ਨਵੀਂ ਦਿੱਲੀ (ਪੀਟੀਆਈ) : ਭਾਰਤ ਖ਼ਿਲਾਫ਼ ਟੈਸਟ ਸੀਰੀਜ਼ ਲਈ ਵੈਸਟਇੰਡੀਜ਼ ਨੇ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਵਿਚ ਕਪਤਾਨ ਜੇਸਨ ਹੋਲਡਰ ਦੀ ਵਾਪਸੀ ਹੋਈ ਹੈ ਜੋ ਸੱਟ ਕਾਰਨ ਇੰਗਲੈਂਡ ਖ਼ਿਲਾਫ਼ ਆਖ਼ਰੀ ਟੈਸਟ ਮੈਚ ਨਹੀਂ ਖੇਡ ਸਕੇ ਸਨ। ਵੈਸਟਇੰਡੀਜ਼-ਏ ਟੀਮ ਲਈ ਕਪਤਾਨੀ ਕਰਨ ਵਾਲੇ ਸ਼ਮਰਾਹ ਬਰੂਕਸ ਨੂੰ ਪਹਿਲੀ ਵਾਰ ਟੈਸਟ ਟੀਮ ਵਿਚ ਮੌਕਾ ਮਿਲਿਆ ਹੈ। ਜ਼ਿਕਰਯੋਗ ਹੈ ਕਿ ਦੋ ਮੈਚਾਂ ਦੀ ਟੈਸਟ ਸੀਰੀਜ਼ ਦੀ ਸ਼ੁਰੂਆਤ 22 ਅਗਸਤ ਤੋਂ ਏਂਟੀਗਾ ਵਿਚ ਹੋਵੇਗੀ। 13 ਮੈਂਬਰੀ ਟੀਮ ਵਿਚ ਕ੍ਰੇਗ ਬ੍ਰੇਥਵੇਟ ਵੀ ਸ਼ਾਮਲ ਹਨ। ਟੈਸਟ ਸੀਰੀਜ਼ ਲਈ ਆਫ ਸਪਿੰਨਰ ਰਹਕੀਮ ਕਾਰਨਵਾਲ ਨੂੰ ਵੀ ਪਹਿਲੀ ਵਾਰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਇੰਗਲੈਂਡ ਖ਼ਿਲਾਫ਼ ਪਿਛਲੀ ਟੈਸਟ ਸੀਰੀਜ਼ ਵਿਚ ਮਿਲੀ 2-1 ਦੀ ਇਤਿਹਾਸਕ ਜਿੱਤ ਵਿਚ ਮੇਜ਼ਬਾਨ ਟੀਮ ਦਾ ਹਿੱਸਾ ਰਹੇ ਤੇਜ਼ ਗੇਂਦਬਾਜ਼ ਅਲਜਾਰੀ ਜੋਸਫ ਤੇ ਜੋਮੇਲ ਵਾਰੀਕਨ ਨੂੰ ਜ਼ਖ਼ਮੀ ਹੋਣ ਕਾਰਨ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਕਾਰਨਵਾਲ ਦੀ ਤਰ੍ਹਾਂ ਬਰੂਕਸ ਨੇ ਵੀ ਹੁਣ ਤਕ ਮੇਜ਼ਬਾਨ ਟੀਮ ਲਈ ਕੋਈ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ। ਸੀਨੀਅਰ ਖਿਡਾਰੀ ਡੇਰੇਨ ਬਰਾਵੋ ਨੂੰ ਵੀ ਮੌਕਾ ਮਿਲਿਆ ਹੈ। ਟੀਮ ਵਿਚ ਬੱਲੇਬਾਜ਼ ਇਵਿਨ ਲੁਇਸ, ਤੇਜ਼ ਗੇਂਦਬਾਜ਼ ਸ਼ੇਲਡਨ ਕਾਟਰੇਲ ਤੇ ਓਸ਼ਾਨੇ ਥਾਮਸ ਦਾ ਨਾਂ ਸ਼ਾਮਲ ਨਹੀਂ ਹੈ ਜੋ ਵਨ ਡੇ ਤੇ ਟੀ-20 ਟੀਮ ਦਾ ਹਿੱਸਾ ਸਨ।

ਗੇਲ ਨੂੰ ਨਹੀਂ ਮਿਲਿਆ ਮੌਕਾ :

ਗੇਲ ਨੇ ਪਿਛਲਾ ਟੈਸਟ ਮੈਚ 2014 ਵਿਚ ਬੰਗਲਾਦੇਸ਼ ਖ਼ਿਲਾਫ਼ ਖੇਡਿਆ ਸੀ ਤੇ ਉਹ ਭਾਰਤ ਖ਼ਿਲਾਫ਼ ਸ਼ੁਰੂਆਤੀ ਵਨ ਡੇ ਵਿਚ ਲੈਅ ਵਿਚ ਨਹੀਂ ਦਿਖੇ ਸਨ ਜਿਸ ਵਿਚ ਉਹ ਕੁਲਦੀਪ ਯਾਦਵ ਦੀ ਗੇਂਦ 'ਤੇ ਆਊਟ ਹੋਣ ਤੋਂ ਪਹਿਲਾਂ 31 ਗੇਂਦਾਂ ਵਿਚ ਸਿਰਫ਼ ਚਾਰ ਦੌੜਾਂ ਹੀ ਬਣਾ ਸਕੇ ਸਨ। ਜੂਨ ਵਿਚ ਮਾਨਚੈਸਟਰ ਵਿਚ ਭਾਰਤ ਖ਼ਿਲਾਫ਼ ਵਿਸ਼ਵ ਕੱਪ ਮੈਚ ਤੋਂ ਪਹਿਲਾਂ ਗੇਲ ਨੇ ਆਖ਼ਰੀ ਟੈਸਟ ਮੈਚ ਖੇਡਣ ਦੀ ਇੱਛਾ ਜ਼ਾਹਰ ਕੀਤੀ ਸੀ ਤੇ ਉਹ ਅਜਿਹਾ ਕਿੰਗਸਟਨ ਵਿਚ ਸਬੀਨਾ ਪਾਰਕ ਵਿਚ ਆਪਣੇ ਘਰੇਲੂ ਮੈਦਾਨ ਵਿਚ ਹੀ ਚਾਹੁੰਦੇ ਸਨ। ਹਾਲਾਂਕਿ ਰਾਬਰਟ ਹਾਇਨੇਸ ਦੀ ਪ੍ਰਧਾਨਗੀ ਵਾਲੀ ਵੈਸਟਇੰਡੀਜ਼ ਚੋਣ ਕਮੇਟੀ ਨੇ ਅਜਿਹਾ ਨਹੀਂ ਕੀਤਾ। ਟੈਸਟ ਸੀਰੀਜ਼ ਦਾ ਪਹਿਲਾ ਮੈਚ ਏਂਟੀਗਾ ਵਿਚ 22 ਅਗਸਤ ਤੋਂ ਹੋਵੇਗਾ ਜਦਕਿ ਦੂਜਾ ਟੈਸਟ ਮੈਚ ਜਮੈਕਾ ਵਿਚ 30 ਅਗਸਤ ਤੋਂ ਸ਼ੁਰੂ ਹੋਵੇਗਾ।

ਟੈਸਟ ਸੀਰੀਜ਼ ਲਈ ਵਿੰਡੀਜ਼ ਟੀਮ :

ਜੇਸਨ ਹੋਲਡਰ (ਕਪਤਾਨ), ਕ੍ਰੇਗ ਬ੍ਰੇਥਵੇਟ, ਡੇਰੇਨ ਬਰਾਵੋ, ਸ਼ਮਰਾਹ ਬਰੂਕਸ, ਜਾਨ ਕੈਂਪਬੇਲ, ਰੋਸਟਨ ਚੇਜ, ਰਹਕੀਮ ਕਾਰਨਵਾਲ, ਸ਼ੇਨ ਡਾਊਰਿਚ, ਸ਼ੇਨਾਨ ਗੈਬਰੀਅਲ, ਸ਼ਿਮਰਾਨ ਹੇਟਮਾਇਰ, ਸ਼ਾਈ ਹੋਪ, ਕੀਮੋ ਪਾਲ, ਕੇਮਾਰ ਰੋਚ।