ਭਾਰਤੀ ਗਣਰਾਜ 72ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਪਿਛਲੇ ਲਗਪਗ ਇਕ ਸਾਲ ਤੋਂ ਪੂਰਾ ਦੇਸ਼ ਕੋਰੋਨਾ ਮਹਾਮਾਰੀ ਨਾਲ ਲੜ ਰਿਹਾ ਹੈ। ਕੋਰੋਨਾ ਯੋਧਿਆਂ ਨੂੰ ਵੈਕਸੀਨ ਲੱਗਣੇ ਸ਼ੁਰੂ ਹੋ ਗਏ ਹਨ। ਇਸ ਵਾਰ ਸਾਰੇ ਮੁਲਕ ’ਚ ਕੋਰੋਨਾ ਸਬੰਧੀ ਹਦਾਇਤਾਂ ਦਾ ਧਿਆਨ ਰੱਖਦਿਆਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ।

ਸੰਨ 1947 ਵਿਚ ਭਾਵੇਂ ਮੁਲਕ ਅੰਗਰੇਜ਼ਾਂ ਤੋਂ ਆਜ਼ਾਦ ਹੋ ਗਿਆ ਪਰ ਉਸ ਨੂੰ ਵੰਡ ਦਾ ਫੱਟ ਵੀ ਸਹਿਣਾ ਪਿਆ। ਦੇਸ਼ ਆਜ਼ਾਦ ਹੋਇਆ ਤਾਂ ਇਕ ਸੰਵਿਧਾਨ ਦੀ ਲੋੜ ਸੀ। ਇਸ ਲਈ ਭਾਰਤੀ ਸੰਵਿਧਾਨ ਸਭਾ ਦਾ ਗਠਨ ਕੀਤਾ ਗਿਆ ਸੀ ਜਿਸ ਦਾ ਮੁਖੀ ਡਾ. ਬੀਆਰ ਅੰਬੇਡਕਰ ਨੂੰ ਥਾਪਿਆ ਗਿਆ ਸੀ ਜਦਕਿ ਇਸ ਦੇ ਮੁੱਖ ਮੈਂਬਰਾਂ ’ਚ ਪੰਡਿਤ ਜਵਾਹਰਲਾਲ ਨਹਿਰੂ, ਡਾ. ਰਾਜਿੰਦਰ ਪ੍ਰਸਾਦ, ਸਰਦਾਰ ਵੱਲਭ ਭਾਈ ਪਟੇਲ, ਮੌਲਾਨਾ ਅਬੁਲ ਕਲਾਮ ਆਜ਼ਾਦ ਆਦਿ ਸਨ।

ਦੋ ਸਾਲ 11 ਮਹੀਨੇ ਅਤੇ 18 ਦਿਨ ਬਾਅਦ ਸੰਵਿਧਾਨ ਤਿਆਰ ਹੋਇਆ ਸੀ। ਭਾਰਤੀ ਸੰਵਿਧਾਨ ਸਭਾ ਨੇ 26 ਨਵੰਬਰ 1949 ਨੂੰ ਸੰਵਿਧਾਨ ਅਪਣਾਇਆ ਸੀ ਪਰ ਇਸ ਨੂੰ ਲਾਗੂ 26 ਜਨਵਰੀ 1950 ਨੂੰ ਕੀਤਾ ਗਿਆ ਸੀ। ਉਸ ਦਿਨ ਸਵੇਰੇ 10.18 ਵਜੇ ਭਾਰਤ ਗਣਤੰਤਰ ਬਣਿਆ। ਛੇ ਮਿੰਟ ਬਾਅਦ 10.24 ਵਜੇ ਡਾ. ਰਾਜਿੰਦਰ ਪ੍ਰਸਾਦ ਨੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਦੇ ਰੂਪ ਵਿਚ ਸਹੁੰ ਚੁੱਕੀ ਸੀ।

ਇਸ ਤੋਂ ਪਹਿਲਾਂ ਸੁਤੰਤਰ ਭਾਰਤ ਦੇ ਪਹਿਲੇ ਤੇ ਆਖ਼ਰੀ ਗਵਰਨਰ ਜਨਰਲ ਚੱਕਰਵਰਤੀ ਰਾਜਾਗੋਪਾਲਾਚਾਰੀ ਨੇ ਅਸਤੀਫ਼ਾ ਦੇ ਦਿੱਤਾ ਸੀ। ਡਾ. ਰਾਜਿੰਦਰ ਪ੍ਰਸਾਦ ਬੱਘੀ ’ਚ ਬੈਠ ਕੇ ਰਾਸ਼ਟਰਪਤੀ ਭਵਨ ਤੋਂ ਨਿਕਲੇ ਸਨ ਅਤੇ ਉਨ੍ਹਾਂ ਨੇ ਪਹਿਲੀ ਵਾਰ ਫ਼ੌਜੀ ਟੁਕੜੀਆਂ ਤੋਂ ਸਲਾਮੀ ਲਈ ਸੀ। ਇਸ ਤੋਂ ਬਾਅਦ ਹਰ ਸਾਲ ਗਣਤੰਤਰ ਦਿਵਸ ਮਨਾਇਆ ਜਾਣ ਲੱਗਾ।

ਗਣਤੰਤਰ ਦਿਵਸ ’ਤੇ ਦਿੱਲੀ ’ਚ 8 ਕਿਲੋਮੀਟਰ ਲੰਬੀ ਪਰੇਡ ਹੁੰਦੀ ਹੈ ਜਿਹੜੀ ਰਾਏਸੀਨਾ ਹਿੱਲ ਤੋਂ ਸ਼ੁਰੂ ਹੁੰਦੀ ਹੈ। ਇਸ ਦੌਰਾਨ ਰਾਸ਼ਟਰ ਗਾਨ ਦੌਰਾਨ 21 ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਹੈ। ਸੰਨ 1950 ਤੋਂ ਇਹ ਰਵਾਇਤ ਅੱਜ ਤਕ ਜਾਰੀ ਹੈ। ਸੱਤ ਦਹਾਕਿਆਂ ਦੀ ਯਾਤਰਾ ’ਚ ਸਾਡੇ ਗਣਤੰਤਰ ਦੀ ਚਮਕ ਦਿਨੋ-ਦਿਨ ਵੱਧਦੀ ਗਈ। ਨਾ ਸਿਰਫ਼ ਏਸ਼ੀਆ, ਅਫ਼ਰੀਕਾ ਅਤੇ ਲਤੀਨੀ ਅਮਰੀਕਾ ਬਲਕਿ ਯੂਰਪ ਦੇ ਬਹੁਤ ਸਾਰੇ ਦੇਸ਼ ਲੋਕਤੰਤਰ ਪਸੰਦ ਹਨ।

ਉਹ ਵਿਕਸਤ ਦੇਸ਼ਾਂ ਨਾਲੋਂ ਭਾਰਤ ਤੋਂ ਜ਼ਰੂਰੀ ਸਬਕ ਸਿੱਖਣਾ ਚਾਹੁੰਦੇ ਹਨ। ਕਸ਼ਮੀਰ ਤੋਂ ਨਾਗਾਲੈਂਡ ਤਕ ਗਣਤੰਤਰ ਦੀ ਜੈ-ਜੈਕਾਰ ਗੂੰਜ ਰਹੀ ਹੈ। ਭਾਰਤ ਦੇ ਨਾਲ-ਨਾਲ ਰਾਜਨੀਤਕ ਇਨਕਲਾਬਾਂ ਵਾਲੇ ਕਈ ਦੇਸ਼ਾਂ ਵਿਚ ਪਿਛਲੇ ਛੇ ਦਹਾਕਿਆਂ ਦੌਰਾਨ ਪੂਰੀ ਪ੍ਰਣਾਲੀ ਬਦਲ ਗਈ ਹੈ। ਸਮੇਂ ਦੀ ਜ਼ਰੂਰਤ ਅਤੇ ਨਵੀਆਂ ਚੁਣੌਤੀਆਂ ਨੂੰ ਧਿਆਨ ’ਚ ਰੱਖਦਿਆਂ ਭਾਰਤੀ ਸੰਵਿਧਾਨ ’ਚ ਵੀ ਬਹੁਤ ਸਾਰੀਆਂ ਸੋਧਾਂ ਕੀਤੀਆਂ ਗਈਆਂ ਪਰ ਮੁੱਢਲੀ ਵਿਚਾਰਧਾਰਾ, ਸਿਧਾਂਤਾਂ, ਆਦਰਸ਼ਾਂ ਅਤੇ ਤਰਜੀਹਾਂ ’ਚ ਕੋਈ ਤਬਦੀਲੀ ਨਹੀਂ ਕੀਤੀ ਗਈ। ਪਿਛਲਾ ਸਾਲ ਕੋਰੋਨਾ ਕਾਰਨ ਬਹੁਤ ਮੁਸ਼ਕਲਾਂ ਭਰਿਆ ਸੀ।

ਪੂਰੇ ਦੇਸ਼ ਨੇ ਇਸ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਉਮੀਦ ਹੈ ਕਿ ਅਸੀਂ ਜਲਦ ਹੀ ਇਸ ਮਹਾਮਾਰੀ ਨੂੰ ਹਰਾ ਦੇਵਾਂਗੇ। ਪਰ ਹਾਲੇ ਵੀ ਦੇਸ਼ ਦੇ ਸਾਹਮਣੇ ਕਈ ਚੁਣੌਤੀਆਂ ਬਰਕਰਾਰ ਹਨ। ਗ਼ਰੀਬੀ, ਭੁੱਖਮਰੀ, ਅਨਪੜ੍ਹਤਾ, ਬੇਰੁਜ਼ਗਾਰੀ, ਫਿਰਕਾਪ੍ਰਸਤੀ, ਅੱਤਵਾਦ ਆਦਿ ਅਨੇਕ ਦਿੱਕਤਾਂ ਅੱਜ ਤਕ ਦੂਰ ਨਹੀਂ ਹੋ ਸਕੀਆਂ ਹਨ। ਇਹ ਗਣਤੰਤਰ ਕਿਉਂਕਿ ਲੋਕਾਂ ਲਈ ਹੈ ਅਤੇ ਲੋਕਾਂ ਦਾ ਹੈ, ਇਸ ਲਈ ਲੋਕਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਆਪੋ-ਆਪਣੀ ਜ਼ਿੰਮੇਵਾਰੀ ਨੂੰ ਸਮਝਣ। ਆਓ! ਅੱਜ ਇਸ ਗਣਤੰਤਰ ਦਿਵਸ ਮੌਕੇ ਲੋਕਤੰਤਰ ਦੀ ਮਜ਼ਬੂਤੀ ਲਈ ਫ਼ਰਜ਼ ਨਿਭਾਉਣ ਦਾ ਪ੍ਰਣ ਕਰੀਏ।

Posted By: Jagjit Singh