ਵੀਵੀਐੱਸ ਲਕਸ਼ਮਣ ਦੀ ਕਲਮ ਤੋਂ

ਭਾਰਤ ਨੇ ਘਰ 'ਚ 11 ਲਗਾਤਾਰ ਟੈਸਟ ਲੜੀਆਂ ਜਿੱਤਣ ਦਾ ਰਿਕਾਰਡ ਬਣਾ ਦਿੱਤਾ ਹੈ। ਦੱਖਣੀ ਅਫਰੀਕਾ ਖ਼ਿਲਾਫ਼ ਸ਼ੁਰੂਆਤੀ ਦੋ ਟੈਸਟ ਮੈਚਾਂ 'ਚ ਭਾਰਤ ਨੇ ਇਕ ਟੀਮ ਦੇ ਰੂਪ ਵਿਚ ਪ੍ਰਦਰਸ਼ਨ ਕੀਤਾ ਹੈ ਤੇ ਇਸ ਨਾਲ ਟੀਮ ਨੂੰ ਖ਼ੁਸ਼ ਹੋਣਾ ਚਾਹੀਦਾ ਹੈ। ਕੈਰੇਬਿਆਈ ਦੌਰੇ 'ਤੇ ਭਾਰਤ ਦੇ ਚੋਟੀ ਦੇ ਬੱਲੇਬਾਜ਼ ਨਾਕਾਮ ਰਹਿ ਰਹੇ ਸਨ ਪਰ ਰੋਹਿਤ ਸ਼ਰਮਾ ਤੇ ਮਯੰਕ ਅੱਗਰਵਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸਲਾਮੀ ਜੋੜੀ ਦੇ ਰੂਪ ਵਿਚ ਟੈਸਟ ਟੀਮ ਵਿਚ ਥਾਂ ਪੱਕੀ ਕੀਤੀ। ਇਕ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਆਪਣੇ ਪਹਿਲੇ ਟੈਸਟ ਵਿਚ ਰੋਹਿਤ ਨੇ ਵਿਸ਼ਾਖਾਪਟਨਮ ਵਿਚ ਦੋ ਸੈਂਕੜੇ ਲਾਏ ਜਦਕਿ ਮਯੰਕ ਨੇ ਆਪਣੇ ਪਹਿਲੇ ਸੈਂਕੜੇ ਨੂੰ ਦੋਹਰੇ ਵਿਚ ਬਦਲਿਆ ਤੇ ਫਿਰ ਪੁਣੇ ਵਿਚ ਇਕ ਹੋਰ ਸੈਂਕੜਾ ਲਾ ਦਿੱਤਾ। ਵਿਰਾਟ ਕੋਹਲੀ ਨੇ ਦੋਹਰਾ ਸੈਂਕੜਾ ਠੋਕ ਕੇ ਦਮਦਾਰ ਪ੍ਰਦਰਸ਼ਨ ਕੀਤਾ। ਜਿਸ ਵਿਚ ਉਨ੍ਹਾਂ ਦੀ ਦੌੜਾਂ ਬਣਾਉਣ ਦੀ ਭੁੱਖ ਤੇ ਉਨ੍ਹਾਂ ਦੀ ਫਿਟਨੈੱਸ ਦੇਖਣ ਲਾਇਕ ਸੀ। ਭਾਰਤ ਵਿਚ ਜਦ ਮੇਜ਼ਬਾਨ ਟੀਮ ਟਾਸ ਜਿੱਤਦੀ ਹੈ ਤਾਂ ਦੌੜਾਂ ਦਾ ਪਹਾੜ ਖੜ੍ਹਾ ਕਰਦੀ ਹੈ ਤਾਂ ਜ਼ਿਆਦਾ ਤਜਰਬੇਕਾਰ ਟੀਮਾਂ ਲਈ ਵੀ ਆਪਣੀ ਪਕੜ ਬਣਾਉਣਾ ਮੁਸ਼ਕਲ ਹੋ ਜਾਂਦਾ ਹੈ। ਪਹਿਲੀ ਵਾਰ ਅਸੀਂ ਦੱਖਣੀ ਅਫਰੀਕਾ ਦੇ ਗੇਂਦਬਾਜ਼ੀ ਹਮਲੇ ਦੀ ਕਮਜ਼ੋਰੀ ਨੂੰ ਜ਼ਾਹਰ ਕੀਤਾ। ਕੈਗਿਸੋ ਰਬਾਦਾ ਨੇ ਪਿੱਚ 'ਤੇ ਪਈ ਦਰਾਰ ਦਾ ਚੰਗਾ ਫ਼ਾਇਦਾ ਉਠਾਇਆ ਪਰ ਉਨ੍ਹਾਂ ਦੇ ਹਮਲੇ ਵਿਚ ਕਮੀ ਸੀ। ਭਾਰਤ ਨੇ ਆਪਣੀਆਂ ਪਾਰੀਆਂ ਵਿਚ ਵੱਡੇ ਸਕੋਰ ਖੜ੍ਹੇ ਕੀਤੇ।

ਕਾਮਯਾਬੀ 'ਚ ਗੇਂਦਬਾਜ਼ਾਂ ਦਾ ਅਹਿਮ ਯੋਗਦਾਨ :

ਪਿਛਲੇ 18 ਮਹੀਨਿਆਂ 'ਚ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਇਕ ਕਾਰਨ ਉਨ੍ਹਾਂ ਦੀ ਗੇਂਦਬਾਜ਼ੀ ਵੀ ਰਿਹਾ। ਚੰਗੀਆਂ ਟੈਸਟ ਪਿੱਚਾਂ 'ਤੇ ਗੇਂਦਬਾਜ਼ਾਂ ਲਈ ਬਿਨਾਂ ਕਿਸੇ ਮਦਦ ਦੇ ਵੀ ਭਾਰਤੀ ਹਮਲਾ ਸ਼ਾਨਦਾਰ ਸੀ। ਰਵੀਚੰਦਰਨ ਅਸ਼ਵਿਨ ਨੇ ਦੁਹਰਾਇਆ ਕਿ ਮੌਜੂਦਾ ਸਮੇਂ ਵਿਚ ਉਹ ਦੇਸ਼ ਦੇ ਸਰਬੋਤਮ ਸਪਿੰਨਰ ਹਨ। ਉਨ੍ਹਾਂ ਦਾ ਗੇਂਦ 'ਤੇ ਕੰਟਰੋਲ ਪ੍ਰਰੇਰਣਾਦਾਇਕ ਹੈ ਜਦਕਿ ਰਵਿੰਦਰ ਜਡੇਜਾ ਦੀ ਵਿਕਟ ਲੈਣ ਦੀ ਮਾਨਸਿਕਤਾ ਸਾਫ਼ ਦਿਖਾਈ ਦਿੰਦੀ ਹੈ। ਤੇਜ਼ ਗੇਂਦਬਾਜ਼ੀ ਸਮੂਹ ਨੇ ਬੱਲੇਬਾਜ਼ਾਂ ਨੂੰ ਧੀਮੀਆਂ ਵਿਕਟਾਂ 'ਤੇ ਆਊਟ ਕੀਤਾ ਹੈ ਤੇ ਇਸ ਦਾ ਮਾਣ ਉਨ੍ਹਾਂ ਦੀ ਯੋਗਤਾ ਤੇ ਫਿਟਨੈੱਸ ਨੂੰ ਜਾਂਦਾ ਹੈ।

ਰਿੱਧੀਮਾਨ ਸਾਹਾ ਦੇ ਕੈਚ ਰਹੇ ਸ਼ਾਨਦਾਰ :

ਨਿੱਜੀ ਤੌਰ 'ਤੇ ਮੈਂ ਵਿਕਟਕੀਪਰ ਸਾਹਾ ਤੋਂ ਬਹੁਤ ਖ਼ੁਸ਼ ਹਾਂ ਜੋ ਸੱਟ ਕਾਰਨ ਲੰਬੇ ਸਮੇਂ ਤੋਂ ਬਾਅਦ ਵਾਪਸੀ ਕਰ ਰਹੇ ਹਨ। ਉਨ੍ਹਾਂ ਦੀ ਵਚਨਬੱਧਤਾ ਕਿਸੇ ਤੋਂ ਵੀ ਪਿੱਛੇ ਨਹੀਂ ਹੈ ਤੇ ਪੁਣੇ ਵਿਚ ਉਨ੍ਹਾਂ ਨੇ ਜੋ ਕੈਚ ਫੜੇ ਸਨ ਉਹ ਸ਼ਾਨਦਾਰ ਹਨ। ਸੀਰੀਜ਼ ਅਸੀਂ ਜਿੱਤ ਲਈ ਹੈ ਪਰ ਮੈਂ ਭਾਰਤੀਆਂ ਵੱਲੋਂ ਮਹਿਮਾਨ ਟੀਮ 'ਤੇ ਕੋਈ ਰਹਿਮ ਦੀ ਉਮੀਦ ਨਹੀਂ ਕਰਦਾ ਹਾਂ। ਦੁਨੀਆ ਦੀ ਨੰਬਰ ਇਕ ਟੀਮ ਭਾਰਤ ਨੂੰ ਵਾਧੂ ਉਤਸ਼ਾਹ ਦੀ ਲੋੜ ਨਹੀਂ ਹੈ।