ਕਰਾਚੀ ਸਥਿਤ ਰਮਜ਼ਾਨ ਰਾਸ਼ਨ ਵੰਡ ਕੇਂਦਰ ਵਿਚ ਸਸਤਾ ਆਟਾ ਵੰਡਣ ਵੇਲੇ ਮਚੀ ਭਗਦੜ ਕਾਰਨ ਔਰਤਾਂ ਤੇ ਬੱਚਿਆਂ ਸਣੇ 12 ਲੋਕਾਂ ਦੀ ਦਰਦਨਾਕ ਮੌਤ ਨਸ਼ਰ ਕਰਦਿਆਂ ਪਾਕਿਸਤਾਨ ਦੇ ਇਕ ਟੀਵੀ ਚੈਨਲ ਦਾ ਐਂਕਰ ਫਿੱਸ ਪਿਆ ਸੀ। ਉਸ ਦੇ ਅੰਦਰਲਾ ਦਰਦ ਅੱਖਾਂ ’ਚੋਂ ਛਲਕ ਪਿਆ ਤਾਂ ਕੁਝ ਸਕਿੰਟਾਂ ਲਈ ਉਹ ਅਵਾਕ ਹੋ ਗਿਆ ਸੀ। ਰਮਜ਼ਾਨ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ‘ਜਲਾਉਣ ਵਾਲਾ’ ਹੈ। ਦਰਅਸਲ, ਹਿਜਰੀ ਸੰਨ/ਇਸਲਾਮੀ ਸਾਲ ਦਾ ਨੌਵਾਂ ਮਹੀਨਾ ਰੋਜ਼ਿਆਂ ਦਾ ਮਹੀਨਾ ਹੁੰਦਾ ਹੈ। ਇਹ ਮਹੀਨਾ ਕਿਉਂਕਿ ਰੋਜ਼ੇ ਰੱਖਣ ਕਾਰਨ ਗੁਨਾਹਾਂ ਨੂੰ ਜਲਾਉਂਦਾ ਹੈ ਜਾਂ ਜਲਾਉਣ ਵਾਲੀ ਹਾਲਤ ਪੈਦਾ ਕਰ ਦਿੰਦਾ ਹੈ, ਇਸ ਲਈ ਇਹ ਨਾਮ ਪਿਆ ਹੈ। ਰੋਜ਼ੇ ਖੋਲ੍ਹਣ ਤੋਂ ਬਾਅਦ ਇਫ਼ਤਾਰ ਪਾਰਟੀਆਂ ਦਾ ਦੌਰ ਚੱਲਦਾ ਹੈ। ਇਸ ਅਵਸਰ ਨੂੰ ਮੁਸਲਮਾਨ ਭਾਈਚਾਰਾ ਬੜੇ ਚਾਅ-ਮਲ੍ਹਾਰ ਨਾਲ ਮਨਾਉਂਦਾ ਹੈ। ਰਮਜ਼ਾਨ ਮਹੀਨੇ ਅਜਿਹੀਆਂ ਮੌਤਾਂ ਕਾਰਨ ਪੂਰੇ ਪਾਕਿਸਤਾਨ ਵਿਚ ਸੋਗ ਦੀ ਲਹਿਰ ਚੱਲ ਪਈ। ਪਾਕਿਸਤਾਨ ਦਾ ਅਰਥਚਾਰਾ ਬੁਰੀ ਤਰ੍ਹਾਂ ਲੜਖੜਾ ਚੁੱਕਾ ਹੈ ਜਿਸ ਦੀ ਵਜ੍ਹਾ ਕਰਕੇ ਖਾਣ-ਪੀਣ ਦੀਆਂ ਵਸਤਾਂ ਦਾ ਮੁੱਲ ਅਸਮਾਨ ਨੂੰ ਛੂਹ ਰਿਹਾ ਹੈ। ਪਿਸ਼ਾਵਰ ਤੋਂ ਇਲਾਵਾ ਮੁਜ਼ੱਫਰਗੜ੍ਹ, ਸਾਹੀਵਾਲ ਅਤੇ ਕਈ ਹੋਰ ਨਗਰਾਂ ਵਿਚ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਪਾਕਿਸਤਾਨ ਦੇ ਕਈ ਟੀਵੀ ਚੈਨਲਾਂ ਨੇ ‘ਆਟਾ ਲੁੱਟਣ’ ਦੇ ਹੈਰਾਨ-ਪਰੇਸ਼ਾਨ ਕਰਨ ਵਾਲੇ ਦ੍ਰਿਸ਼ ਦਿਖਾਏ ਹਨ ਜਿਨ੍ਹਾਂ ਨੂੰ ਦੇਖ ਕੇ ਤਰਸ ਆਉਂਦਾ ਹੈ। ਆਟੇ ਦੀਆਂ ਬੋਰੀਆਂ ਨਾਲ ਭਰੇ ਟਰੱਕਾਂ ਦਾ ਪਿੱਛਾ ਕਰਦੇ ਮੋਟਰਸਾਈਕਲ ਸਵਾਰ ਅਜਿਹਾ ਪ੍ਰਭਾਵ ਦਿੰਦੇ ਹਨ ਜਿਵੇਂ ਇਨ੍ਹਾਂ ਵਾਹਨਾਂ ਵਿਚ ਹੀਰੇ-ਜਵਾਹਰਾਤ ਜਾਂ ਸੋਨਾ ਜਾ ਰਿਹਾ ਹੈ। ਕਈ ਥਾਵਾਂ ’ਤੇ ਆਟੇ ਦੀਆਂ ਬੋਰੀਆਂ ਨਾਲ ਲੱਦੇ ਟਰੱਕਾਂ ਨੂੰ ਹਜ਼ਾਰਾਂ ਪਾਕਿਸਤਾਨੀ ਘੇਰਾ ਪਾ ਕੇ ਲੁੱਟ ਲੈਂਦੇ ਹਨ। ਇਸ ਵੇਲੇ 20 ਕਿੱਲੋ ਦੀ ਬੋਰੀ ਦਾ ਮੁੱਲ 2500 ਤੋਂ ਲੈ ਕੇ 3000 ਪਾਕਿਸਤਾਨੀ ਰੁਪਏ ਹੈ। ਬਿਜਲੀ ਦੀਆਂ ਦਰਾਂ ਵਧਾ ਦਿੱਤੀਆਂ ਗਈਆਂ ਹਨ। ਕੇਲੇ 500 ਤੋਂ 600 ਰੁਪਏ ਦਰਜਨ ਵਿਕ ਰਹੇ ਹਨ। ਅਨਾਜ ਦੀ ਅਣਕਿਆਸੀ ਕੀਮਤ ਨੇ ਆਮ ਆਦਮੀ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ। ਰਮਜ਼ਾਨ ਦੇ ਮਹੀਨੇ ਪਾਕਿਸਤਾਨ ਦੇ ਅਵਾਮ ਨੂੰ ਤੜਫਦਿਆਂ ਆਲਮ ਨੇ ਦੇਖਿਆ ਹੈ। ਅੱਠ ਸਾਲਾਂ ਵਿਚ ਇਹ ਦੂਜੀ ਵਾਰ ਸੀ ਜਦੋਂ ਦੁਨੀਆ ਨੇ ਪਾਕਿਸਤਾਨ ਦੇ ਟੀਵੀ ਚੈਨਲ ਦੇ ਕਿਸੇ ਐਂਕਰ ਨੂੰ ਸ਼ੋਅ ਦੌਰਾਨ ਜ਼ਾਰ-ਜ਼ਾਰ ਰੋਂਦਿਆਂ ਤੱਕਿਆ ਸੀ। ਸੋਲਾਂ ਦਸੰਬਰ 2014 ਨੂੰ ਪਿਸ਼ਾਵਰ ਸਥਿਤ ਆਰਮੀ ਪਬਲਿਕ ਸਕੂਲ ਵਿਚ ਅੱਤਵਾਦੀਆਂ ਵੱਲੋਂ ਕੀਤੀ ਗਈ ਅੰਨੇ੍ਹਵਾਹ ਗੋਲ਼ੀਬਾਰੀ ਵਿਚ ਜਦੋਂ 132 ਬੱਚੇ ਮਾਰੇ ਗਏ ਸਨ ਤਾਂ ਪਾਕਿਸਤਾਨ ਟੀਵੀ ਚੈਨਲ ਦੀ ਐਂਕਰ ਤੇ ਮਕਬੂਲ ਅਭਿਨੇਤਰੀ ਸਨਮ ਬਲੋਚ ਦੀਆਂ ਅੱਖਾਂ ਵਾਰ-ਵਾਰ ਛਲਕ ਰਹੀਆਂ ਸਨ। ਪਾਕਿਸਤਾਨ ਟੀਵੀ ’ਤੇ ਅੱਥਰੂਆਂ ਦਾ ਸੈਲਾਬ ਦਰਸ਼ਕਾਂ ਨੂੰ ਵੀ ਰੁਆ ਗਿਆ। ਸ਼ੋਅ ਵਿਚ ਭਾਗ ਲੈ ਰਹੇ ਸਕੂਲੀ ਬੱਚਿਆਂ, ਉਨ੍ਹਾਂ ਦੇ ਮਾਪਿਆਂ, ਪੀੜਤ ਪਰਿਵਾਰਾਂ ਅਤੇ ਸਨਮ ਬਲੋਚ ਦੇ ਹੱਥਾਂ ਵਿਚ ਬਲਦੀਆਂ ਮੋਮਬੱਤੀਆਂ ਫੜੀਆਂ ਹੋਈਆਂ ਸਨ। ਉਹ ਸਾਰੇ ਮੋਮਬੱਤੀਆਂ ਤੋਂ ਵੀ ਪਹਿਲਾਂ ਪਿਘਲ ਰਹੇ ਸਨ। ਸਨਮ ਬਲੋਚ ਦਾ ਗੱਚ ਭਰ ਆਇਆ ਤਾਂ ਉਹ ਕਹਿੰਦੀ ਹੈ, ‘‘ਮੈਂ ਕਹਿੰਦੀ ਹਾਂ ਕਿ ਬੋਲਣਾ ਤੇ ਚੀਕਣਾ ਜ਼ਰੂਰੀ ਹੈ? ਖ਼ਾਮੋਸ਼ੀ ਸਭ ਤੋਂ ਵੱਡੀ ਚੀਖ ਹੁੰਦੀ ਹੈ। ਮੈਂ ਅੱਜ ਬੇਉਮੀਦ ਹਾਂ। ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ਦੇ ਹਾਲਾਤ ਕਦੇ ਵੀ ਨਹੀਂ ਸੁਧਰਨਗੇ। ਇਹ ਸਾਡੀ ਸਭ ਦੀ ਬੇਵੱਸੀ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਦਹਿਸ਼ਤਗਰਦਾਂ ਦੇ ਹੱਥ ਅਤੇ ਹਥਿਆਰ ਮਾਸੂਮਾਂ ’ਤੇ ਕਿਵੇਂ ਉੱਠ ਗਏ? ਹੈਵਾਨ, ਸ਼ੈਤਾਨ ਜਾਂ ਜਾਨਵਰ ਸ਼ਬਦ ਉਨ੍ਹਾਂ ਲਈ ਬੌਣੇ ਹਨ। ਸ਼ਬਦ ਮੇਰਾ ਸਾਥ ਨਹੀਂ ਦੇ ਰਹੇ। ਮੈਨੂੰ ਇਨ੍ਹਾਂ ਵਹਿਸ਼ੀਆਂ ਨੂੰ ਮੁਖ਼ਾਤਿਬ ਹੋਣ ਲਈ ਢੁੱਕਵਾਂ ਸ਼ਬਦ ਨਹੀਂ ਮਿਲ ਰਿਹਾ ਜਿਸ ਨੂੰ ਬੋਲ ਕੇ ਮੇਰੀ ਰੂਹ ਨੂੰ ਸਕੂਨ ਮਿਲ ਸਕੇ। ਬੱਚੇ ਤਾਂ ਫ਼ਰਿਸ਼ਤੇ ਹੁੰਦੇ ਹਨ, ਭਲਾ ਉਨ੍ਹਾਂ ਦੇ ਖ਼ੂਨ ਨਾਲ ਕੌਣ ਹੱਥ ਰੰਗ ਸਕਦਾ ਹੈ? ਇਹ ਕਹਿ ਕੇ ਉਹ ਫਿਰ ਫਿੱਸ ਪੈਂਦੀ ਹੈ। ਸ਼ੋਅ ਵਿਚ ਭਾਗ ਲੈ ਰਹੇ ਪੀੜਤ ਪਰਿਵਾਰ ਵੀ ਖ਼ੌਫ਼ਜ਼ਦਾ ਦਿਖਾਈ ਦਿੰਦੇ ਹਨ। ਪੀੜਤ ਮਾਂ ਕਹਿੰਦੀ ਹੈ ਕਿ ਪਾਕਿਸਤਾਨ ਵਿਚ ਜੀਣ ਦਾ ਕੋਈ ਹੱਜ ਨਹੀਂ। ਸਾਈਕਲ ਜਾਂ ਸਕੂਟਰ ਦਾ ਟਾਇਰ ਫਟ ਜਾਵੇ ਤਾਂ ਲੋਕ ਖ਼ੌਫ਼ਜ਼ਦਾ ਹੋ ਜਾਂਦੇ ਹਨ। ਹੁਣ ਲੋਕ ਰੋਟੀ ਖ਼ਾਤਰ ਮਰ ਰਹੇ ਹਨ। ਗੋਲ਼ੀਬਾਰੀ ਵਿਚ ਮਰਨ ਨਾਲੋਂ ਵੀ ਬਦਤਰ ਹੁੰਦਾ ਹੈ ਭੁੱਖ ਨਾਲ ਵਿਲ੍ਹਕਦਿਆਂ ਮਰ ਜਾਣਾ। ਪਾਕਿਸਤਾਨ ਦੀ ਖ਼ਲਕਤ ਸਹੀ ਮਾਅਨਿਆਂ ਵਿਚ ‘ਲੋਕਾਂ ਅਤੇ ਜੋਕਾਂ’ ਵਿਚ ਵੰਡੀ ਦਿਖਾਈ ਦਿੰਦੀ ਹੈ। ਅਜਿਹੀ ਸੂਰਤੇਹਾਲ ਵਿਚ ਇਕ ਬੋਰੀ ਆਟੇ ਨੂੰ ਲੈਣ ਲਈ ਸੈਂਕੜੇ ਹੱਥ ਅੱਡੇ ਜਾਂਦੇ ਹਨ। ਧੱਕਾ-ਮੁੱਕੀ ਤੋਂ ਬਾਅਦ ਭਗਦੜ ਮਚਦੀ ਹੈ ਤਾਂ ਹਾਸ਼ੀਆਗਤ ਲੋਕ ਪੈਰਾਂ ਹੇਠਾਂ ਕੁਚਲੇ ਜਾਂਦੇ ਹਨ। ਵਿਸ਼ਵ ਬੈਂਕ, ਆਈਐੱਮਐੱਫ ਤੋਂ ਇਲਾਵਾ ਚੀਨ ਅਤੇ ਅਮਰੀਕਾ ਵਰਗੇ ਦੇਸ਼ਾਂ ਕੋਲੋਂ ਅੰਤਾਂ ਦਾ ਕਰਜ਼ਾ ਚੁੱਕਣ ਕਾਰਨ ਪਾਕਿਸਤਾਨ ਦੇ ਹਰ ਬਸ਼ਰ ’ਤੇ ਭਾਰੀ ਕਰਜ਼ਾ ਚੜਿ੍ਹਆ ਹੋਇਆ ਹੈ। ਆਈਐੱਮਐੱਫ ਵੱਲੋਂ ਹੋਰ ਕਰਜ਼ਾ ਦੇਣ ਤੋਂ ਹੱਥ ਪਿੱਛੇ ਖਿੱਚਣ ਕਾਰਨ ਪਾਕਿਸਤਾਨ ਆਪਣੀ ਤਵਾਰੀਖ਼ ਦੇ ਬੇਹੱਦ ਨਾਜ਼ੁਕ ਦੌਰ ’ਚੋਂ ਗੁਜ਼ਰ ਰਿਹਾ ਹੈ। ਅਮਰੀਕਾ ਨੇ ਪਾਕਿਸਤਾਨ ਵਿਚ ਆਪਣੇ ਫ਼ੌਜੀ ਅੱਡੇ ਬਣਾਉਣ ਖ਼ਾਤਰ ਇਸ ਨੂੰ ਭਾਰੀ ਕਰਜ਼ੇ ਹੇਠ ਨੱਪਿਆ ਹੋਇਆ ਹੈ। ਇਸ ਕਰਜ਼ੇ ਦੀ ਵਰਤੋਂ ਦਹਿਸ਼ਤਗਰਦਾਂ ਖ਼ਿਲਾਫ਼ ਕਰਨ ਦੀ ਬਜਾਏ ਉਨ੍ਹਾਂ ਨੂੰ ਪਾਲਣ ’ਤੇ ਖ਼ਰਚ ਕਰਨ ਕਰਕੇ ਪਾਕਿਸਤਾਨ ਦੁਨੀਆ ਭਰ ਵਿਚ ਬਦਨਾਮ ਹੋਇਆ ਹੈ। ਪਾਕਿਸਤਾਨ ਵੱਲੋਂ ਪਾਲੇ ਗਏ ਦਹਿਸ਼ਤਗਰਦ ਹੁਣ ਆਪਣੇ ਹੀ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਬਣ ਚੁੱਕੇ ਹਨ। ਇਸੇ ਲਈ ਹਰ ਰੋਜ਼ ਜਨਾਜ਼ੇ ਉੱਠ ਰਹੇ ਹਨ। ਪਾਕਿਸਤਾਨ ਦੀ ਅਜਿਹੀ ਹਾਲਤ ਲਈ ਇਸ ਦੀ ਆਪਣੀ ਹੀ ਫ਼ੌਜ ਜ਼ਿੰਮੇਵਾਰ ਹੈ। ਪਾਕਿਸਤਾਨ ਵਿਚ ਕਹਾਵਤ ਮਸ਼ਹੂਰ ਹੈ ਕਿ ‘ਫ਼ੌਜ ਨੇ ਅਜੇ ਤਕ ਕੋਈ ਜੰਗ ਜਿੱਤੀ ਨਹੀਂ ਤੇ ਚੋਣ ਕੋਈ ਹਾਰੀ ਨਹੀਂ।’ ਇਸ ਦੀ ਜਮਹੂਰੀਅਤ ਦਾ ਦਰਅਸਲ ਜਨਾਜ਼ਾ ਨਿਕਲ ਚੁੱਕਾ ਹੈ। ਇਸੇ ਕਾਰਨ ਇੱਥੋਂ ਦਾ ਹਰ ਵਜ਼ੀਰ-ਏ-ਆਜ਼ਮ ਫ਼ੌਜ/ਆਈਐੱਸਆਈ ਦੇ ਹੱਥਾਂ ਦੀ ਕਠਪੁਤਲੀ ਹੀ ਹੁੰਦਾ ਹੈ। ਆਪਣੀ ਹੋਂਦ ਤੋਂ ਲੈ ਕੇ ਪਾਕਿਸਤਾਨ ਵਿਚ ਅੱਧਾ ਅਰਸਾ ਫ਼ੌਜ ਦੀ ਹਕੂਮਤ ਰਹੀ ਹੈ। ਜਮਹੂਰੀ ਢੰਗ ਨਾਲ ਚੁਣੀ ਹੋਈ ਸਰਕਾਰ ਦਾ ਤਖ਼ਤਾ ਉਲਟਾਉਣਾ ਜਾਂ ਕਿਸੇ ਨੇਤਾ ਨੂੰ ਤਖ਼ਤੇ ’ਤੇ ਲਟਕਾਉਣਾ ਆਮ ਗੱਲ ਹੈ। ਇਹ ਉਹ ਅਭਾਗਾ ਦੇਸ਼ ਹੈ ਜਿੱਥੇ ਪ੍ਰਧਾਨ ਮੰਤਰੀਆਂ ਤੋਂ ਇਲਾਵਾ ਅਣਗਿਣਤ ਮੰਤਰੀਆਂ, ਗਵਰਨਰਾਂ ਅਤੇ ਨੇਤਾਵਾਂ ਦੇ ਕਤਲ ਹੋ ਚੁੱਕੇ ਹਨ। ਪਾਕਿਸਤਾਨ ਦੇ ਹਾਲਾਤ ਨਾ ਸੁਧਰੇ ਤਾਂ ਇਸ ਦਾ ਹਸ਼ਰ ਸ੍ਰੀਲੰਕਾ ਤੋਂ ਵੀ ਭੈੜਾ ਹੋ ਸਕਦਾ ਹੈ। ਸ੍ਰੀਲੰਕਾ ਵਿਚ ਜਦੋਂ ਮਹਿੰਗਾਈ ਦਰ 73 ਫ਼ੀਸਦੀ ਹੋ ਗਈ ਸੀ ਤਾਂ ਪੈਟਰੋਲ ਪੰਪਾਂ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਸਨ। ਬਿਜਲੀ ਗੁੱਲ ਹੋ ਗਈ ਸੀ। ਹਾਲਾਤ ਵਿਗੜਨ ਕਾਰਨ ਅਵਾਮ ਨੇ ਰਾਸ਼ਟਰਪਤੀ ਭਵਨ ’ਤੇ ਵੀ ਕਬਜ਼ਾ ਕਰ ਲਿਆ ਸੀ। ਪਾਕਿਸਤਾਨ ਦੇ ਫੋਰੈਕਸ ਰਿਜ਼ਰਵ ਤੇਜ਼ੀ ਨਾਲ ਰਸਾਤਲ ਵੱਲ ਜਾ ਰਹੇ ਹਨ। ਪਾਕਿਸਤਾਨ ਦਾ ਰੱਖਿਆ ਮੰਤਰੀ ਖ਼ੁਦ ਆਪਣੇ ਸਦਨ ਵਿਚ ਇੰਕਸ਼ਾਫ਼ ਕਰ ਚੁੱਕਾ ਹੈ ਕਿ ਦੇਸ਼ ਦੀਵਾਲੀਆ ਹੋ ਚੁੱਕਾ ਹੈ ਕਿਉਂਕਿ ਇਸ ਦੇ ਪਹਿਲੇ ਸਰਬਰਾਹਾਂ ਨੇ ਮਣਾਂ-ਮੂੰਹੀ ਕਰਜ਼ਾ ਲਿਆ ਹੈ ਜੋ ਉਤਾਰਨਾ ਮੁਹਾਲ ਹੈ। ਪਾਕਿਸਤਾਨ ਦੇ ਬੁੱਧੀਜੀਵੀ/ਰੱਖਿਆ ਵਿਸ਼ਲੇਸ਼ਕ ਵੀ ਬੌਧਿਕ ਕੰਗਾਲੀ ਦਾ ਸ਼ਿਕਾਰ ਹੋਏ ਪ੍ਰਤੀਤ ਹੁੰਦੇ ਹਨ। ਇਕ ਰੱਖਿਆ ਵਿਸ਼ਲੇਸ਼ਕ ਜੈਦ ਹਾਮਿਦ ਬੇਹੂਦਾ ਤਰਕ ਦਿੰਦਾ ਹੈ, ਅਖੇ, ਪਾਕਿਸਤਾਨ ਕੋਲ 150 ਨਿਊਕਲੀਅਰ ਵਾਰਹੈੱਡ ਹਨ ਜਿਨ੍ਹਾਂ ’ਚੋਂ 40-50 ਇਸ ਦੇ ਮਿੱਤਰ ਦੇਸ਼ਾਂ ਸਾਊਦੀ ਅਰਬ, ਈਰਾਨ ਤੇ ਤੁਰਕੀ ਆਦਿ ਨੂੰ ਵੇਚੇ ਜਾ ਸਕਦੇ ਹਨ। ਪਰਮਾਣੂ ਬੰਬ ਵੇਚ ਕੇ ਕਰਜ਼ਾ-ਮੁਕਤ ਹੋਣ ਦੇ ਬੇਤੁਕੇ ਬਿਆਨ ਕਾਰਨ ਪਾਕਿਸਤਾਨ ਦੀ ਖ਼ੂਬ ਖਿੱਲੀ ਉੱਡ ਰਹੀ ਹੈ। ਜਿਸ ਦੇਸ਼ ਦਾ ਅਵਾਮ ਗ਼ਰੀਬ ਅਤੇ ਫ਼ੌਜ ਅਮੀਰ ਹੋਵੇ, ਉੱਥੋਂ ਦੇ ਹਾਕਮਾਂ ਦੀ ਮਾਨਸਿਕਤਾ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਪਾਕਿਸਤਾਨ ਸਾਡਾ ਗੁਆਂਢੀ ਮੁਲਕ ਹੈ, ਇਸ ਦੀ ਤਰਸਯੋਗ ਹਾਲਤ ਸਾਡੇ ਲਈ ਵੀ ਚਿੰਤਾ ਦਾ ਵਿਸ਼ਾ ਹੈ। ਕਹਿੰਦੇ ਹਨ ਕਿ ਗੁਆਂਢੀ ਦੇ ਘਰ ਵਿਚ ਲੱਗੀ ਅੱਗ ਦਾ ਸੇਕ ਗੁਆਂਢ ਵਿਚ ਅਵੱਸ਼ ਆਉਂਦਾ ਹੈ। ਇਸ ਲਈ ਭਾਰਤ ਹਮੇਸ਼ਾ ਚਾਹੇਗਾ ਕਿ ਪਾਕਿਸਤਾਨ ਵਿਚ ਤੱਤੀਆਂ ਹਵਾਵਾਂ ਨਾ ਹੀ ਚੱਲਣ ਤਾਂ ਚੰਗਾ ਹੈ। ਪਾਕਿਸਤਾਨ ਦੇ ਲੋਕ ਕਵੀ ਬਾਬਾ ਨਜਮੀ ਦਾ ਸ਼ਿਅਰ ਆਤਮਸਾਤ ਕਰੋ : ਕੀਹਦੇ ਹੱਥ ਸਾਰੰਗੀ ਆ ਗਈ ਵੇਲੇ ਦੀ, ਸੁਰ ਦੇ ਬਦਲੇ ਚੀਕਾਂ ਸੁਣੀਆਂ ਤਾਰਾਂ ’ਚੋਂ।’

ਇਕ ਹੋਰ ਸ਼ਾਇਰ ਤਾਰਿਕ ਗੁੱਜਰ ਦੀਆਂ ਸਤਰਾਂ ‘‘ਵਿਹੜਿਆਂ ਦੇ ਵਿਚ ਸਾਰੇ ਬਾਲਕ, ਫਿਰਦੇ ਨੰਗੇ ਪਿੰਡੇ/ਕੋਠੀਆਂ ਉੱਤੇ ਪਏ ਲਹਿਰਾਵਣ, ਦਸ-ਦਸ ਗਜ਼ ਦੇ ਝੰਡੇ’’ ਪਾਕਿਸਤਾਨ ਦੇ ਮੌਜੂਦਾ ਹਾਲਾਤ ਨੂੰ ਦਰਸਾਉਂਦੀਆਂ ਹਨ।

ਵਰਿੰਦਰ ਸਿੰਘ ਵਾਲੀਆ

ਸੰਪਾਦਕ

Posted By: Jagjit Singh