ਲਕਸ਼ਮੀਕਾਂਤਾ ਚਾਵਲਾ

ਰਾਮ ਰਾਜ ਵੱਲ ਵਧਣ ਦਾ ਸੰਕਲਪ ਦਿਵਸ ਵਿਜੇ ਦਸ਼ਮੀ (ਦੁਸਹਿਰਾ) ਭਾਰਤ ਦਾ ਰਾਸ਼ਟਰੀ ਪੁਰਬ ਹੈ। ਅੱਤਿਆਚਾਰ, ਅਨੈਤਿਕਤਾ ਅਤੇ ਅਧਰਮ ਦੇ ਪ੍ਰਤੀਕ ਰਾਵਣ 'ਤੇ ਸ੍ਰੀ ਰਾਮ ਚੰਦਰ ਜੀ ਦੀ ਜਿੱਤ ਨੂੰ ਯਾਦ ਕਰਨ ਦਾ ਦਿਹਾੜਾ ਹੈ। ਮਰਿਆਦਾ ਪਰਸ਼ੋਤਮ ਸ੍ਰੀਰਾਮ ਸੱਚ, ਨਿਆਂ, ਅਤੇ ਚੰਗੇ ਚਰਿੱਤਰ ਦੇ ਪ੍ਰਤੀਕ ਹਨ। ਜੁਗਾਂ-ਜੁਗਾਂਤਰਾਂ ਤੋਂ ਭਾਰਤ ਵਾਸੀ ਇਸ ਦਿਵਸ ਨੂੰ ਸ਼ਰਧਾ ਨਾਲ ਮਨਾਉਂਦੇ ਆ ਰਹੇ ਹਨ। ਕੋਈ ਕਿਸੇ ਵੀ ਧਰਮ, ਫਿਰਕੇ ਵਿਚ ਆਸਥਾ ਰੱਖਣ ਵਾਲਾ ਹੋਵੇ ਪਰ ਸ੍ਰੀਰਾਮ ਨੂੰ ਜੀਵਨ ਦੇ ਆਦਰਸ਼ ਵਜੋਂ ਸਵੀਕਾਰ ਕਰਦਾ ਹੈ। ਉਹ ਆਦਰਸ਼ ਰਾਜਾ ਹਨ, ਆਦਰਸ਼ ਪੁੱਤਰ, ਆਦਰਸ਼ ਭਰਾ ਅਤੇ ਆਦਰਸ਼ ਪਤੀ ਵੀ ਹਨ। ਗੋਸਵਾਮੀ ਤੁਲਸੀਦਾਸ ਜੀ ਨੇ ਸ੍ਰੀਰਾਮ ਚਰਿਤ ਮਾਨਸ ਵਿਚ ਭਗਵਾਨ ਸ੍ਰੀਰਾਮ ਦੇ ਇਸ ਧਰਤੀ 'ਤੇ ਮਨੁੱਖੀ ਅਵਤਾਰ ਵਿਚ ਪ੍ਰਗਟ ਹੋਣ ਸਬੰਧੀ ਲਿਖਿਆ ਹੈ-'ਜਬ ਜਬ ਹੋਹਿ ਧਰਮ ਕੀ ਹਾਨੀ, ਬਾੜ੍ਹਹਿੰ ਅਸੁਰ ਮਹਾ ਅਭਿਮਾਨੀ, ਤਬ-ਤਬ ਧਰਿ ਪ੍ਰਭੂ ਮਨੁਜ ਸਰੀਰਾ, ਹਰਹਿੰ ਸਕਲ ਸੱਜਨ ਭਵ ਪੀਰਾ।' ਇਸ ਦੇ ਨਾਲ ਹੀ ਭਗਵਾਨ ਰਾਮ ਦੇ ਇਸ ਸੰਸਾਰ ਵਿਚ ਅਵਤਾਰ ਲੈਣ ਦਾ ਮਕਸਦ ਅਤੇ ਕਾਰਨ ਦੱਸਦੇ ਹੋਏ ਵੀ ਤੁਲਸੀਦਾਸ ਜੀ ਨੇ ਕਿਹਾ ਹੈ-'ਵਿਪ੍ਰ ਧੇਨੁ ਸੁਰ ਸੰਤ ਹਿਤ ਲੀਨ ਮਨੁਜ ਅਵਤਾਰ।' ਭਗਵਾਨ ਰਾਮ ਜੀ ਦਾ ਸਾਰਾ ਹੀ ਜੀਵਨ ਅਧਰਮ ਅਤੇ ਅੱਤਿਆਚਾਰ ਨਾਲ ਸੰਘਰਸ਼ ਕਰਦੇ ਹੋਏ ਜਨ-ਜਨ ਲਈ ਕਲਿਆਣਕਾਰੀ, ਸ੍ਰੇਸ਼ਠ ਰਾਜ ਦੀ ਸਥਾਪਨਾ ਕਰਨ ਵਿਚ ਲੱਗਾ। ਜਿਸ ਸਮੇਂ ਆਪ ਦੇ ਰਾਜ ਤਿਲਕ ਦੀਆਂ ਤਿਆਰੀਆਂ ਹੋ ਰਹੀਆਂ ਸਨ, ਉਸੇ ਸਮੇਂ ਉਨ੍ਹਾਂ ਨੂੰ ਪਤਾ ਲਗਾ ਕਿ ਉਨ੍ਹਾਂ ਦੇ ਪਿਤਾ ਨੇ ਤਾਂ ਉਨ੍ਹਾਂ ਨੂੰ 14 ਸਾਲ ਦਾ ਬਣਵਾਸ ਦੇ ਦਿੱਤਾ ਹੈ। ਮਾਂ ਕੌਸ਼ੱਲਿਆ ਨੂੰ ਵੀ ਉਨ੍ਹਾਂ ਇਹੋ ਕਿਹਾ-'ਪਿਤਾ ਦੀਨ ਮੋਹਿ ਕਾਨਨ ਰਾਜ।' ਪਿਤਾ ਦੀ ਆਗਿਆ ਦਾ ਪਾਲਣ ਕਰ ਕੇ ਸ੍ਰੀਰਾਮ ਚੰਦਰ ਪਤਨੀ ਸੀਤਾ ਅਤੇ ਭਰਾ ਲਕਸ਼ਮਣ ਨਾਲ ਜੰਗਲ ਲਈ ਚੱਲ ਪਏ। ਉਨ੍ਹਾਂ ਦਾ ਜਨਮ ਹੀ ਅੱਤਿਆਚਾਰੀਆਂ ਅਤੇ ਰਾਖਸ਼ਾਂ ਨੂੰ ਸਮਾਪਤ ਕਰਨ ਲਈ ਹੋਇਆ ਸੀ। ਉਹ ਰਾਜਾ ਬਣ ਕੇ ਅਯੁੱਧਿਆ ਵਿਚ ਕਿੱਦਾਂ ਰੁਕ ਜਾਂਦੇ। ਇਹ ਯਕੀਨਨ ਉਨ੍ਹਾਂ ਦੀ ਆਪਣੀ ਲੀਲ੍ਹਾ ਸੀ। ਬਣਵਾਸ ਕਾਲ ਵਿਚ ਜਦ ਉਨ੍ਹਾਂ ਨੇ ਰਾਵਣ ਅਤੇ ਹੋਰ ਰਾਖਸ਼ਾਂ ਦੁਆਰਾ ਮਾਰੇ ਗਏ ਬੇਦੋਸ਼ੇ ਰਿਸ਼ੀਆਂ-ਮੁਨੀਆਂ ਅਤੇ ਨਾਗਰਿਕਾਂ ਦੀਆਂ ਅਸਥੀਆਂ ਦੇ ਵੱਡੇ-ਵੱਡੇ ਢੇਰ ਦੇਖੇ ਤਾਂ ਇਕ ਆਦਰਸ਼ ਮਹਾ-ਮਾਨਵ ਅਤੇ ਸ਼ਾਸਕ ਦੀ ਤਰ੍ਹਾਂ ਇਹ ਸੰਕਲਪ ਲਿਆ-'ਨਿਸ਼ਚਰ ਹੀਨ ਕਰਹੂੰ ਮਹੀ, ਭੁਜ ਉਠਾਈ ਪ੍ਰਾਣ ਕੀਨ, ਸਕਲ ਮੁਨਿਹ ਕੇ ਆਸ਼ਰਮਹੀਂ ਜਾਈ ਜਾਈ ਸੁਖ ਦੀਨ।' ਜੋ ਸੰਕਲਪ ਭਗਵਾਨ ਰਾਮ ਨੇ ਲਿਆ, ਉਸ ਨੂੰ ਇਕ ਆਦਰਸ਼ ਪਰਜਾ ਪਾਲਕ ਰਾਜਾ ਦੀ ਤਰ੍ਹਾਂ ਅਧਰਮ ਦੇ ਪ੍ਰਤੀਕ ਰਾਖਸ਼ਾਂ ਦੇ ਸਾਮਰਾਜ ਦਾ ਨਾਸ ਕਰ ਕੇ ਪੂਰਾ ਕੀਤਾ। ਜਿਸ ਰਾਵਣ ਲਈ ਇਹ ਕਿਹਾ ਜਾਂਦਾ ਸੀ ਕਿ ਕਾਲ ਵੀ ਉਸ ਨੇ ਪਲੰਘ ਦੇ ਪਾਵੇ ਨਾਲ ਬੰਨ੍ਹਿਆ ਹੈ ਅਤੇ ਸਾਰੇ ਦੇਵਤੇ ਅਰਥਾਤ ਕੁਦਰਤੀ ਸ਼ਕਤੀਆਂ ਉਸ ਦੇ ਅਧੀਨ ਹਨ, ਉਸੇ ਰਾਵਣ ਨੂੰ ਇਸ ਤਰ੍ਹਾਂ ਵੰਸ਼ ਸਹਿਤ ਨਸ਼ਟ ਕਰ ਦਿੱਤਾ ਜਿਸ ਕਾਰਨ ਉਸ ਦੇ ਪਰਿਵਾਰ ਵਿਚ ਕੋਈ ਪਿਤਰਾਂ ਦੇ ਨਾਂ 'ਤੇ ਦੀਵਾ ਜਗਾਉਣ ਵਾਲਾ ਵੀ ਨਾ ਬਚਿਆ। ਇਕ ਕਵੀ ਨੇ ਲਿਖਿਆ ਹੈ-'ਇਕ ਲਾਖ ਪੂਤ, ਸਵਾ ਲਾਖ ਨਾਤੀ, ਤਾ ਰਾਵਣ ਕਰ ਦੀਆ ਨਾ ਬਾਤੀ।' ਰਾਵਣ ਦੀ ਮੌਤ ਰਾਮਜੀ ਦੇ ਹੱਥੋਂ ਕਿਸੇ ਨਿੱਜੀ ਸਵਾਰਥ ਜਾਂ ਲੰਕਾ 'ਤੇ ਜਿੱਤ ਪ੍ਰਾਪਤ ਕਰ ਕੇ ਆਪਣੇ ਰਾਜ ਦਾ ਪਸਾਰਾ ਕਰਨ ਲਈ ਨਹੀਂ ਸੀ ਸਗੋਂ ਅਧਰਮ ਨੂੰ ਮਿਟਾ ਕੇ ਚੰਗੇ ਸ਼ਾਸਨ ਦੀ ਸਥਾਪਨਾ ਲਈ ਸੀ। ਰਾਵਣ ਦੇ ਭਰਾ ਵਿਭੀਸ਼ਣ ਨੂੰ ਲੰਕਾ ਦਾ ਰਾਜ ਸੌਂਪ ਕੇ ਖ਼ੁਦ 14 ਸਾਲ ਦੇ ਬਣਵਾਸ ਦਾ ਅਰਸਾ ਪੂਰਾ ਹੋਣ 'ਤੇ ਉਹ ਅਯੁੱਧਿਆ ਵਾਪਸ ਪੁੱਜਣ ਲਈ ਵਚਨਬੱਧ ਸਨ। ਰਾਮਜੀ ਦਾ ਸਵਦੇਸ਼ ਪ੍ਰੇਮ ਜੋ ਉਸ ਸਮੇਂ ਮਹਾਰਿਸ਼ੀ ਵਾਲਮੀਕਿ ਨੇ ਵੀ ਸੰਸਾਰ ਨੂੰ ਸੁਣਾਇਆ, ਉਹ ਅੱਜ ਵੀ ਸਾਰੇ ਦੇਸ਼ ਵਾਸੀਆਂ ਲਈ ਪ੍ਰੇਰਨਾ ਦਾ ਪੁੰਜ ਹੈ। ਰਾਵਣ ਰਹਿਤ ਲੰਕਾ ਵਿਚ ਇਕ ਦਿਨ ਰਹਿਣ ਦਾ ਸੱਦਾ ਮਿਲਣ 'ਤੇ ਵੀ ਉਨ੍ਹਾਂ ਕਿਹਾ-ਲਕਸ਼ਮਣ! ਲੰਕਾ ਚਾਹੇ ਸੋਨੇ ਦੀ ਹੈ ਪਰ ਮੈਨੂੰ ਇੱਥੇ ਰਹਿਣਾ ਸਵੀਕਾਰ ਨਹੀਂ ਕਿਉਂਕਿ ਮਾਂ ਅਤੇ ਮਾਤ-ਭੂਮੀ ਤਾਂ ਸਵਰਗ ਤੋਂ ਵੀ ਸ੍ਰੇਸ਼ਠ ਹੁੰਦੀ ਹੈ। ਅੱਜ ਜੋ ਲੋਕ ਆਪਣੇ ਦੇਸ਼ ਪ੍ਰਤੀ ਪੂਰਨ ਕਰਤੱਵ ਦੀ ਪਾਲਣਾ ਨਹੀਂ ਕਰਦੇ ਅਤੇ ਦੇਸ਼ ਛੱਡ ਕੇ ਦੂਜੇ ਦੇਸ਼ਾਂ ਵਿਚ ਸੁੱਖ-ਆਰਾਮ ਦੀ ਖੋਜ ਵਿਚ ਚਲੇ ਜਾਂਦੇ ਹਨ, ਉਨ੍ਹਾਂ ਲਈ ਇਹ ਬਹੁਤ ਵੱਡਾ ਸੰਦੇਸ਼ ਹੈ। ਜਦ ਸ੍ਰੀਰਾਮ 14 ਸਾਲ ਦੇ ਬਣਵਾਸ ਉਪਰੰਤ ਅਯੁੱਧਿਆ ਆਏ ਤਾਂ ਉਨ੍ਹਾਂ ਦਾ ਰਾਜ ਤਿਲਕ ਹੋਇਆ ਉਦੋਂ ਵੀ ਉਨ੍ਹਾਂ ਨੇ ਇਕ ਆਦਰਸ਼ ਰਾਜਾ ਅਤੇ ਆਦਰਸ਼ ਰਾਜ ਦੀ ਅਜਿਹੀ ਮਿਸਾਲ ਪੇਸ਼ ਕੀਤੀ ਜਿਸ ਵਰਗੀ ਮਿਸਾਲ ਅੱਜ ਵੀ ਦੂਜੀ ਕੋਈ ਨਹੀਂ। ਤੁਲਸੀਦਾਸ ਲਿਖਦੇ ਹਨ-'ਰਾਮ ਰਾਜ ਬੈਠੇ ਤ੍ਰੈਲੋਕਾ, ਹਰਸ਼ਿਤ ਭਯ ਗਏ ਸਬ ਸ਼ੋਕਾ। ਦੈਹਿਕ, ਦੈਵਿਕ, ਭੌਤਿਕ ਤਾਪਾ, ਰਾਮ ਰਾਜ ਕਾਹੂਹਿੰ ਨਹੀਂ ਵਿਆਪਾ, ਸਬ ਨਰ ਕਰਹਿੰ ਪਰਸਪਰ ਪ੍ਰੀਤਿ, ਚਲਹਿੰ ਸਵਧਰਮ ਨਿਰਤ ਸ਼ਰੁਤੀ ਨੀਤੀ। ਸਬ ਨਿਰਦੰਭ ਧਰਮਰਤ ਪੁਨੀ। ਨਰ ਅਰੂ ਨਾਰੀ ਚਤੁਰ ਸਬ ਗੁਨੀ।' ਜਦ ਭਾਰਤ ਪਰਤੰਤਰ ਹੋ ਗਿਆ, ਮਹਿਲਾ ਅਤੇ ਪੁਰਸ਼ ਦੋਵੇਂ ਹੀ ਸਿੱਖਿਆ-ਦੀਕਸ਼ਾ ਦੇ ਖੇਤਰ ਵਿਚ ਪਿੱਛੇ ਰਹਿ ਗਏ। ਸੁਤੰਤਰਤਾ ਤੋਂ ਬਾਅਦ ਵੀ ਬਹੁਤ ਸਾਰੇ ਲੋਕ ਔਰਤਾਂ ਨਾਲ ਪੱਖਪਾਤ ਕਰਦੇ ਹੋਏ ਉਨ੍ਹਾਂ ਨੂੰ ਸਿੱਖਿਆ ਤੋਂ ਵੰਚਿਤ ਰੱਖਣਾ ਹੀ ਆਪਣੀ ਸ਼ਾਨ ਸਮਝਦੇ ਸਨ। ਉਸ ਸਮੇਂ ਭਗਵਾਨ ਰਾਮ ਦੀ ਇਹ ਮਿਸਾਲ ਕਿ ਰਾਮ ਰਾਜ ਵਿਚ ਮਹਿਲਾਵਾਂ ਅਤੇ ਪੁਰਸ਼ ਸਾਰੇ ਪੜ੍ਹੇ-ਲਿਖੇ, ਚਤੁਰ ਅਤੇ ਗੁਣੀ ਸਨ, ਸਾਨੂੰ ਅੱਗੇ ਦਾ ਰਸਤਾ ਦਿਖਾਉਣ ਵਾਲਾ ਆਦਰਸ਼ ਵਾਕ ਮਿਲਿਆ। ਅੱਜ ਦੁਸਹਿਰੇ ਦੇ ਦਿਨ ਸਿਰਫ਼ ਕਾਗ਼ਜ਼ ਦਾ ਰਾਵਣ ਸਾੜਨਾ, ਪਟਾਕੇ ਚਲਾ ਕੇ ਢੋਲ ਵਜਾਉਣਾ ਅਤੇ ਮਠਿਆਈਆਂ ਵੰਡਣਾ ਹੀ ਕਾਫੀ ਨਹੀਂ। ਇਹ ਵੀ ਸੋਚਣਾ ਹੈ ਕਿ ਜਿਸ ਧਰਮ ਦੀ ਸਥਾਪਨਾ ਲਈ ਭਗਵਾਨ ਸ੍ਰੀਰਾਮ ਇਸ ਸੰਸਾਰ ਵਿਚ ਆਏ ਸਨ ਅਤੇ ਜਿਸ ਅਧਰਮ ਕਾਰਨ ਰਾਵਣ ਵੰਸ਼ ਸਹਿਤ ਨਸ਼ਟ ਹੋਇਆ ਸੀ, ਅੱਜ ਅਸੀਂ ਸਭ ਭਾਰਤੀ ਅਤੇ ਦੁਨੀਆ ਭਰ ਵਿਚ ਵਸੇ ਭਾਰਤਵੰਸ਼ੀ ਖ਼ਾਸ ਤੌਰ 'ਤੇ ਰਾਮਜੀ ਨੂੰ ਆਪਣਾ ਆਦਰਸ਼ ਮੰਨਣ ਵਾਲੇ ਸਮਾਜ ਦਾ ਇਹ ਕਰਤੱਵ ਹੈ ਕਿ ਅਸੀਂ ਉਸੇ ਰਸਤੇ 'ਤੇ ਚੱਲੀਏ ਜੋ ਧਰਮ, ਸੱਚ ਅਤੇ ਸਦਾਚਾਰ ਦਾ ਰਸਤਾ ਭਗਵਾਨ ਸ੍ਰੀਰਾਮ ਚੰਦਰ ਜੀ ਨੇ ਦਿਖਾਇਆ ਸੀ। ਸ੍ਰੀਰਾਮ ਚੰਦਰ ਇਸ ਸੰਸਾਰ ਵਿਚ ਪ੍ਰਗਟ ਹੀ ਸਾਧੂਆਂ ਅਰਥਾਤ ਸੱਜਣਾਂ ਦੀ ਰੱਖਿਆ, ਦੁਸ਼ਟਾਂ ਦੇ ਨਾਸ ਅਤੇ ਧਰਮ ਦੀ ਸਥਾਪਨਾ ਅਤੇ ਉੱਨਤੀ ਲਈ ਹੀ ਹੋਏ ਸਨ। ਅੱਜ ਵੀ ਹਰ ਮਾਤਾ ਭਗਵਾਨ ਰਾਮ ਵਰਗਾ ਪੁੱਤਰ, ਪਰਜਾ ਰਾਮ ਜਿਹਾ ਰਾਜਾ, ਲੜਕੀਆਂ ਰਾਮਜੀ ਵਰਗਾ ਪਤੀ ਅਤੇ ਭਰਾ ਵੀ ਸ੍ਰੀਰਾਮ ਵਰਗੇ ਵੱਡੇ ਭਰਾ ਦੀ ਤਾਂਘ ਰੱਖਦੇ ਹਨ। ਆਓ! ਅਸੀਂ ਸੰਕਲਪ ਲਈਏ ਕਿ ਦੁਸਹਿਰੇ ਦਾ ਤਿਉਹਾਰ ਇਸ ਸੰਕਲਪ ਨਾਲ ਹੀ ਮਨਾਈਏ ਕਿ ਜੋ ਸੁਚੱਜਾ, ਮਰਿਆਦਾਪੂਰਨ ਜੀਵਨ ਦਾ ਰਸਤਾ ਭਗਵਾਨ ਰਾਮ ਨੇ ਇਸ ਸੰਸਾਰ ਨੂੰ ਦਿਖਾਇਆ ਸੀ, ਅਸੀਂ ਉਸੇ ਰਸਤੇ 'ਤੇ ਚੱਲੀਏ। ਮਰਿਆਦਾ ਪਰਸ਼ੋਤਮ ਨਾ ਵੀ ਬਣ ਸਕੀਏ ਤਾਂ ਵੀ ਮਰਿਆਦਾ ਵਾਲਾ ਮਨੁੱਖ ਤਾਂ ਬਣੀਏ। ਸਾਨੂੰ ਭਾਰਤੀਆਂ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ ਕਿ ਭਗਵਾਨ ਸ੍ਰੀਰਾਮ ਨੇ ਭਾਰਤ ਵਿਚ ਅਵਤਾਰ ਲਿਆ ਅਤੇ ਉਨ੍ਹਾਂ ਕਾਰਨ ਹੀ ਭਾਰਤ ਵਿਸ਼ਵ ਵਿਚ ਇਕ ਅਜਿਹਾ ਆਦਰਸ਼ ਪੇਸ਼ ਕਰ ਰਿਹਾ ਹੈ ਜੋ ਭਾਵੀ ਅਣਗਿਣਤ ਪੀੜ੍ਹੀਆਂ ਲਈ ਵੀ ਪ੍ਰੇਰਨਾ ਦਾ ਸਰੋਤ ਅਤੇ ਸ਼ਰਧਾ ਦਾ ਪੁੰਜ ਬਣਿਆ ਰਹੇਗਾ। ਅੱਜ ਦੇ ਭਾਰਤੀ ਸਮਾਜ ਵਿਚ ਕਾਨੂੰਨ ਦੁਆਰਾ ਵੀ ਜਿਸ ਸਹਿ-ਜੀਵਨ ਅਰਥਾਤ ਲਿਵ ਇਨ ਰਿਲੇਸ਼ਨਸ਼ਿਪ ਨੂੰ ਸ਼ਹਿ ਤੇ ਮਾਨਤਾ ਦਿੱਤੀ ਜਾ ਰਹੀ ਹੈ, ਇਸ ਦੇ ਨਾਲ ਹੀ ਵਿਆਹ ਤੋਂ ਬਾਹਰਲੇ ਸਬੰਧਾਂ ਨੂੰ ਵੀ ਅਪਰਾਧ ਨਾ ਮੰਨਣ ਦੀ ਗੱਲ ਕੀਤੀ ਗਈ ਹੈ। ਅਜਿਹੀ ਵਿਵਸਥਾ ਤਾਂ ਰਾਵਣ ਦੇ ਰਾਜ ਵਿਚ ਵੀ ਨਹੀਂ ਸੀ। ਅਸੀਂ ਸ੍ਰੀਰਾਮ ਦੇ ਜਾਨਸ਼ੀਨ ਰਾਮ ਰਾਜ ਦੀ ਸਥਾਪਨਾ ਕਰਨ ਲਈ ਯਤਨਸ਼ੀਲ, ਸਮਾਜ ਲਈ ਤਾਂ ਇਹ ਸੋਚਣ ਦਾ ਵਿਸ਼ਾ ਹੈ ਕਿ ਰਾਮ ਰਾਜ ਦੀ ਸਥਾਪਨਾ ਕਰਨੀ ਹੈ ਤਾਂ ਸਮਾਜ ਲਈ ਉਸੇ ਤਰ੍ਹਾਂ ਦੇ ਕਾਨੂੰਨ ਹੋਣੇ ਚਾਹੀਦੇ ਹਨ ਜਿਸ ਤਰ੍ਹਾਂ ਦਾ ਸਮਾਜਿਕ ਅਤੇ ਸਿਆਸੀ ਢਾਂਚਾ, ਕਾਨੂੰਨ ਅਤੇ ਨੀਤੀ ਨਿਰਦੇਸ਼ਕ ਨਿਯਮ ਭਗਵਾਨ ਸ੍ਰੀਰਾਮ ਦੇ ਰਾਜ ਵਿਚ ਸਨ।

-(ਲੇਖਿਕਾ ਭਾਜਪਾ ਦੀ ਸੀਨੀਅਰ ਆਗੂ ਅਤੇ ਪੰਜਾਬ ਦੀ ਸਿਹਤ ਮੰਤਰੀ ਰਹੀ ਹੈ)।

Posted By: Sukhdev Singh