੋਕ ਮਸਾਂ ਜੁਰਮਾਨਾ ਭਰਦੇ ਹਨ। ਅੱਜਕੱਲ੍ਹ ਸਰਕਾਰੀ ਨੌਕਰੀਆਂ ਬਹੁਤ ਘੱਟ ਹਨ ਤੇ ਨਿੱਜੀ ਖੇਤਰ ਵਿਚ ਹੀ ਨੌਕਰੀਆਂ ਮਿਲਦੀਆਂ ਹਨ। ਪ੍ਰਾਈਵੇਟ ਨੌਕਰੀ ਵਿਚ ਜ਼ਿਆਦਾਤਰ ਲੋਕਾਂ ਨੂੰ ਮਹੀਨੇ ਦੇ ਮਸਾਂ 8 ਤੋਂ 10 ਹਜ਼ਾਰ ਰੁਪਏ ਮਿਲਦੇ ਹਨ। ਜੇ ਉਸ ਤੋਂ ਜੁਰਮਾਨੇ ਵਜੋਂ 2-3 ਹਜ਼ਾਰ ਰੁਪਏ ਵੀ ਕਢਵਾ ਲਏ ਜਾਣ ਤਾਂ ਉਹ ਗੁਜ਼ਾਰਾ ਕਿਵੇਂ ਚਲਾਵੇਗਾ? ਕਾਨੂੰਨ ਬਣਾਉਣ ਲੱਗਿਆਂ ਸ਼ਾਇਦ ਸਰਕਾਰਾਂ ਇਸ ਪੱਖ 'ਤੇ ਵਿਚਾਰ ਨਹੀਂ ਕਰਦੀਆਂ। ਸਾਡੇ ਦੇਸ਼ ਵਿਚ ਸਮਾਜਿਕ ਸੁਰੱਖਿਆ ਨਾਂ ਦੀ ਕੋਈ ਚੀਜ਼ ਨਹੀਂ। ਸਰਕਾਰਾਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਤਾਂ ਦਹਾਕਿਆਂ ਤੋਂ ਭੱਜ ਰਹੀਆਂ ਹਨ, ਹੁਣ ਤਾਂ ਉਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਬਹਾਨੇ ਉਗਰਾਹੀ ਵੀ ਕਰਨ ਲੱਗੀਆਂ ਹਨ। ਸੜਕ ਹਾਦਸਿਆਂ ਲਈ ਹੋਰ ਵੀ ਕਈ ਕਾਰਨ ਜ਼ਿੰਮੇਵਾਰ ਹਨ ਜਿਵੇਂ ਕਿ ਟੁੱਟੀਆਂ-ਭੱਜੀਆਂ ਸੜਕਾਂ, ਅਵਾਰਾ ਪਸ਼ੂ ਆਦਿ। ਉਨ੍ਹਾਂ ਦਾ ਹੱਲ ਸਰਕਾਰ ਕਿਉਂ ਨਹੀਂ ਕਰਦੀ? ਇਹ ਸਖ਼ਤ ਟ੍ਰੈਫਿਕ ਨਿਯਮ ਸਿਆਸਤਦਾਨਾਂ ਅਤੇ ਉਨ੍ਹਾਂ ਦੇ ਹਮਾਇਤੀਆਂ 'ਤੇ ਵੀ ਲਾਗੂ ਹੋਣੇ ਚਾਹੀਦੇ ਹਨ ਅਤੇ ਉਲੰਘਣਾਕਾਰੀਆਂ ਨੂੰ ਭਾਰੀ ਜੁਰਮਾਨੇ ਕੀਤੇ ਜਾਣੇ ਚਾਹੀਦੇ ਹਨ।।ਅੱਜਕੱਲ੍ਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਇੰਨੇ ਭਾਰੇ ਜੁਰਮਾਨੇ ਕੀਤੇ ਜਾਂਦੇ ਹਨ।ਕਿ ਕਈ ਵਾਰ ਤਾਂ ਸਬੰਧਤ ਵਾਹਨ ਦੀ ਕੀਮਤ ਵੀ ਜੁਰਮਾਨੇ ਨਾਲੋਂ ਘੱਟ ਹੁੰਦੀ ਹੈ। ਅਨੇਕਾਂ ਥਾਵਾਂ 'ਤੇ ਵਿਅਕਤੀਆਂ ਨੇ ਭਾਰੀ ਜੁਰਮਾਨੇ ਹੋਣ 'ਤੇ ਆਪਣੇ ਵਾਹਨਾਂ ਨੂੰ ਅੱਗ ਲਾ ਕੇ ਸਾੜ ਦਿੱਤਾ। ਇਸ ਤੋਂ ਸਿੱਧ ਹੁੰਦਾ ਹੈ ਕਿ ਕੇਂਦਰ ਸਰਕਾਰ ਦਾ ਉਕਤ ਸੋਧਿਆ ਕਾਨੂੰਨ ਜ਼ਮੀਨੀ ਹਕੀਕਤ ਨੂੰ ਧਿਆਨ ਵਿਚ ਰੱਖ ਕੇ ਨਹੀਂ ਬਣਾਇਆ ਗਿਆ।

-ਸੁਖਦੇਵ ਸਿੱਧੂ ਕੁਸਲਾ। ਮੋਬਾਈਲ ਨੰ. : 94650 33331

Posted By: Sukhdev Singh