ਨਵੀਂ ਦਿੱਲੀ (ਪੀਟੀਆਈ) : ਭਾਰਤੀ ਹਰਫ਼ਨਮੌਲਾ ਯੁਵਰਾਜ ਸਿੰਘ ਨੇ ਸੋਮਵਾਰ ਨੂੰ ਮਜ਼ਾਕੀਆ ਅੰਦਾਜ਼ ਵਿਚ ਸ਼ੋਇਬ ਅਖ਼ਤਰ ਨੂੰ ਯਾਦ ਦਿਵਾਇਆ ਕਿ ਬਾਊਂਸਰ 'ਤੇ ਬੱਲੇਬਾਜ਼ ਦੇ ਜ਼ਖ਼ਮੀ ਹੋਣ ਤੋਂ ਬਾਅਦ ਉਨ੍ਹਾਂ ਦਾ ਵਤੀਰਾ ਕਿਵੇਂ ਹੁੰਦਾ ਸੀ। ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਨੇ ਦੂਜੇ ਐਸ਼ੇਜ਼ ਟੈਸਟ ਦੌਰਾਨ ਸਟੀਵ ਸਮਿਥ ਨੂੰ ਬਾਊਂਸਰ ਲੱਗਣ ਤੋਂ ਬਾਅਦ ਉਨ੍ਹਾਂ ਦੇ ਹੇਠਾਂ ਡਿੱਗਣ ਦੇ ਬਾਵਜੂਦ ਇਸ ਆਸਟ੍ਰੇਲੀਆਈ ਬੱਲੇਬਾਜ਼ ਦਾ ਹਾਲ ਨਾ ਪੁੱਛਣ ਲਈ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੂੰ ਝਾੜ ਪਾਈ ਸੀ। ਅਖ਼ਤਰ ਨੇ ਐਤਵਾਰ ਨੂੰ ਟਵੀਟ ਕੀਤਾ ਸੀ ਕਿ ਬਾਊਂਸਰ ਖੇਡ ਦਾ ਹਿੱਸਾ ਹੈ ਪਰ ਜਦ ਵੀ ਗੇਂਦ ਬੱਲੇਬਾਜ਼ ਦੇ ਸਿਰ 'ਤੇ ਲਗਦੀ ਹੈ ਤਾਂ ਉਹ ਹੇਠਾਂ ਡਿੱਗ ਜਾਂਦਾ ਹੈ ਤਾਂ ਇਹ ਸ਼ਿਸ਼ਟਾਚਾਰ ਹੈ ਕਿ ਗੇਂਦਬਾਜ਼ ਉਸ ਦਾ ਹਾਲ ਚਾਲ ਪੁੱਛੇ। ਇਹ ਆਰਚਰ ਨੇ ਚੰਗਾ ਨਹੀਂ ਕੀਤਾ ਕਿ ਜਦ ਸਮਿਥ ਦਰਦ ਨਾਲ ਪਰੇਸ਼ਾਨ ਸਨ ਤਦ ਉਹ (ਆਰਚਰ) ਉਥੋਂ ਚਲੇ ਗਏ ਸਨ। ਮੈਂ ਹਮੇਸ਼ਾ ਸਭ ਤੋਂ ਪਹਿਲਾਂ ਬੱਲੇਬਾਜ਼ ਤਕ ਪੁੱਜਦਾ ਸੀ। ਯੁਵਰਾਜ ਨੇ ਇਸ ਦੇ ਜਵਾਬ ਵਿਚ ਅਖ਼ਤਰ ਨੂੰ ਟਵੀਟ ਕੀਤਾ ਕਿ ਹਾਂ, ਤੁਸੀਂ ਪੁੱਛਦੇ ਸੀ ਪਰ ਤੁਹਾਡੇ ਅਸਲੀ ਸ਼ਬਦ ਹੁੰਦੇ ਸੀ ਕਿ ਉਮੀਦ ਹੈ, ਤੁਸੀਂ ਠੀਕ ਹੋਵੋਗੇ ਕਿਉਂਕਿ ਕੁਝ ਹੋਰ (ਬਾਊਂਸਰ) ਆਉਣ ਵਾਲੇ ਹਨ। ਜ਼ਿਕਰਯੋਗ ਹੈ ਕਿ ਲਾਰਡਜ਼ ਟੈਸਟ ਮੈਚ ਦੇ ਚੌਥੇ ਦਿਨ ਆਰਚਰ ਦੇ ਸਪੈੱਲ ਵਿਚ ਸਮਿਥ ਦੋ ਵਾਰ ਜ਼ਖ਼ਮੀ ਹੋਏ। ਪਹਿਲੀ ਵਾਰ ਗੇਂਦ ਉਨ੍ਹਾਂ ਦੇ ਹੱਥ 'ਤੇ ਜਦਕਿ ਦੂਜੀ ਵਾਰ ਗਰਦਨ 'ਤੇ ਲੱਗੀ। ਸਮਿਥ ਜਦ 80 ਦੌੜਾਂ ਬਣਾ ਕੇ ਖੇਡ ਰਹੇ ਸਨ ਤਦ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਆਰਚਰ ਦੀ 92.3 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਕੀਤੀ ਗਈ ਗੇਂਦ ਉਨ੍ਹਾਂ ਦੀ ਗਰਦਨ 'ਤੇ ਸਿਰ ਦੇ ਵਿਚਾਲੇ ਵਾਲੇ ਹਿੱਸੇ 'ਚ ਲੱਗੀ ਤੇ ਉਹ ਡਿੱਗ ਗਏ। ਇਸ ਤੋਂ ਬਾਅਦ ਉਹ ਰਿਟਾਇਰ ਹਰਟ ਹੋ ਗਏ। ਹਾਲਾਂਕਿ 46 ਮਿੰਟ ਬਾਅਦ ਉਹ ਮੁੜ ਮੈਦਾਨ 'ਤੇ ਉਤਰੇ ਤੇ 92 ਦੌੜਾਂ ਬਣਾ ਕੇ ਕ੍ਰਿਸ ਵੋਕਸ ਦੀ ਗੇਂਦ 'ਤੇ ਲੱਤ ਅੜਿੱਕਾ ਆਊਟ ਹੋ ਗਏ। ਸਮਿਥ ਦੂਜੀ ਪਾਰੀ ਵਿਚ ਬੱਲੇਬਾਜ਼ੀ ਕਰਨ ਨਹੀਂ ਉਤਰ ਸਕੇ ਤੇ ਉਨ੍ਹਾਂ ਦੀ ਥਾਂ ਬਦਲਵੇਂ ਬੱਲੇਬਾਜ਼ ਮਾਰਨਸ ਲਾਬੂਸ਼ਾਨੇ ਬੱਲੇਬਾਜ਼ੀ ਕਰਨ ਉਤਰੇ ਤੇ ਉਹ ਟੈਸਟ ਇਤਿਹਾਸ ਦੇ ਪਹਿਲੇ ਬਦਲਵੇਂ ਬੱਲੇਬਾਜ਼ ਬਣੇ ਜਿਸ ਨੂੰ ਟੈਸਟ ਵਿਚਾਲੇ ਮੈਚ ਵਿਚ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ।