‘‘ਐਤਕੀਂ ਦਾ ਸਾਉਣ ਮਹੀਨਾ ਤਾਂ ਇਸ ਤਰ੍ਹਾਂ ਲੱਗਦਾ ਆ ਜਿਵੇਂ ਪੁਰਾਣੇ ਸਾਉਣ ਮਹੀਨੇ ਹੁੰਦੇ ਸਨ।’’ ਮੇਰੀ ਨਣਦ ਨੇ ਆਖਿਆ। ਰੱਖੜੀਆਂ ਵਾਲੇ ਦਿਨ ਦੇ ਸ਼ੁਭ-ਅਸ਼ੁਭ ਸਮੇਂ ਦਾ ਰੌਲਾ ਪਿਆ ਹੋਇਆ ਸੀ। ਇਸ ਲਈ ਵੱਡੇ ਭੈਣ ਜੀ ਕਈ ਦਿਨ ਪਹਿਲਾਂ ਹੀ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਆਏ ਹੋਏ ਸਨ। ਮੈਂ ਵੀ ਥੋੜ੍ਹਾ ਸੋਚ ਕੇ ਸਹਿਮਤੀ ਦੇ ਦਿੱਤੀ। ਸੱਚਮੁੱਚ ਪਹਿਲਾਂ ਸਾਉਣ ਮਹੀਨੇ ਤਕਰੀਬਨ ਇਸੇ ਤਰ੍ਹਾਂ ਹੁੰਦੇ ਸਨ ਜਿਵੇਂ ਐਤਕੀਂ 2022 ਵਿਚ ਰਿਹਾ। ਇਸ ਵਾਰ ਸਾਉਣ ’ਚ ਪਤਾ ਨਹੀਂ ਕਿਹੜੇ ਵੇਲੇ ਕਾਲੀ ਘਟਾ ਚੜ੍ਹ ਆਉਂਦੀ। ਕਈ ਵਾਰ ਵਰਸਦੀ ਤੇ ਕਈ ਵਾਰ ਚਾਰ ਕੁ ਛਿੱਟਾਂ ਪਾ ਕੇ ਲੰਘ ਜਾਂਦੀ। ਕਈ ਵਾਰ ਠੰਢੀ ਹਵਾ ਦੇ ਬੁੱਲੇ ਦੇ ਜਾਂਦੀ। ਕਈ ਵਾਰ ਹਵਾ ਬੰਦ ਤੇ ਹੁੰਮਸ। ਪਿਛਲੇ ਕੁਝ ਸਾਉਣ ਮਹੀਨੇ ਇਸ ਤਰ੍ਹਾਂ ਦੇ ਲੰਘੇ ਹਨ ਕਿ ਆਮ ਕਰਕੇ ਇਕ ਅੱਧਾ ਮੀਂਹ ਪੈਂਦਾ ਜਾਂ ਸਾਰਾ ਸਾਉਣ ਈ ਸੁੱਕਾ ਲੰਘ ਜਾਂਦਾ। ਪੰਜਾਬ ਦੀ ਕਿਸਾਨੀ ਵਾਸਤੇ ਸਾਉਣ ਦਾ ਸੁੱਕਾ ਲੰਘਣਾ ਬਹੁਤ ਸੰਤਾਪ ਵਾਲਾ ਹੁੰਦਾ ਸੀ। ਧਰਤੀ ਦੀ ਤਪਸ਼ ਵਧ ਜਾਂਦੀ, ਬਨਸਪਤੀ ਸੁੱਕਣ ਲੱਗਦੀ। ਜੀਵ-ਜੰਤੂ, ਪਸ਼ੂ-ਪੰਛੀ ਮੀਂਹ ਬਿਨਾਂ ਜੀਭਾਂ ਕੱਢ-ਕੱਢ ਸਾਹ ਲੈਂਦੇ। ਕਦੇ ਦੁਪਹਿਰ ਵੇਲੇ ਬਾਹਰ ਨਿਕਲਦੇ ਤਾਂ ਰੁੱਖਾਂ-ਬੂਟਿਆਂ ਵੱਲ ਦੇਖ ਕੇ ਮਨ ਮਸੋਸਿਆ ਜਾਂਦਾ ਸੀ। ਪਾਣੀ ਦੀਆਂ ਇਕ-ਦੋ ਬਾਲਟੀਆਂ ਨਾਲ ਉਨ੍ਹਾਂ ਦੀ ਪਿਆਸ ਨਾ ਬੁਝਦੀ। ਫਿਰ ਉਨ੍ਹਾਂ ਨੂੰ ਪਲੋਸ ਕੇ ਆਖੀਦਾ ‘ਰਿਮਝਿਮ ਵਰਖਾ ਦੀਆਂ ਫ਼ੁਹਾਰਾਂ ਆਉਣਗੀਆਂ, ਪਿਆਸ ਬੁਝਾਉਣਗੀਆਂ।’ ਐਤਕੀਂ ਇਹ ਨੌਬਤ ਨਹੀਂ ਆਈ। ਰੁੱਖਾਂ ਦੀ ਕਟਾਈ ਨੇ ਸਾਉਣ ਦੀ ਹਰਿਆਵਲ ਵੀ ਘਟਾ ਦਿੱਤੀ ਸੀ। ਕੁਝ ਜਾਗਰੂਕ ਪਤਵੰਤਿਆਂ ਦੀ ਜਾਗਰੂਕਤਾ ਦੂਜਿਆਂ ਨੂੰ ਵੀ ਜਾਗ ਲਾਉਂਦੀ ਗਈ ਤੇ ਰੁੱਖ ਫਿਰ ਧਰਤੀ ਮਾਂ ਦੀ ਗੋਦ ’ਚ ਝੂੰਮਣ ਲੱਗੇ। ‘ਸਾਉਣ ਮਹੀਨੇ ਘਾਹ ਹੋ ਗਿਆ ਰੱਜੀਆਂ-ਮੱਝੀਆਂ ਗਾਈਂ’ ਫਿਰ ਸੱਚ ਹੋ ਗਿਆ। ਬਿਜਲੀ ਦੀ ਬੱਚਤ ਵੀ ਹੁੰਦੀ ਹੈ ਜਦੋਂ ਖੇਤਾਂ ਵਿਚ ਪਾਣੀ ਵਾਲੀਆਂ ਮੋਟਰਾਂ ਬੰਦ ਹੁੰਦੀਆਂ ਹਨ। ਭਾਵੇਂ ਪਹਿਲਾਂ ਵਾਂਗ ਝੜੀਆਂ ਤਾਂ ਨਹੀ ਲੱਗੀਆਂ ਪਰ ਫਿਰ ਵੀ ਪੁਰਾਣੇ ਸਾਉਣਾਂ ਦੀ ਝਲਕ ਜ਼ਰੂਰ ਮਿਲੀ। ਲੰਘੇ ਸੁੱਕੇ ਸਾਉਣ ਮਹੀਨਿਆਂ ਵਿਚ ਕਈ ਵਾਰ ਕਾਲੀਆਂ ਘਟਾਵਾਂ ਚੜ੍ਹ ਆਉਂਦੀਆਂ ਪਰ ਵਰ੍ਹਦੀਆਂ ਨਹੀਂ ਸਨ। ਬੋਲੀ ਯਾਦ ਆਉਂਦੀ। ‘‘ਕਾਲੀ ਘਟਾ ਵੇ ਬਨੇਰੇ ਕੋਲੋਂ ਮੁੜਗੀ, ਵੀਰਾ ਕੁਝ ਪੁੰਨ ਕਰ ਦੇ।’’ ਮਨ ਨੂੰ ਪੀੜ ਜਿਹੀ ਹੁੰਦੀ ਕਿ ਸ਼ਾਇਦ ਵੀਰ ਪੁੰਨ-ਦਾਨ ਕਰਨੋਂ ਹਟ ਗਏ। ਪਰ ਐਤਕੀਂ ਫਿਰ ਮਨ ਬੱਚਿਆਂ ਵਾਂਗ ਵੀਰਾਂ ਦੇ ਧਰਮੀ ਹੋਣ ਬਾਰੇ ਸੋਚ ਕੇ ਖ਼ੁਸ਼ ਹੋਇਆ ਅਤੇ ਵਾਰ-ਵਾਰ ਯਾਦ ਆਇਆ : ‘‘ਸਣੇ ਬੈਲ (ਬਲਦ) ਗੱਡਾ ਪੁੰਨ ਕੀਤਾ, ਵੀਰ ਮੇਰੇ ਧਰਮੀ ਨੇ।’’ ਜਿਵੇਂ ਜ਼ਿੰਦਗੀ ਦੁੱਖਾਂ-ਸੁੱਖਾਂ ਦਾ ਮਿਸ਼ਰਨ ਹੈ ਇਸੇ ਤਰ੍ਹਾਂ ਸਮਾਂ ਵੀ ਔਖ-ਸੌਖ ਦਾ ਮਿਸ਼ਰਨ ਹੈ। ਜਦੋਂ ਅਕਲਾਂ ’ਤੇ ਪਰਦੇ ਪੈ ਗਏ ਸਨ ਤਾਂ ਕੁਦਰਤ ਨਾਲ ਖਿਲਵਾੜ ਕੀਤੇ, ਵਾਤਾਵਰਨ ਪਲੀਤ ਕੀਤਾ। ਅਸੀਂ ਵਿਸਰ ਚੁੱਕੀ ਵਿਰਾਸਤ ਨੂੰ ਫਿਰ ਉਭਾਰਨਾ ਸ਼ੁਰੂ ਕੀਤਾ ਤੇ ਸਾਡਾ ਪੁਰਾਣਾ ਹਰਿਆ-ਭਰਿਆ ਸਾਉਣ ਵੀ ਵਾਪਸ ਪਰਤ ਆਇਆ।

-ਅੰਮ੍ਰਿਤ ਕੌਰ ਬਡਰੁੱਖਾਂ

(ਸੰਗਰੂਰ)।

Posted By: Jagjit Singh