ਇੰਦੌਰ (ਪੀਟੀਆਈ) : ਆਸਟ੍ਰੇਲੀਆ ਵਿਚ ਹੋਣ ਵਾਲੀ ਮਹੱਤਵਪੂਰਨ ਤਿਕੋਣੀ ਸੀਰੀਜ਼ ਲਈ ਭਾਰਤੀ ਮਹਿਲਾ ਟੀਮ ਤੇ ਆਸਟ੍ਰੇਲੀਆ ਵਿਚ ਹੀ ਹੋਣ ਵਾਲੇ ਅਗਲੇ ਟੀ-20 ਵਿਸ਼ਵ ਕੱਪ ਲਈ ਸੰਭਾਵਿਤ ਖਿਡਾਰਨਾਂ ਦੀ ਚੋਣ ਐਤਵਾਰ ਨੂੰ ਮੁੰਬਈ ਵਿਚ ਕੀਤੀ ਜਾਵੇਗੀ। ਤਿਕੋਣੀ ਸੀਰੀਜ਼ ਦਾ ਆਗ਼ਾਜ਼ 31 ਜਨਵਰੀ ਨੂੰ ਕੈਨਬਰਾ ਵਿਚ ਹੋਵੇਗਾ ਜਿਸ ਵਿਚ ਭਾਰਤ ਤੋਂ ਇਲਾਵਾ ਇੰਗਲੈਂਡ ਤੇ ਆਸਟ੍ਰੇਲੀਆ ਦੀਆਂ ਟੀਮਾਂ ਹਿੱਸਾ ਲੈਣਗੀਆਂ। ਫਾਈਨਲ ਤੋਂ ਪਹਿਲਾਂ ਤਿੰਨੇ ਟੀਮਾਂ ਇਕ-ਦੂਜੇ ਖ਼ਿਲਾਫ਼ ਦੋ ਵਾਰ ਆਹਮੋ-ਸਾਹਮਣੇ ਹੋਣਗੀਆਂ। ਇਸ ਟੂਰਨਾਮੈਂਟ ਤੋਂ ਸਪੱਸ਼ਟ ਸੰਕੇਤ ਮਿਲਣਗੇ ਕਿ 21 ਫਰਵਰੀ ਤੋਂ ਸ਼ੁਰੂ ਹੋ ਰਹੇ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਤਿਆਰੀ ਕਿਹੋ ਜਿਹੀ ਹੈ। ਹਰਮਨਪ੍ਰਰੀਤ ਕੌਰ ਦੀ ਅਗਵਾਈ ਵਿਚ ਭਾਰਤ ਟੀ-20 ਵਿਸ਼ਵ ਕੱਪ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਪਹਿਲੇ ਦਿਨ ਮੇਜ਼ਬਾਨ ਤੇ ਚਾਰ ਵਾਰ ਦੇ ਚੈਂਪੀਅਨ ਆਸਟ੍ਰੇਲੀਆ ਖ਼ਿਲਾਫ਼ ਸਿਡਨੀ ਵਿਚ ਕਰੇਗਾ। ਮਹਿਲਾ ਕਿ੍ਕਟ ਵਿਚ ਆਸਟ੍ਰੇਲੀਆ ਤੇ ਇੰਗਲੈਂਡ ਦੋ ਸਭ ਤੋਂ ਕਾਮਯਾਬ ਟੀਮਾਂ ਵਿਚੋਂ ਹਨ। ਬੀਸੀਸੀਆਈ ਦੇ ਅਧਿਕਾਰੀ ਨੇ ਕਿਹਾ ਕਿ ਤਿਕੋਣੀ ਸੀਰੀਜ਼ ਮਹੱਤਵਪੂਰਨ ਹੋਵੇਗੀ। ਇਸ ਤੋਂ ਸਾਨੂੰ ਪਤਾ ਲੱਗੇਗਾ ਕਿ ਕੀ ਕੁੜੀਆਂ ਸਰਬੋਤਮ ਟੀਮਾਂ (ਆਸਟ੍ਰੇਲੀਆ ਤੇ ਇੰਗਲੈਂਡ) ਨੂੰ ਚੁਣੌਤੀ ਦੇ ਸਕਦੀਆਂ ਹਨ। ਜ਼ਿਆਦਾਤਰ ਖਿਡਾਰਨਾਂ ਦੀ ਚੋਣ ਲਗਭਗ ਤੈਅ ਹੈ ਇਸ ਲਈ ਹੈਰਾਨੀ ਵਾਲੇ ਨਾਂ ਦੀ ਉਮੀਦ ਨਾ ਕਰੋ। ਪੂਰੀ ਸੰਭਾਵਨਾ ਹੈ ਕਿ ਜੋ ਟੀਮ ਤਿਕੋਣੀ ਸੀਰੀਜ਼ ਵਿਚ ਖੇਡੇਗੀ ਉਹੀ ਟੀ-20 ਵਿਸ਼ਵ ਕੱਪ ਵਿਚ ਵੀ ਖੇਡੇਗੀ।

ਭਾਰਤ-ਏ ਦੀਆਂ ਖਿਡਾਰਨਾਂ 'ਤੇ ਹੋਵੇਗਾ ਵਿਚਾਰ :

ਹੇਮਲਤਾ ਕਾਲਾ ਦੀ ਅਗਵਾਈ ਵਾਲੀ ਚੋਣ ਕਮੇਟੀ ਜਦ ਤਿਕੋਣੀ ਸੀਰੀਜ਼ ਲਈ ਟੀਮ ਤੇ ਟੀ-20 ਵਿਸ਼ਵ ਕੱਪ ਲਈ ਸੰਭਾਵਿਤ ਖਿਡਾਰਨਾਂ ਦੀ ਚੋਣ ਕਰੇਗੀ ਤਾਂ ਪਿਛਲੇ ਮਹੀਨੇ ਆਸਟ੍ਰੇਲੀਆ ਦੌਰੇ 'ਤੇ ਭਾਰਤ-ਏ ਦੀਆਂ ਖਿਡਾਰਨਾਂ ਦੇ ਪ੍ਰਦਰਸ਼ਨ 'ਤੇ ਵਿਚਾਰ ਕੀਤਾ ਜਾਵੇਗਾ। ਸੀਨੀਅਰ ਪੱਧਰ 'ਤੇ ਖੇਡ ਚੁੱਕੀ 15 ਸਾਲ ਦੀ ਸ਼ੈਫਾਲੀ ਨੇ ਆਸਟ੍ਰੇਲੀਆ ਦੌਰੇ 'ਤੇ 50 ਓਵਰਾਂ ਦੇ ਮੈਚ ਵਿਚ ਭਾਰਤ-ਏ ਵੱਲੋਂ 78 ਗੇਂਦਾਂ ਵਿਚ 124 ਦੌੜਾਂ ਬਣਾ ਕੇ ਪ੍ਰਭਾਵਿਤ ਕੀਤਾ ਸੀ। ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਨਾ ਹੋਣ ਕਾਰਨ ਇਨ੍ਹਾਂ ਚੋਣਕਾਰਾਂ ਵੱਲੋਂ ਟੀ-20 ਵਿਸ਼ਵ ਕੱਪ ਟੀਮ ਚੁਣਨ ਦੀ ਸੰਭਾਵਨਾ ਹੈ। ਸੀਏਸੀ ਤੋਂ ਬਾਅਦ ਨਵਾਂ ਚੋਣ ਪੈਨਲ ਚੁਣਿਆ ਜਾਵੇਗਾ।