ਬਿ੍ਸਟਲ (ਏਐੱਫਪੀ) : ਸ੍ਰੀਲੰਕਾ ਦੇ ਖ਼ਿਲਾਫ਼ ਬਾਰਿਸ਼ ਕਾਰਨ ਮੈਚ ਰੱਦ ਹੋਣ ਨੂੰ ਪਾਕਿਸਤਾਨੀ ਕਪਤਾਨ ਸਰਫ਼ਰਾਜ਼ ਅਹਿਮਦ ਨੇ 'ਬਦਕਿਸਮਤੀ' ਕਰਾਰ ਦਿੱਤਾ ਪਰ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਟੀਮ ਦੀ ਲੈਅ ਨਹੀਂ ਵਿਗੜੇਗੀ। ਪਾਕਿਸਤਾਨ ਨੇ ਇਸ ਤੋਂ ਪਹਿਲਾਂ ਖ਼ਿਤਾਬ ਦੇ ਮੁੱਖ ਦਾਅਵੇਦਾਰ ਇੰਗਲੈਂਡ ਨੂੰ ਹਰਾਇਆ ਸੀ ਤੇ ਸਰਫ਼ਰਾਜ਼ ਨੇ ਕਿਹਾ ਕਿ ਅਗਲੇ ਹਫ਼ਤੇ ਉਨ੍ਹਾਂ ਦੀ ਟੀਮ ਉਥੋਂ ਸ਼ੁਰੂਆਤ ਕਰੇਗੀ। ਪਾਕਿਸਤਾਨ ਨੂੰ ਪਹਿਲੇ ਮੈਚ ਵਿਚ ਵੈਸਟਇੰਡੀਜ਼ ਹੱਥੋਂ ਕਰਾਰੀ ਹਾਰ ਸਹਿਣੀ ਪਈ ਸੀ ਪਰ ਇਸ ਤੋਂ ਬਾਅਦ ਉਸ ਨੇ ਇੰਗਲੈਂਡ ਨੂੰ ਹਰਾ ਕੇ ਸ਼ਾਨਦਾਰ ਵਾਪਸੀ ਕੀਤੀ। ਸਰਫ਼ਰਾਜ਼ ਨੇ ਕਿਹਾ ਕਿ ਇਕ ਟੀਮ ਵਜੋਂ ਇੰਗਲੈਂਡ 'ਤੇ ਮਿਲੀ ਜਿੱਤ ਨਾਲ ਲੈਅ ਹਾਸਿਲ ਕਰਨ ਤੋਂ ਬਾਅਦ ਅਸੀਂ ਅਸਲ ਵਿਚ ਇਸ ਮੈਚ ਵਿਚ ਖੇਡਣ ਲਈ ਬੇਤਾਬ ਸੀ। ਇਹ ਬਦਕਿਸਮਤੀ ਹੈ ਕਿ ਅਸੀਂ ਇਹ ਮੈਚ ਨਹੀਂ ਖੇਡ ਸਕੇ। ਇੰਗਲੈਂਡ ਨੂੰ ਹਰਾਉਣ ਤੋਂ ਬਾਅਦ ਸਾਡੀ ਟੀਮ ਆਤਮਵਿਸ਼ਵਾਸ ਨਾਲ ਭਰੀ ਹੈ। ਅਸੀਂ ਜਿੱਤ ਦੀ ਇਸ ਲੈਅ ਨੂੰ ਅਗਲੇ ਮੈਚਾਂ ਵਿਚ ਵੀ ਜਾਰੀ ਰੱਖਣਾ ਚਾਹਾਂਗੇ। ਅਸੀਂ ਆਪਣੇ ਬਾਕੀ ਬਚੇ ਛੇ ਮੈਚਾਂ ਵਿਚ ਚੌਕਸ ਰਹਾਂਗੇ।

ਆਸਟ੍ਰੇਲੀਆ ਇਕ ਮਜ਼ਬੂਤ ਟੀਮ :

ਪਾਕਿਸਤਾਨ ਦਾ ਅਗਲਾ ਮੈਚ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨਾਲ ਹੋਵੇਗਾ। ਸਰਫ਼ਰਾਜ਼ ਨੇ ਕਿਹਾ ਕਿ ਟੂਰਨਾਮੈਂਟ ਦੀਆਂ ਹੋਰ ਟੀਮਾਂ ਵਾਂਗ ਆਸਟ੍ਰੇਲੀਆ ਵੀ ਸਖ਼ਤ ਵਿਰੋਧੀ ਹੈ। ਉਸ ਦੀ ਟੀਮ ਵੀ ਚੰਗੀ ਲੈਅ ਵਿਚ ਹੈ ਕਿਉਂਕਿ ਉਸ ਨੇ ਆਪਣੇ ਪਹਿਲੇ ਦੋਵੇਂ ਮੈਚ ਜਿੱਤੇ ਹਨ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਐਤਵਾਰ ਨੂੰ ਭਾਰਤ ਨਾਲ ਭਿੜਨਾ ਹੈ ਤੇ ਪਾਕਿਸਤਾਨ ਨੂੰ ਇਸ ਮੈਚ ਦੀ ਤਿਆਰੀ ਲਈ ਆਰਾਮ ਦਾ ਕਾਫੀ ਮੌਕਾ ਮਿਲੇਗਾ।