ਬੈਂਗਲੁਰੂ (ਪੀਟੀਆਈ) : ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਤੇ ਮੁੰਬਈ ਦੀ ਟੀਮ ਵੱਲੋਂ ਕ੍ਰਿਕਟ ਖੇਡਣ ਵਾਲੇ ਯਸ਼ਸਵੀ ਜਾਇਸਵਾਲ ਬੁੱਧਵਾਰ ਨੂੰ ਵਿਜੇ ਹਜ਼ਾਰੇ ਟਰਾਫੀ ਵਿਚ ਦੋਹਰਾ ਸੈਂਕੜਾ ਲਾਉਣ ਵਾਲੇ ਤੀਜੇ ਬੱਲੇਬਾਜ਼ ਬਣ ਗਏ। ਵਿਜੇ ਹਜ਼ਾਰੇ ਟਰਾਫੀ ਵਿਚ ਸ਼ੁਰੂਆਤ ਕਰ ਰਹੇ 17 ਸਾਲਾ ਯਸ਼ਸਵੀ ਨੇ ਇੱਥੇ ਝਾਰਖੰਡ ਦੇ ਖ਼ਿਲਾਫ਼ 154 ਗੇਂਦਾਂ ਵਿਚ 203 ਦੌੜਾਂ ਬਣਾਈਆਂ ਜਿਸ ਵਿਚ 12 ਛੱਕੇ ਤੇ 17 ਚੌਕੇ ਸ਼ਾਮਲ ਹਨ। ਯਸ਼ਸਵੀ ਦੀ ਪਾਰੀ ਦੀ ਮਦਦ ਨਾਲ ਮੁੰਬਈ ਨੇ 359 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਜਵਾਬ ਵਿਚ ਝਾਰਖੰਡ ਦੀ ਟੀਮ 319 ਦੌੜਾਂ 'ਤੇ ਆਲ ਆਊਟ ਹੋ ਕੇ ਮੈਚ 39 ਦੌੜਾਂ ਨਾਲ ਹਾਰ ਗਈ। ਵਿਰਾਟ ਸਿੰਘ (100) ਨੇ ਸੈਂਕੜਾ ਲਾਇਆ ਜਦਕਿ ਸੌਰਵ ਤਿਵਾੜੀ (77) ਨੇ ਅਰਧ ਸੈਂਕੜਾ ਲਾ ਕੇ ਟੀਮ ਨੂੰ ਮੈਚ ਜਿਤਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਕਾਫੀ ਨਹੀਂ ਸੀ। ਇਸ ਮੈਚ ਵਿਚ ਸਾਰਿਆਂ ਦੀਆਂ ਨਜ਼ਰਾਂ ਜਾਇਸਵਾਲ 'ਤੇ ਰਹੀਆਂ ਜਿਨ੍ਹਾਂ ਨੇ ਦੋਹਰਾ ਸੈਂਕੜਾ ਲਾ ਕੇ ਸਾਰਿਆਂ ਦਾ ਦਿਲ ਜਿੱਤ ਲਿਆ। ਲਿਸਟ ਏ ਵਿਚ ਦੋਹਰਾ ਸੈਂਕੜਾ ਲਾਉਣ ਵਾਲੇ ਉਹ ਨੌਵੇਂ ਭਾਰਤੀ ਬੱਲੇਬਾਜ਼ ਵੀ ਬਣ ਗਏ ਹਨ। ਪਿਛਲੇ ਹਫ਼ਤੇ ਕੇਰਲ ਦੇ ਸੰਜੂ ਸੈਮਸਨ ਨੇ ਗੋਆ ਖ਼ਿਲਾਫ਼ ਅਜੇਤੂ 212 ਦੌੜਾਂ ਬਣਾਈਆਂ ਸਨ। ਇਸ ਟੂਰਨਾਮੈਂਟ ਵਿਚ ਸਭ ਤੋਂ ਪਹਿਲਾ ਦੋਹਰਾ ਸੈਂਕੜਾ ਪਿਛਲੇ ਸੈਸ਼ਨ ਵਿਚ ਉੱਤਰਾਖੰਡ ਦੇ ਕਰਨਵੀਰ ਕੌਸ਼ਲ ਨੇ ਲਾਇਆ ਸੀ। ਉਨ੍ਹਾਂ ਨੇ ਸਿੱਕਮ ਖ਼ਿਲਾਫ਼ 202 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ ਸੀ। ਇਸ ਤੋਂ ਪਹਿਲਾਂ ਜਾਇਸਵਾਲ ਨੇ ਇਸ ਟੂਰਨਾਮੈਂਟ ਵਿਚ ਕੇਰਲ ਖ਼ਿਲਾਫ਼ 113 ਤੇ ਗੋਆ ਖ਼ਿਲਾਫ਼ 112 ਦੌੜਾਂ ਬਣਾਈਆਂ ਸਨ। ਟੂਰਨਾਮੈਂਟ ਦੇ ਇਸ ਸੈਸ਼ਨ ਵਿਚ ਉਹ ਦੋਹਰਾ ਸੈਂਕੜਾ ਲਾਉਣ ਵਾਲੇ ਦੂਜੇ ਬੱਲੇਬਾਜ਼ ਹਨ। ਇਸ ਤੋਂ ਪਹਿਲਾਂ ਇਸ ਸੈਸ਼ਨ ਵਿਚ ਸੰਜੂ ਨੇ ਦੋਹਰਾ ਸੈਂਕੜਾ ਲਾਇਆ ਸੀ। ਇਸ ਨਾਲ ਹੀ ਉਹ ਸਭ ਤੋਂ ਘੱਟ ਉਮਰ ਵਿਚ ਦੋਹਰਾ ਸੈਂਕੜਾ ਲਾਉਣ ਵਾਲੇ ਕ੍ਰਿਕਟਰ ਵੀ ਬਣ ਗਏ ਹਨ।

ਵਿਜੇ ਹਜ਼ਾਰੇ 'ਚ 200 ਦੌੜਾਂ :

ਵਿਜੇ ਹਜ਼ਾਰੇ 'ਚ ਦੋਹਰਾ ਸੈਂਕੜਾ ਲਾਉਣ ਵਾਲੇ ਬੱਲੇਬਾਜ਼ਾਂ ਵਿਚ ਕਰਨਵੀਰ ਕੌਸ਼ਲ (202, ਸਾਲ 2018), ਸੰਜੂ ਸੈਮਸਨ (ਅਜੇਤੂ 212, ਸਾਲ 2019), ਯਸ਼ਸਵੀ ਜਾਇਸਵਾਲ (212, ਸਾਲ 2019) ਸ਼ਾਮਲ ਹਨ।

ਲਿਸਟ ਏ 'ਚ ਦੋਹਰੇ ਸੈਂਕੜੇ :

ਲਿਸਟ ਏ ਵਿਚ ਦੋਹਰਾ ਸੈਂਕੜਾ ਲਾਉਣ ਵਾਲੇ ਭਾਰਤੀ ਕ੍ਰਿਕਟਰਾਂ 'ਚ ਰੋਹਿਤ ਸ਼ਰਮਾ (264), ਸ਼ਿਖਰ ਧਵਨ (248), ਵਰਿੰਦਰ ਸਹਿਵਾਗ (219), ਸੰਜੂ ਸੈਮਸਨ (212), ਰੋਹਿਤ ਸ਼ਰਮਾ (209), ਰੋਹਿਤ ਸ਼ਰਮਾ (208), ਕਰਨਵੀਰ ਕੌਸ਼ਲ (202), ਸਚਿਨ ਤੇਂਦੁਲਕਰ (ਅਜੇਤੂ 200), ਯਸ਼ਸਵੀ ਜਾਇਸਵਾਲ (212) ਸ਼ਾਮਲ ਹਨ।