ਯਾਦਾਂ ਦਾ ਖ਼ਜ਼ਾਨਾ ਸਾਡੇ ਮਨ-ਮੰਦਰ ਵਿਚ ਅਛੋਪਲੇ ਹੀ ਸਾਂਭਿਆ ਰਹਿੰਦਾ ਹੈ। ਜ਼ਰਾ ਜਿਹੀ ਹਿਲਜੁਲ ਹੋਈ, ਸਾਰੀਆਂ ਮਿੱਠੀਆਂ, ਖੱਟੀਆਂ, ਕੌੜੀਆਂ ਤੇ ਗੁਦਗੁਦਾਉਣ ਵਾਲੀਆਂ ਯਾਦਾਂ ਇਕ-ਇਕ ਕਰ ਕੇ ਅੱਖਾਂ ਸਾਹਮਣੇ ਸਾਕਾਰ ਰੂਪ ਲੈ ਲੈਂਦੀਆਂ ਹਨ ਤੇ ਜ਼ਿੰਦਗੀ ਦੀ ਫਿਲਮ ਦੀ ਰੀਲ ਪੁੱਠੀ ਘੁੰਮਣ ਲੱਗ ਪੈਂਦੀ ਹੈ। ਅਜਿਹਾ ਹੀ ਹੋਇਆ ਮੇਰੇ ਨਾਲ ਜਦੋਂ ਮੇਰੇ ਸਤਿਕਾਰਤ ਅਧਿਆਪਕਾ ਮੈਡਮ ਮਧੂ ਸ਼ਰਮਾ ਦਾ ਫੋਨ ਆਇਆ ਜੋ ਐੱਸਡੀ ਕੰਨਿਆ ਮਹਾਵਿਦਿਆਲਾ ਮਾਨਸਾ ਦੀ ਗੋਲਡਨ ਜੁਬਲੀ ਦੀਆਂ ਚੱਲ ਰਹੀਆਂ ਤਿਆਰੀਆਂ ਦੀ ਗੱਲ ਕਰ ਰਹੇ ਸਨ। ਸੱਚ ਜਾਣਿਓ, ਸਾਰੀ ਰਾਤ ਨੀਂਦ ਨਹੀਂ ਆਈ। ਯਾਦਾਂ ਦੇ ਸਮੁੰਦਰ ਦੇ ਗੋਤੇ ਨੀਂਦ ਕਿੱਥੇ ਆਉਣ ਦਿੰਦੇ ਹਨ। ਪੂਰੀ ਰਾਤ ਬੱਚਾ ਬਣ ਕੇ ਮੈਂ ਆਪਣੇ ਪਿਆਰੇ ਕਾਲਜ ਦੇ ਵਿਹੜੇ ਵਿਚ ਘੁੰਮਦੀ ਰਹੀ ਅਤੇ ਸੁਣਦੀ ਰਹੀ ਆਪਣੇ ਅਧਿਆਪਕਾਂ ਦੇ ਮੋਹ ਭਿੱਜੇ ਬੋਲ। ਮੇਰਾ ਪੇਕਾ ਤੇ ਜਨਮ ਸਥਾਨ ਛੋਟਾ ਜਿਹਾ ਸ਼ਹਿਰ ਮਾਨਸਾ ਹੈ ਅਤੇ ਇੱਥੇ ਦਾ ਛੋਟਾ ਜਿਹਾ ਡੱਬੇ ਵਰਗਾ ਕਾਲਜ ਐੱਸਡੀ ਕੰਨਿਆ ਮਹਾਵਿਦਿਆਲਾ ਵਿੱਦਿਆ ਦਾ ਚਾਨਣ-ਮੁਨਾਰਾ ਹੈ। ਇੱਥੇ ਬਹੁਤਾ ਇਨਫਰਾਸਟਰਕਚਰ ਨਹੀਂ ਸੀ ਪਰ ਸਿੱਖਣ-ਸਿਖਾਉਣ ’ਚ ਇਹ ਕਾਲਜ ਵੱਡੇ-ਵੱਡੇ ਕਾਲਜਾਂ ਨੂੰ ਮਾਤ ਦਿੰਦਾ ਸੀ। ਇਸ ਸੰਸਥਾ ਨੇ ਲੜਕੀਆਂ ਦੀ ਸਿੱਖਿਆ ਦਾ ਰਾਹ ਸੁਖਾਲਾ ਕੀਤਾ। ਇਸ ਕਾਲਜ ’ਚ ਮੈਂ ਸੰਨ 1989 ’ਚ ਦਾਖ਼ਲਾ ਲਿਆ ਸੀ। ਮੇਰੇ ਘਰ ਤੋਂ ਕਾਲਜ ਦਾ ਲਗਪਗ ਵੀਹ-ਪੱਚੀ ਮਿੰਟ ਦਾ ਪੈਦਲ ਰਸਤਾ ਸੀ।

ਗਲੀਆਂ ਵਿਚੋਂ ਦੀ ਹੁੰਦੇ ਹੋਏ ਰੇਲਵੇ ਲਾਈਨਾਂ ਪਾਰ ਕਰਨੀਆਂ। ਜੇ ਗੱਡੀ ਖੜ੍ਹੀ ਹੋਣੀ ਤਾਂ ਗੱਡੀ ਦੇ ਹੇਠੋਂ ਵੀ ਲੰਘ ਜਾਣਾ ਜਾਂ ਫਿਰ ਖੜ੍ਹੀ ਗੱਡੀ ਦੇ ਡੱਬੇ ’ਚੋਂ ਆਰ-ਪਾਰ ਹੋ ਕੇ ਦੋ ਕੁ ਗਲੀਆਂ ਹੋਰ ਪਾਰ ਕਰ ਕੇ ਪਹੁੰਚ ਜਾਣਾ ਕਾਲਜ ਜਿੱਥੇ ਦਿਨ ਦੀ ਸ਼ੁਰੂਆਤ ‘ਐ ਮਾਲਿਕ ਤੇਰੇ ਬੰਦੇ ਹਮ’ ਭਜਨ ਨਾਲ ਹੁੰਦੀ। ਇਸ ਭਜਨ ਨੂੰ ਬੋਲ ਅਤੇ ਸੁਣ ਕੇ ਚੰਗੇ ਕੰਮ ਕਰਨ ਅਤੇ ਆਸ਼ਾਵਾਦੀ ਸੋਚ ਦੇ ਧਾਰਨੀ ਹੋਣ ਦੀ ਪ੍ਰੇਰਨਾ ਸਦਾ ਮਿਲਦੀ ਰਹਿੰਦੀ ਹੈ। ਵਿਦਿਆਰਥੀਆਂ ਦੀ ਸ਼ਖ਼ਸੀਅਤ ’ਤੇ ਅਧਿਆਪਕਾਂ ਦਾ ਗਹਿਰਾ ਅਸਰ ਹੁੰਦਾ ਹੈ। ਚੰਗਾ ਅਧਿਆਪਕ ਚੰਗਾ ਰਾਹ ਦਸੇਰਾ ਹੁੰਦਾ ਹੈ। ਖ਼ੁਸ਼ਕਿਸਮਤ ਹੁੰਦੇ ਹਨ ਉਹ ਵਿਦਿਆਰਥੀ ਜਿਨ੍ਹਾਂ ਨੂੰ ਵਧੀਆ ਆਧਿਆਪਕਾਂ ਦੀ ਰਹਿਨੁਮਾਈ ਪ੍ਰਾਪਤ ਹੁੰਦੀ ਹੈ। ਮੈਂ ਵੀ ਇਸ ਗੱਲੋਂ ਆਪਣੇ-ਆਪ ਨੂੰ ਭਾਗਸ਼ਾਲੀ ਕਹਾਂਗੀ। ਉਸ ਸਮੇਂ ਕਾਲਜ ਦੀ ਵਾਗਡੋਰ ਬਹੁਤ ਹੀ ਅਨੁਭਵੀ ਹਸਤੀ ਮੈਡਮ ਡਾ. ਅੰਮ੍ਰਿਤ ਰੈਣਾ ਦੇ ਹੱਥ ਵਿਚ ਸੀ ਜੋ ਸੁਲਝੇ ਹੋਏ, ਅਣਥੱਕ ਮਿਹਨਤ ਕਰਨ ਵਾਲੇ, ਦ੍ਰਿੜ੍ਹ ਇਰਾਦੇ ਵਾਲੇ, ਲਗਨ ਅਤੇ ਹੌਸਲੇ ਦਾ ਮੁਜੱਸਮਾ ਸਨ। ਉਨ੍ਹਾਂ ਦੇ ਚਿਹਰੇ ’ਤੇ ਹਮੇਸ਼ਾ ਮੁਸਕਰਾਹਟ ਰਹਿੰਦੀ ਸੀ। ਆਪਣੇ ਕੰਮ ਲਈ ਤਤਪਰਤਾ ਅਤੇ ਸਮਰਪਣ ਦੀ ਭਾਵਨਾ ਮੈਂ ਆਪਣੇ ਪਰਿਵਾਰ ਦੇ ਨਾਲ-ਨਾਲ ਉਨ੍ਹਾਂ ਤੋਂ ਵੀ ਸਿੱਖੀ ਹੈ। ਮੈਡਮ ਜਗਮੋਹਨੀ ਚਾਵਲਾ ਅਤੇ ਮੈਡਮ ਮਧੂ ਸ਼ਰਮਾ ਜੋ ਸੂਰਤ ਤੇ ਸੀਰਤ ਦੋਨਾਂ ਦੇ ਧਨੀ ਹਨ, ਦੀਆਂ ਤਾਂ ਅਸੀਂ ਸਾਰੀਆਂ ਹੀ ਦੀਵਾਨੀਆਂ ਸਾਂ। ਸਾਡੀਆਂ ਨਜ਼ਰਾਂ ਉਨ੍ਹਾਂ ਦਾ ਹੀ ਪਿੱਛਾ ਕਰਦੀਆਂ ਰਹਿੰਦੀਆਂ। ਉਨ੍ਹਾਂ ਦੇ ਪੜ੍ਹਾਉਣ ਦਾ ਤਰੀਕਾ ਲਾਜਵਾਬ ਸੀ। ਉਹ ਪੂਰੀ ਤਨਦੇਹੀ ਨਾਲ ਆਪਣਾ ਫ਼ਰਜ਼ ਨਿਭਾਉਂਦੀਆਂ ਸਨ। ਉਨ੍ਹਾਂ ਤੋਂ ਸਾਨੂੰ ਬਹੁਤ ਪਿਆਰ ਅਤੇ ਅਪਣੱਤ ਮਿਲੀ ਹੈ। ਸ਼ਾਇਦ ਇਸੇ ਲਈ ਮੈਂ ਵੀ ਆਪਣੇ ਵਿਦਿਆਰਥੀਆਂ ਨੂੰ ਉਹੀ ਪਿਆਰ ਅਤੇ ਅਪਣੱਤ ਵੰਡ ਰਹੀ ਹਾਂ। ਇਕਨਾਮਿਕਸ ਵਾਲੇ ਮੈਡਮ ਹਰਵੀਨ ਨੇ ‘ਨੋ ਮਰਮਰਿੰਗ’ ‘ਨੋ ਮਰਮਰਿੰਗ’ ਕਹੀ ਜਾਣਾ ਪਰ ਲੜਕੀਆਂ ਦੀ ਫੁਸਫੁਸਾਹਟ ਬੰਦ ਹੀ ਨਾ ਹੋਣੀ। ਮੈਡਮ ਦਰਸ਼ਨਾ ਨੇ ਐੱਨਸੀਸੀ ਵਿਚ ਬੀ ਸਰਟੀਫਿਕੇਟ ਲੈਣ ਦੇ ਕਾਬਲ ਬਣਾਇਆ।

ਜਮਾਤਾਂ ਦੇ ਪਿਛਲੇ ਪਾਸੇ ਨਿੱਕੇ ਜਿਹੇ ਸਟੋਰ ਵਿੱਚੋਂ ਗੁੱਛਾ-ਮੁੱਛਾ ਐੱਨਸੀਸੀ ਦੀਆਂ ਵਰਦੀਆਂ ਮਿਲਣੀਆਂ ਜਿਨ੍ਹਾਂ ਨੂੰ ਧੋ-ਸਵਾਰ ਕੇ ਅਤੇ ਬੂਟ ਚਮਕਾ ਕੇ ਜਦੋਂ ਪਹਿਨਦੇ ਤਾਂ ਪੂਰੇ ਜਚ ਜਾਂਦੇ। ਮੈਡਮ ਵਿਸ਼ਿਸ਼ਟ ਨੇ ਪੋਲੀਟੀਕਲ ਸਾਇੰਸ ਵੀ ਪੜ੍ਹਾਈ ਅਤੇ ਐੱਨਐੱਸਐੱਸ ਦੇ ਕੈਂਪ ਲਗਾ ਕੇ ਸਮਾਜ ਸੇਵਾ ਦੀ ਚਿਣਗ ਵੀ ਲਗਾਈ। ਅੱਜ-ਕੱਲ੍ਹ ਵਿਦਿਆਰਥੀਆਂ ਨੂੰ ਇਹ ਭਰਮ ਰਹਿੰਦਾ ਹੈ ਕਿ ਛੋਟੇ ਸ਼ਹਿਰ ਦੀਆਂ ਵਿੱਦਿਅਕ ਸੰਸਥਾਵਾਂ ਵਿਚ ਸਿੱਖਣ ਅਤੇ ਅੱਗੇ ਵਧਣ ਦੇ ਪੂਰੇ ਮੌਕੇ ਨਹੀਂ ਮਿਲਦੇ। ਉਨ੍ਹਾਂ ਵਿਚ ਹਮੇਸ਼ਾ ਹੀ ਵੱਡੇ ਸ਼ਹਿਰ ਵਿਚ ਸਿੱਖਿਆ ਪ੍ਰਾਪਤ ਕਰਨ ਦੀ ਹੋੜ ਰਹਿੰਦੀ ਹੈ ਪਰ ਅਜਿਹਾ ਨਹੀਂ ਹੈ। ਅਜਿਹੀ ਜਗ੍ਹਾ ਤੁਹਾਡੀ ਸ਼ਖ਼ਸੀਅਤ ਨੂੰ ਨਿਖਾਰਨ ਦਾ ਮੌਕਾ ਸਗੋਂ ਵਧੇਰੇ ਮਿਲਦਾ ਹੈ। ਜੇਕਰ ਤੁਹਾਡੇ ਅੰਦਰ ਸਿੱਖਣ ਦੀ ਇੱਛਾ ਅਤੇ ਜਨੂੰਨ ਹੈ ਤਾਂ ਅੱਗੇ ਵਧਣ ਤੋਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਇੱਥੇ ਮੈਨੂੰ ਵਿੱਦਿਅਕ ਅਤੇ ਸਹਿ-ਵਿੱਦਿਅਕ ਗਤੀਵਿਧੀਆਂ ਵਿਚ ਭਾਗ ਲੈਣ ਦੇ ਪੂਰੇ ਮੌਕੇ ਮਿਲੇ। ਮੈਨੂੰ ਯਾਦ ਹੈ ਕਾਲਜ ਦਾ ਪੌੜੀਆਂ ਚੜ੍ਹ ਕੇ ਵੱਡਾ ਹਾਲ ਜਿੱਥੇ ਕਿੰਨੀ-ਕਿੰਨੀ ਦੇਰ ਕਵਿਤਾ ਮੁਕਾਬਲੇ, ਭਾਸ਼ਣ ਮੁਕਾਬਲੇ, ਗਰੁੱਪ ਸ਼ਬਦ, ਗੀਤ ਅਤੇ ਹੋਰ ਕਿਰਿਆਵਾਂ ਦਾ ਅਭਿਆਸ ਹੁੰਦਾ ਰਹਿੰਦਾ। ‘ਮੈਂ ਚਾਦਰ ਕੱਢਦੀ ਨੀ ਗਿਣ ਤੋਪੇ ਪਾਵਾਂ’ ਗੀਤ ਦੇ ਬੋਲ ਹਾਲੇ ਵੀ ਮੇਰੇ ਮਨ ਵਿਚ ਗੂੰਜਦੇ ਹਨ। ਮੈਂ ਇਕ ਸ਼ਰਮਾਕਲ ਜਿਹੀ ਕੁੜੀ ਸੀ ਪਰ ਇੱਥੇ ਆ ਕੇ ਮੇਰਾ ਸਟੇਜ ਦਾ ਡਰ ਉੱਡ-ਪੁੱਡ ਗਿਆ। ਜਦੋਂ ਮੈਂ ਜ਼ੋਨਲ ਯੂਥ ਫੈਸਟੀਵਲ ਵਿਚ ਕਵਿਤਾ ਮੁਕਾਬਲੇ ਵਿਚ ‘ਐ ਰਾਹੀ ਤੂ ਰੁਕ ਨਾ’ ਕਵਿਤਾ ਬੋਲ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਪੰਜਾਬੀ ਯੂਨੀਵਰਸਿਟੀ ਦੀ ਸਟੇਜ ’ਤੇ ਜਾ ਕੇ ਕਵਿਤਾ ਬੋਲੀ ਤਾਂ ਮੇਰੇ ਸਵੈ-ਵਿਸ਼ਵਾਸ ਵਿਚ ਅਥਾਹ ਵਾਧਾ ਹੋਇਆ। ਅਸੀਂ ਪੰਜ ਲੜਕੀਆਂ ਨੇ 1991 ਵਿਚ ਮਨਾਲੀ ਵਿਖੇ ਦਸ ਰੋਜ਼ਾ ਯੂਥ ਲੀਡਰਸ਼ਿਪ ਦਾ ਕੈਂਪ ਵੀ ਲਗਾਇਆ। ਹਾਲੇ ਵੀ ੳੇੁਹ ਡਾਇਰੀ ਮੇਰੇ ਕੋਲ ਸਾਂਭੀ ਹੋਈ ਹੈ ਜਿਸ ’ਤੇ ਉੱਥੇ ਕੀਤੀਆਂ ਗਤੀਵਿਧੀਆਂ ਬਾਰੇ ਗੱਲਾਂ ਦਰਜ ਹਨ। ਨਾਲ ਹੀ ਮੈਂ ਸਾਂਭਿਆ ਹੋਇਆ ਹੈ ‘ਬੈਸਟ ਸਪੀਕਰ’ ਦਾ ਕਾਲਜ ਕਲਰ।

ਅਧਿਆਪਕਾਂ ਦੀ ਯੋਗ ਅਗਵਾਈ ਅਤੇ ਹੱਲਾਸ਼ੇਰੀ ਨਾਲ ਵਿਦਿਆਰਥੀਆਂ ਦੁਆਰਾ ਜਿੱਤੇ ਸਰਟੀਫਿਕੇਟ ਤੇ ਮੈਡਲ ਹੀ ਉਸ ਦਾ ਅਨਮੋਲ ਖਜ਼ਾਨਾ ਹੁੰਦੇ ਹਨ ਜੋ ਉਸ ਨੂੰ ਹੋਰ ਅੱਗੇ ਵਧਣ ਦੀ ਪ੍ਰੇਰਨਾ ਦਿੰਦੇ ਹਨ। ਮੈਂ ਇਸ ਗੱਲੋਂ ਵੀ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਨੂੰ ਆਪਣੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਇਸ ਕਾਲਜ ਵਿਚ ਕੁਝ ਮਹੀਨੇ ਪੜ੍ਹਾਉਣ ਦਾ ਮੌਕਾ ਵੀ ਮਿਲਿਆ। ਹੁਣ ਵੀ ਅਧਿਆਪਕ ਹੋਣ ਦੇ ਨਾਤੇ ਜਦੋਂ ਮੈਂ ਆਪਣੇ ਵਿਦਿਆਰਥੀਆਂ ਵਿਚ ਵਿਚਰਦੀ ਹੋਈ ਉਨ੍ਹਾਂ ਨੂੰ ਜੀਵਨ ਜਾਚ ਸਿਖਾਉਂਦੀ ਹਾਂ ਤਾਂ ਮਨ ਆਪ-ਮੁਹਾਰੇ ਪ੍ਰਣਾਮ ਕਰਦਾ ਹੈ ਇਸ ਕਾਲਜ ਦੀ ਮਿੱਟੀ ਨੂੰ ਅਤੇ ਇੱਥੋਂ ਦੇ ਅਧਿਆਪਕਾਂ ਨੂੰ ਜਿਨ੍ਹਾਂ ਨੇ ਜੀਵਨ ਜਿਊਣ ਦਾ ਵੱਲ ਸਿਖਾਇਆ। ਅਖੀਰ ’ਤੇ ਮੈਂ ਇੱਥੇ ਸਿੱਖਿਆ ਪ੍ਰਾਪਤ ਕਰ ਰਹੀਆਂ ਸਾਰੀਆਂ ਧੀਆਂ ਨੂੰ ਏਹੀ ਕਹਾਂਗੀ ਕਿ ਪੜ੍ਹਾਈ ਕਰਨ ਦੇ ਮਿਲੇ ਮੌਕੇ ਨੂੰ ਕਦੇ ਵੀ ਅਜਾਈਂ ਨਾ ਗੁਆਓ ਅਤੇ ਵੱਧ ਤੋਂ ਵੱਧ ਸਿੱਖ ਕੇ ਆਪਣੇ ਜੀਵਨ ਦੇ ਨਿਸ਼ਾਨੇ ਪੂਰੇ ਕਰੋ। ਯਾਦ ਰੱਖੋ ‘ਜੇ ਅੱਗੇ ਵਧਣਾ ਫਿਤਰਤ ਤੇਰੀ, ਕੋਈ ਰੋਕ ਨਾ ਸਕਦਾ ਰਾਹਾਂ ਨੂੰ। ਮੀਂਹ, ਹਨੇਰੀ, ਝੱਖੜ, ਝੇੜੇ, ਵੀ ਸੱਦਾ ਦੇਣ ਬਹਾਰਾਂ ਨੂੰ।

ਨਾਲ ਹੀ ਮੈਂ ਆਪਣੇ ਪਿਆਰੇ ਕਾਲਜ ਲਈ ਦੁਆਂ ਮੰਗਦੀ ਹਾਂ:

ਚਮਕਾਂ ਮਾਰੇ ਵਿਚ ਅਸਮਾਨੀ, ਵਾਂਗੂੰ ਇਹ ਧਰੁਵ ਤਾਰਾ।

ਸ਼ਾਲਾ! ਜੀਵੇ ਮੇਰਾ ਕਾਲਜ ਪਿਆਰਾ।

ਬਣਿਆ ਰਹੇ ਹਨੇਰੇ ਰਾਹਾਂ ਦਾ, ਵਾਂਗੂੰ ਜੁਗਨੂੰ ਚਾਨਣ-ਮੁਨਾਰਾ।

ਸ਼ਾਲਾ! ਜੀਵੇ ਮੇਰਾ ਕਾਲਜ ਪਿਆਰਾ।

ਖੜ੍ਹਿਆ ਰਹੇ ਅਡੋਲ ਅਹਿੱਲ, ਵਾਂਗੂੰ ਹਿਮਾਲਿਆ ਇਕੱਲਾ ਨਿਆਰਾ।

ਸ਼ਾਲਾ! ਜੀਵੇ ਮੇਰਾ ਕਾਲਜ ਪਿਆਰਾ।

-ਡਾ. ਪਰਮਿੰਦਰ ਕੌਰ ਕਰਾਂਤੀ

-(ਲੈਕਚਰਾਰ ਅੰਗਰੇਜ਼ੀ, ਸ.ਸ.ਸ.ਸ. ਫ਼ੀਲਖਾਨਾ ਪਟਿਆਲਾ)।

-ਮੋਬਾਈਲ : 95010-24086

Posted By: Jagjit Singh