ਨਵੀਂ ਦਿੱਲੀ (ਪੀਟੀਆਈ) : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਵੀਵੀਐੱਸ ਲਕਸ਼ਮਣ ਨੇ ਵਿਸ਼ਾਖਾਪਟਨਮ ਟੈਸਟ ਦੀ ਪਹਿਲੀ ਪਾਰੀ ਵਿਚ ਸ਼ਾਨਦਾਰ ਦੋਹਰਾ ਸੈਂਕੜਾ ਲਾਉਣ ਵਾਲੇ ਸਲਾਮੀ ਬੱਲੇਬਾਜ਼ ਮਯੰਕ ਅੱਗਰਵਾਲ ਦੀ ਤਾਰੀਫ਼ ਕੀਤੀ ਹੈ। ਲਕਸ਼ਮਣ ਨੇ ਕਿਹਾ ਕਿ 28 ਸਾਲ ਦਾ ਇਹ ਬੱਲੇਬਾਜ਼ ਆਪਣੇ ਪਸੰਦੀਦਾ ਵਰਿੰਦਰ ਸਹਿਵਾਗ ਵਾਂਗ ਬੇਖੌਫ਼ ਹੋ ਕੇ ਖੇਡਦਾ ਹੈ। ਭਾਰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਮੌਜੂਦਾ ਟੈਸਟ ਸੀਰੀਜ਼ ਦਾ ਪਹਿਲਾ ਟੈਸਟ ਮੈਚ 203 ਦੌੜਾਂ ਨਾਲ ਜਿੱਤਿਆ। ਇਸ ਮੈਚ ਵਿਚ ਮਯੰਕ ਨੇ 215 ਦੌੜਾਂ ਦੀ ਪਾਰੀ ਖੇਡੀ ਸੀ। ਉਨ੍ਹਾਂ ਦੀ ਇਸ ਪਾਰੀ ਦੀ ਮਦਦ ਨਾਲ ਭਾਰਤ ਪਹਿਲੀ ਪਾਰੀ ਸੱਤ ਵਿਕਟਾਂ 'ਤੇ 502 ਦੌੜਾਂ 'ਤੇ ਐਲਾਨ ਕਰਨ 'ਚ ਕਾਮਯਾਬ ਰਿਹਾ ਸੀ। ਲਕਸ਼ਮਣ ਨੇ ਇਕ ਪ੍ਰਰੋਗਰਾਮ ਵਿਚ ਕਿਹਾ ਕਿ ਅੱਗਰਵਾਲ ਮਜ਼ਬੂਤ ਬੱਲੇਬਾਜ਼ ਹਨ। ਉਨ੍ਹਾਂ ਨੇ ਇਸ ਮੈਚ ਨੂੰ ਘਰੇਲੂ ਮੈਚ ਵਾਂਗ ਲਿਆ। ਖਿਡਾਰੀ ਆਮ ਤੌਰ 'ਤੇ ਅੰਤਰਰਾਸ਼ਟਰੀ ਮੈਚਾਂ ਵਿਚ ਵੱਖਰੇ ਤਰੀਕੇ ਨਾਲ ਖੇਡਦੇ ਹਨ ਪਰ ਮਯੰਕ ਨੇ ਆਪਣਾ ਸਟਾਈਲ ਕਾਇਮ ਰੱਖਿਆ। ਗੁੱਟ ਦੇ ਇਸ ਜਾਦੂਗਰ ਬੱਲੇਬਾਜ਼ ਨੇ ਅੱਗੇ ਕਿਹਾ ਕਿ ਉਹ ਮਾਨਸਿਕ ਤੌਰ 'ਤੇ ਕਾਫੀ ਮਜ਼ਬੂਤ ਹਨ ਤੇ ਆਪਣੇ ਆਦਰਸ਼ ਸਹਿਵਾਗ ਵਾਂਗ ਬੇਖੌਫ਼ ਹੋ ਕੇ ਖੇਡਦੇ ਹਨ। ਮਯੰਕ ਭਾਰਤ ਦੇ ਚੌਥੇ ਅਜਿਹੇ ਭਾਰਤੀ ਬੱਲੇਬਾਜ਼ ਬਣ ਗਏ ਹਨ ਜਿਨ੍ਹਾਂ ਨੇ ਆਪਣੇ ਪਹਿਲੇ ਸੈਂਕੜੇ ਨੂੰ ਦੋਹਰੇ ਸੈਂਕੜੇ ਵਿਚ ਬਦਲਿਆ ਹੈ। ਉਨ੍ਹਾਂ ਤੋਂ ਇਲਾਵਾ ਇਹ ਕਾਰਨਾਮਾ ਦਲੀਪ ਸਰਦੇਸਾਈ, ਵਿਨੋਦ ਕਾਂਬਲੀ ਤੇ ਕਰੁਣ ਨਾਇਰ ਹੀ ਕਰ ਸਕੇ ਹਨ।