ਗ੍ਰਾਸ ਆਈਲੈਟ (ਪੀਟੀਆਈ) : ਆਫ ਸਪਿੰਨਰ ਦੀਪਤੀ ਸ਼ਰਮਾ ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਨੌਜਵਾਨ ਬੱਲੇਬਾਜ਼ ਸ਼ੈਫਾਲੀ ਵਰਮਾ ਦੇ ਲਗਾਤਾਰ ਦੂਜੇ ਅਰਧ ਸੈਂਕੜੇ ਨਾਲ ਭਾਰਤੀ ਮਹਿਲਾ ਟੀਮ ਨੇ ਇੱਥੇ ਦੂਜੇ ਟੀ-20 ਮੈਚ ਵਿਚ ਵੈਸਟਇੰਡੀਜ਼ 'ਤੇ 10 ਵਿਕਟਾਂ ਨਾਲ ਵੱਡੀ ਜਿੱਤ ਦਰਜ ਕੀਤੀ। 15 ਸਾਲਾ ਸ਼ੈਫਾਲੀ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਤੇ 35 ਗੇਂਦਾਂ 'ਤੇ ਅਜੇਤੂ 69 ਦੌੜਾਂ ਬਣਾਈਆਂ ਜਿਸ ਵਿਚ 10 ਚੌਕੇ ਤੇ ਦੋ ਛੱਕੇ ਸ਼ਾਮਲ ਹਨ। ਦੂਜੀ ਸਲਾਮੀ ਬੱਲੇਬਾਜ਼ ਸਮਿ੍ਤੀ ਮੰਧਾਨਾ 30 ਦੌੜਾਂ ਬਣਾ ਕੇ ਅਜੇਤੂ ਰਹੀ। ਭਾਰਤ ਨੇ 10.3 ਓਵਰਾਂ ਵਿਚ ਬਿਨਾਂ ਕਿਸੇ ਨੁਕਸਾਨ ਦੇ 104 ਦੌੜਾਂ ਬਣਾ ਕੇ ਪੰਜ ਮੈਚਾਂ ਦੀ ਸੀਰੀਜ਼ ਵਿਚ 2-0 ਦੀ ਬੜ੍ਹਤ ਬਣਾਈ। ਇਸ ਤੋਂ ਪਹਿਲਾਂ ਦੀਪਤੀ ਨੇ 10 ਦੌੜਾਂ ਦੇ ਕੇ ਚਾਰ ਵਿਕਟਾਂ ਲੈ ਕੇ ਆਪਣੇ ਕਰੀਅਰ ਦਾ ਸਰਬੋਤਮ ਪ੍ਰਦਰਸ਼ਨ ਕੀਤਾ ਤੇ ਵੈਸਟਇੰਡੀਜ਼ ਨੂੰ ਸੱਤ ਵਿਕਟਾਂ 'ਤੇ 103 ਦੌੜਾਂ ਹੀ ਬਣਾਉਣ ਦਿੱਤੀਆਂ। ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਸ਼ਿਖਾ ਪਾਂਡੇ ਨੇ ਸਟੈਸੀ ਐੱਨ ਕਿੰਗ (07))) ਨੂੰ ਆਊਟ ਕਰ ਕੇ ਭਾਰਤ ਨੂੰ ਪਹਿਲੀ ਕਾਮਯਾਬੀ ਦਿਵਾਈ। ਵਿਕਟਕੀਪਰ ਬੱਲੇਬਾਜ਼ ਸ਼ੇਮਾਈਨ ਕੈਂਪਬੈਲ (00) ਵੀ ਆਉਂਦੇ ਹੀ ਪਵੇਲੀਅਨ ਮੁੜ ਗਈ। ਉਨ੍ਹਾਂ ਨੂੰ ਸਪਿੰਨਰ ਰਾਧਾ ਯਾਦਵ ਨੇ ਸਟੰਪ ਆਊਟ ਕਰਵਾਇਆ। ਸਲਾਮੀ ਬੱਲੇਬਾਜ਼ ਹੇਲੀ ਮੈਥਿਊਜ਼ (23) ਤੇ ਚੇਡੀਨ ਨੇਸ਼ਨਸ (32) ਨੇ ਵੈਸਟਇੰਡੀਜ਼ ਦੀ ਪਾਰੀ ਸੰਵਾਰਨ ਦੀ ਕੋਸ਼ਿਸ਼ ਕੀਤੀ ਪਰ ਉਹ 32 ਦੌੜਾਂ ਹੀ ਜੋੜ ਸਕੀਆਂ। ਪੂਜਾ ਵਸਤ੍ਰਾਕਰ ਨੇ ਮੈਥਿਊਜ਼ ਨੂੰ ਆਊਟ ਕਰ ਕੇ ਇਹ ਭਾਈਵਾਲੀ ਤੋੜੀ। ਇਸ ਤੋਂ ਬਾਅਦ ਦੀਪਤੀ ਹਾਵੀ ਹੋ ਗਈ ਜਿਨ੍ਹਾਂ ਨੇ ਆਖ਼ਰੀ ਚਾਰ ਓਵਰਾਂ ਵਿਚ ਚਾਰ ਵਿਕਟਾਂ ਲਈਆਂ। ਨਤਾਸ਼ਾ ਮੈਕਲੀਨ (17) ਦੋਹਰੇ ਅੰਕ ਵਿਚ ਪੁੱਜਣ ਵਾਲੀ ਤੀਜੀ ਕੈਰੇਬੀਆਈ ਬੱਲੇਬਾਜ਼ ਸੀ।

ਵਿੰਡੀਜ਼ ਨੇ ਸੱਤ ਗੇਂਦਬਾਜ਼ ਅਜ਼ਮਾਏ :

ਸ਼ੈਫਾਲੀ ਨੇ ਆਪਣੀ ਸ਼ਾਨਦਾਰ ਲੈਅ ਨੂੰ ਜਾਰੀ ਰੱਖਿਆ। ਉਨ੍ਹਾਂ ਦੇ ਨਾਲ ਮੰਧਾਨਾ ਨੇ ਸਿਰਫ਼ ਸਹਾਇਕ ਦੀ ਭੂਮਿਕਾ ਨਿਭਾਈ। ਮੰਧਾਨਾ ਦੀ 28 ਗੇਂਦਾਂ ਦੀ ਪਾਰੀ ਵਿਚ ਚਾਰ ਚੌਕੇ ਸ਼ਾਮਲ ਹਨ। ਵੈਸਟਇੰਡੀਜ਼ ਦੀ ਕਪਤਾਨ ਅਨੀਸਾ ਮੁਹੰਮਦ ਨੇ ਸੱਤ ਗੇਂਦਬਾਜ਼ਾਂ ਨੂੰ ਅਜ਼ਮਾਇਆ ਪਰ ਇਸ ਦਾ ਭਾਰਤੀ ਸਲਾਮੀ ਜੋੜੀ 'ਤੇ ਕੋਈ ਅਸਰ ਨਹੀਂ ਪਿਆ।