ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਕੋਚ ਡਬਲਯੂਵੀ ਰਮਨ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਟੀਮ 21 ਫਰਵਰੀ ਤੋਂ ਆਸਟਰੇਲੀਆ 'ਚ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ 'ਚ ਕਪਿਲ ਦੇਵ ਦੀ ਅਗਵਾਈ ਵਾਲੀ ਵਿਸ਼ਵ ਕੱਪ ਜੇਤੂ ਟੀਮ ਦਾ ਕਾਰਨਾਮਾ ਦੁਹਰਾਉਣ ਦੀ ਸਮਰਥਾ ਰੱਖਦੀ ਹੈ। ਭਾਰਤੀ ਮਹਿਲਾ ਟੀਮ 21 ਫਰਵਰੀ ਨੂੰ ਆਸਟਰੇਲੀਆ ਖ਼ਿਲਾਫ਼ ਟੀ-20 ਵਿਸ਼ਵ ਕੱਪ 'ਚ ਆਪਣੀ ਮੁਹਿੰਮ ਸ਼ੁਰੂ ਕਰੇਗੀ। ਰਮਨ ਨੇ ਕਿਹਾ ਕਿ ਹਰਮਨਪ੍ਰੀਤਤ ਕੌਰ ਐਂਡ ਕੰਪਨੀ ਖ਼ਿਤਾਬ ਜਿੱਤਣ ਦੇ ਮੁੱਖ ਦਾਅਵੇਦਾਰਾਂ 'ਚੋਂ ਇਕ ਹੋਵੇਗੀ। ਭਾਰਤੀ ਮਹਿਲਾ ਟੀਮ ਨੇ ਕਦੇ ਵੀ ਆਈਸੀਸੀ ਟਰਾਫੀ ਹਾਸਲ ਨਹੀਂ ਕੀਤੀ ਹੈ। ਰਮਨ ਨੇ ਕਿਹਾ ਪੱਕੇ ਤੌਰ 'ਤੇ ਟੀਮ ਮੁੱਖ ਦਾਅਵੇਦਾਰਾਂ 'ਚੋਂ ਇਕ ਹੋਵੇਗੀ। ਉਨ੍ਹਾਂ 2017 ਵਿਸ਼ਵ ਕੱਪ 'ਚ (ਉਪ ਜੇਤੂ ਰਹਿ ਕੇ) ਤੇ 2018 ਟੀ-20 ਵਿਸ਼ਵ ਕੱਪ (ਸੈਮੀਫਾਈਨਲ 'ਚ ਪਹੁੰਚ ਕੇ) 'ਚ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਦਾ ਧਿਆਨ ਖਿੱਚਿਆ ਸੀ। ਇਸ ਤੋਂ ਬਾਅਦ ਟੀਮ 'ਚ ਫਿਟਨੈੱਸ, ਮੈਦਾਨ 'ਤੇ ਤੇਜ਼ੀ ਤੇ ਬੱਲੇਬਾਜ਼ੀ ਦੇ ਰਵੱਈਏ 'ਚ ਕਾਫੀ ਸੁਧਾਰ ਆਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਛੇ ਮਹੀਨਿਆਂ 'ਚ ਟੀਮ ਚੰਗੀ ਤਰ੍ਹਾਂ ਅੱਗੇ ਵੱਧ ਰਹੀ ਹੈ। ਜਦੋਂ ਮੈਂ ਟੀਮ ਨਾਲ ਜੁੜਿਆ ਸੀ, ਉਦੋਂ ਨੂੰ ਦੇਖਦੇ ਹੋਏ ਟੀਮ ਥੋੜੀ ਬਿਹਤਰ ਤੇ ਸੰਤੁਲਿਤ ਹੋਈ ਹੈ। ਇਨ੍ਹਾਂ ਖਿਡਾਰੀਆਂ ਕੋਲ ਇਸ ਵਿਸ਼ਵ ਕੱਪ 'ਚ ਕਾਫੀ ਵਧੀਆ ਮੌਕਾ ਹੈ। ਰਮਨ ਨੇ ਹਿਾ ਕਿ ਜੇ ਭਾਰਤ ਖ਼ਿਤਾਬ ਜਿੱਤ ਲੈਂਦਾ ਹੈ ਤਾਂ ਇਸ ਨਾਲ ਦੇਸ਼ 'ਚ ਮਹਿਲਾ ਕ੍ਰਿਕਟ ਨੂੰ ਕਾਫੀ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਜੇ ਉਹ ਅਜਿਹਾ ਕਰ ਲੈਂਦੀਆਂ ਹਨ ਤਾਂ ਉਹ ਸ਼ਾਇਦ ਉਹ ਕਰ ਲੈਣਗੀਆਂ ਜੋ ਕਪਿਲ ਦੇਵ ਦੀ ਵਿਸ਼ਵ ਕੱਪ ਜੇਤੂ ਟੀਮ ਨੇ 1983 'ਚ ਭਾਰਤੀ ਕ੍ਰਿਕਟ ਲਈ ਕੀਤਾ ਸੀ। ਜੇ ਉਹ ਇਸ ਖਿਤਾਬ ਨੂੰ ਜਿੱਤ ਲੈਂਦੀਆਂ ਹਨ ਤਾਂ ਉਹ ਸੁਪਰਸਟਾਰ ਬਣ ਜਾਣਗੀਆਂ।

ਭਾਰਤੀ ਬੱਲੇਬਾਜ਼ੀ ਬਾਰੇ ਉਨ੍ਹਾਂ ਕਿਹਾ ਕਿ ਬੱਲੇਬਾਜ਼ੀ ਪੱਕੇ ਤੌਰ 'ਤੇ ਚੰਗੀ ਹੈ। ਉਹ ਤਕਨੀਕੀ ਤੌਰ 'ਤੇ ਚੰਗੀ ਹੋਣ ਦੇ ਨਾਲ ਨਿਡਰਤਾ ਨਾਲ ਬੱਲੇਬਾਜ਼ੀ ਕਰਦੀਆਂ ਹਨ। ਉਹ ਤੇਜ਼ ਗੇਂਦਬਾਜ਼ਾਂ ਤੇ ਸਪਿਨਰਾਂ ਨੂੰ ਚੰਗੀ ਤਰ੍ਹਾਂ ਖੇਡਦੀਆਂ ਹਨ ਤੇ ਕਾਫੀ ਆਤਮ-ਵਿਸ਼ਵਾਸ਼ ਨਾਲ ਭਰੀਆਂ ਹਨ।

ਆਸਟਰੇਲੀਆ ਖ਼ਿਲਾਫ਼ ਸ਼ੁਰੂਆਤੀ ਮੈਚ ਹੋਵੇਗਾ ਅਹਿਮ : ਰੋਡਿ੍ਗੇਜ

ਸਿਡਨੀ : ਭਾਰਤੀ ਬੱਲੇਬਾਜ਼ ਜੇਮਿਮਾਹ ਰੋਡਿ੍ਗੇਜ 21 ਫਰਵਰੀ ਤੋਂ ਇੱਥੇ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ 'ਚ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਲਈ ਬੇਕਰਾਰ ਹੈ ਤੇ ਉਨ੍ਹਾਂ ਨੰੂ ਲੱਗਦਾ ਹੈ ਕਿ ਆਸਟਰੇਲੀਆ ਖ਼ਿਲਾਫ਼ ਸ਼ੁਰੂਆਤੀ ਮੁਕਾਬਲਾ ਉਨ੍ਹਾਂ ਦੇ ਕਰੀਅਰ ਦੇ ਸਭ ਤੋਂ ਅਹਿਮ ਮੈਚਾਂ 'ਚੋਂ ਇਕ ਹੋਵੇਗਾ। ਭਾਰਤ ਤੇ ਆਸਟਰੇਲੀਆ ਵਿਚਾਲੇ ਸਖ਼ਤ ਮੁਕਾਬਲਾ ਹੋਵੇਗਾ। ਦੋਵੇਂ ਟੀਮਾਂ ਬੁੱਧਵਾਰ ਨੂੰ ਤਿ੍ਕੋਣੀ ਟੀ-20 ਸੀਰੀਜ਼ ਦਾ ਫਾਈਨਲ ਖੇਡਣ ਤੋਂ ਬਾਅਦ ਵਿਸ਼ਵ ਕੱਪ 'ਚ ਖੇਡਣਗੀਆਂ ਜਿਸ 'ਚ ਆਸਟਰੇਲੀਆਂ ਨੇ 11 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ।