ਸਿਡਨੀ : ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬ੍ਰੈਟ ਲੀ ਨੇ ਕਿਹਾ ਹੈ ਕਿ ਟੀ-20 ਫਾਰਮੈਟ ਵਿਚ ਸਾਨੂੰ ਕਾਫੀ ਕਾਮਯਾਬੀ ਨਹੀਂ ਮਿਲੀ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਸ ਵਿਚ ਤਬਦੀਲੀ ਕਰੀਏ। ਮੇਰੀ ਨਜ਼ਰ ਵਿਚ ਡੇਵਿਡ ਵਾਰਨਰ ਅਹਿਮ ਰਹਿਣਗੇ। ਉਨ੍ਹਾਂ ਨੇ ਅਗਲੇ ਮੈਚਾਂ ਲਈ ਦੌੜਾਂ ਬਚਾ ਕੇ ਰੱਖੀਆਂ ਹਨ। ਉਨ੍ਹਾਂ ਨਾਲ ਆਈਪੀਐੱਲ ਵਿਚ ਕਾਫੀ ਸਖ਼ਤ ਵਤੀਰਾ ਕੀਤਾ ਗਿਆ ਤੇ ਇਸ ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਕੁਝ ਹੱਦ ਤਕ ਘੱਟ ਹੋਇਆ ਹੋਵੇਗਾ ਪਰ ਉਹ ਵੱਡੇ ਮੰਚ ’ਤੇ ਚੰਗਾ ਪ੍ਰਦਰਸ਼ਨ ਕਰਦੇ ਹਨ।

ਕੁਝ ਮੈਚਾਂ ’ਚੋਂ ਬਾਹਰ ਹੋ ਸਕਦੇ ਨੇ ਵਿਲੀਅਮਸਨ

ਆਬੂ ਧਾਬੀ : ਨਿਊਜ਼ੀਲੈਂਡ ਦੇ ਮੁੱਖ ਕੋਚ ਗੈਰੀ ਸਟੀਡ ਨੇ ਖ਼ੁਲਾਸਾ ਕੀਤਾ ਹੈ ਕਿ ਕੂਹਣੀ ਦੀ ਸੱਟ ਕਾਰਨ ਕਪਤਾਨ ਕੇਨ ਵਿਲੀਅਮਸਨ ਟੀ-20 ਵਿਸ਼ਵ ਕੱਪ ਦੇ ਕੁਝ ਮੈਚਾਂ ’ਚੋਂ ਬਾਹਰ ਰਹਿ ਸਕਦੇ ਹਨ। ਨਿਊਜ਼ੀਲੈਂਡ ਨੂੰ ਬੁੱਧਵਾਰ ਨੂੰ ਅਭਿਆਸ ਮੈਚ ਵਿਚ ਇੰਗਲੈਂਡ ਨੇ 13 ਦੌੜਾਂ ਨਾਲ ਹਰਾਇਆ ਸੀ। ਵਿਲੀਅਮਸਨ ਮੈਚ ਵਿਚ ਫੀਲਡਿੰਗ ਕਰਦੇ ਦਿਖਾਈ ਦਿੱਤੇ ਪਰ ਅਹਿਤਿਆਤ ਵਜੋਂ ਬੱਲੇਬਾਜ਼ੀ ਨਹੀਂ ਕੀਤੀ। ਸਟੀਡ ਨੇ ਕਿਹਾ ਕਿ ਪਹਿਲੇ ਅਭਿਆਸ ਮੈਚ ਤੋਂ ਬਾਅਦ ਵਿਲੀਅਮਸਨ ਦੀ ਕੂਹਣੀ ਦੀ ਸੱਟ ਵਧ ਗਈ ਹੈ।

ਪਾਕਿ ਖ਼ਿਲਾਫ਼ ਰਾਹੁਲ ਤੇ ਪੰਤ ਵੱਡਾ ਖ਼ਤਰਾ : ਹੇਡਨ

ਕਰਾਚੀ : ਸਾਬਕਾ ਆਸਟ੍ਰੇਲਿਆਈ ਬੱਲੇਬਾਜ਼ ਮੈਥਿਊ ਹੇਡਨ ਨੇ ਕਿਹਾ ਹੈ ਕਿ ਦੁਬਈ ਵਿਚ ਪਾਕਿਸਤਾਨ ਖ਼ਿਲਾਫ਼ 24 ਅਕਤੂਬਰ ਨੂੰ ਹੋਣ ਵਾਲੇ ਮੈਚ ਵਿਚ ਭਾਰਤੀ ਬੱਲੇਬਾਜ਼ ਲੋਕੇਸ਼ ਰਾਹੁਲ ਤੇ ਰਿਸ਼ਭ ਪੰਤ ਵੱਡਾ ਖ਼ਤਰਾ ਹੋਣਗੇ। ਪਾਕਿਸਤਾਨ ਦੀ ਟੀਮ ਦੇ ਨਾਲ ਬੱਲੇਬਾਜ਼ੀ ਸਲਾਹਕਾਰ ਦੇ ਰੂਪ ਵਿਚ ਕੰਮ ਕਰ ਰਹੇ ਹੇਡਨ ਨੇ ਕਿਹਾ ਕਿ ਮੈਂ ਲੋਕੇਸ਼ ਰਾਹੁਲ ਨੂੰ ਤਰੱਕੀ ਕਰਦੇ ਹੋਏ ਦੇਖਿਆ ਹੈ ਤੇ ਉਹ ਪਾਕਿਸਤਾਨ ਲਈ ਵੱਡਾ ਖ਼ਤਰਾ ਹੋਣਗੇ। ਮੈਂ ਰਿਸ਼ਭ ਪੰਤ ਨੂੰ ਵੀ ਦੇਖਿਆ ਹੈ ਉਹ ਗੇਂਦਬਾਜ਼ਾਂ ਦਾ ਕੁਟਾਪਾ ਚਾੜ੍ਹ ਸਕਦੇ ਹਨ।

ਭਾਰਤ ਕੋਲ ਕੁਝ ਚੰਗੇ ਮੈਚ ਜੇਤੂ ਹਨ : ਸਟੀਵ ਸਮਿਥ

ਮੈਲਬੌਰਨ : ਆਸਟ੍ਰੇਲੀਆ ਦੇ ਤਜਰਬੇਕਾਰ ਬੱਲੇਬਾਜ਼ ਸਟੀਵ ਸਮਿਥ ਨੇ ਕਿਹਾ ਹੈ ਕਿ ਭਾਰਤ ਦੀ ਸ਼ਾਨਦਾਰ ਟੀਮ ਕੋਲ ਟੀ-20 ਵਿਸ਼ਵ ਕੱਪ ਵਿਚ ਕੁਝ ਚੰਗੇ ਮੈਚ ਜੇਤੂ ਹਨ ਤੇ ਵਿਰਾਟ ਕੋਹਲੀ ਦੀ ਟੀਮ ਖ਼ਿਤਾਬ ਦੀ ਮੁੱਖ ਦਾਅਵੇਦਾਰ ਹੋਵੇਗੀ। ਭਾਰਤ ਨੇ ਅਭਿਆਸ ਮੈਚ ਵਿਚ ਆਸਟ੍ਰੇਲੀਆ ਨੂੰ ਅੱਠ ਵਿਕਟਾਂ ਨਾਲ ਦਰੜਿਆ ਸੀ। ਕੋਹਲੀ ਨੇ ਇਸ ਮੈਚ ਵਿਚ ਗੇਂਦਬਾਜ਼ੀ ਕੀਤੀ ਸੀ ਕਿਉਂਕਿ ਭਾਰਤ ਛੇਵੇਂ ਗੇਂਦਬਾਜ਼ੀ ਬਦਲ ਦੀ ਭਾਲ ਵਿਚ ਹੈ। ਸਮਿਥ ਨੇ ਕਿਹਾ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਇਨ੍ਹਾਂ ਹਾਲਾਤ ਵਿਚ ਖੇਡ ਰਹੇ ਹਨ ਤੇ ਉਨ੍ਹਾਂ ਨੂੰ ਇੱਥੇ ਦੀ ਆਦਤ ਪੈ ਗਈ ਹੈ।

Posted By: Sunil Thapa