ਪ੍ਰੋਵੀਡੈਂਸ (ਪੀਟੀਆਈ) : ਭਾਰਤੀ ਸਪਿੰਨਰਾਂ ਰਾਧਾ ਯਾਦਵ (2/06), ਦੀਪਤੀ ਸ਼ਰਮਾ (2/12), ਪੂਨਮ ਯਾਦਵ (1/08) ਤੇ ਅਨੁਜਾ ਪਾਟਿਲ (1/13) ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਜੇਮੀਮਾ ਰਾਡਰਿਗਜ਼ (ਅਜੇਤੂ 40, 51 ਗੇਂਦਾਂ) ਨੇ ਬੱਲੇ ਨਾਲ ਬਿਹਤਰੀਨ ਪ੍ਰਦਰਸ਼ਨ ਕੀਤਾ ਜਿਸ ਨਾਲ ਭਾਰਤੀ ਮਹਿਲਾ ਟੀਮ ਨੇ ਇੱਥੇ ਵੈਸਟਇੰਡੀਜ਼ ਨੂੰ ਤੀਜੇ ਟੀ-20 ਅੰਤਰਰਾਸ਼ਟਰੀ ਮੈਚ ਵਿਚ ਸੱਤ ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਤੇ ਕਬਜ਼ਾ ਕੀਤਾ। ਭਾਰਤੀ ਸਪਿੰਨਰਾਂ ਅੱਗੇ ਕੈਰੇਬਿਆਈ ਟੀਮ 20 ਓਵਰਾਂ 'ਚ ਨੌਂ ਵਿਕਟਾਂ 'ਤੇ ਸਿਰਫ਼ 59 ਦੌੜਾਂ ਹੀ ਬਣਾ ਸਕੀ ਜਿਸ ਤੋਂ ਬਾਅਦ ਭਾਰਤ ਨੇ 16.4 ਓਵਰਾਂ ਵਿਚ ਤਿੰਨ ਵਿਕਟਾਂ 'ਤੇ 60 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕਰ ਲਿਆ।

ਲਗਾਤਾਰ ਦੂਜੀ ਸੀਰੀਜ਼

ਪੰਜ ਮੈਚਾਂ ਦੀ ਸੀਰੀਜ਼ 'ਚ ਭਾਰਤ ਨੇ ਹੁਣ 3-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਇਹ ਭਾਰਤ ਦੀ ਲਗਾਤਾਰ ਦੂਜੀ ਟੀ-20 ਸੀਰੀਜ਼ ਜਿੱਤ ਹੈ। ਪਿਛਲੇ ਮਹੀਨੇ ਭਾਰਤ ਨੇ ਘਰ ਵਿਚ ਦੱਖਣੀ ਅਫਰੀਕਾ ਨੂੰ ਵੀ ਹਰਾਇਆ ਸੀ।