ਨਵੀਂ ਦਿੱਲੀ (ਪੀਟੀਆਈ) : ਸੋਸ਼ਲ ਮੀਡੀਆ 'ਤੇ ਆਏ ਦਿਨ ਕੋਈ ਨਾ ਕੋਈ ਨਵਾਂ ਚੈਲੰਜ ਸਾਹਮਣੇ ਆਉਂਦਾ ਰਹਿੰਦਾ ਹੈ। ਪਿਛਲੇ ਕਈ ਦਿਨਾਂ ਤੋਂ ਬੋਤਲ ਕੈਪ ਚੈਲੰਜ ਚੱਲ ਰਿਹਾ ਸੀ ਜਿਸ ਵਿਚ ਲੋਕ ਆਪਣੇ ਵੱਖਰੇ ਅੰਦਾਜ਼ ਵਿਚ ਬੋਤਲ ਦਾ ਢੱਕਣ ਖੋਲ੍ਹਦੇ ਹਨ। ਇਸ ਚੈਲੰਜ ਵਿਚ ਹੁਣ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਵੀ ਆਪਣੇ ਹੀ ਅੰਦਾਜ਼ ਵਿਚ ਸ਼ਾਮਲ ਹੋ ਗਏ ਹਨ। ਵਿਰਾਟ ਨੇ 15 ਸਕਿੰਟ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕੀਤਾ ਹੈ ਜਿਸ ਵਿਚ ਉਹ ਆਪਣੇ ਬੈਟ ਨਾਲ ਬੋਤਲ ਦਾ ਢੱਕਣ ਖੋਲ੍ਹਦੇ ਦਿਖਾਈ ਦੇ ਰਹੇ ਹਨ। ਕ੍ਰਿਕਟ ਦੇ ਮੈਦਾਨ 'ਤੇ ਕੋਹਲੀ ਨੂੰ ਸ਼ਾਇਦ ਹੀ ਅਜੇ ਤੁਸੀਂ ਰਿਵਰਸ ਸ਼ਾਟ ਖੇਡਦੇ ਦੇਖਿਆ ਹੋਵੇ ਪਰ ਵਿਰਾਟ ਨੇ ਇਸ ਸ਼ਾਟ ਦੀ ਝਲਕ ਇਸ ਚੈਲੰਜ ਵਿਚ ਪੇਸ਼ ਕੀਤੀ ਹੈ। ਇਸ ਵੀਡੀਓ ਦੇ ਬੈਕਗ੍ਰਾਊਂਡ ਵਿਚ ਚੱਲ ਰਹੀ ਕੁਮੈਂਟਰੀ ਉਸ ਨੂੰ ਹੋਰ ਵੀ ਖ਼ਾਸ ਬਣਾਉਂਦੀ ਹੈ। ਵੀਡੀਓ ਦੇ ਨਾਲ ਜੋ ਆਵਾਜ਼ ਮਿਕਸ ਕੀਤੀ ਗਈ ਹੈ ਉਹ ਟੀਮ ਇੰਡੀਆ ਦੇ ਕੋਚ ਰਵੀ ਸ਼ਾਸਤਰੀ ਦੀ ਹੈ। ਸ਼ਾਸਤਰੀ ਜਦ ਕ੍ਰਿਕਟ ਕੁਮੈਂਟਰੀ ਕਰਦੇ ਸਨ ਤਾਂ ਉਨ੍ਹਾਂ ਦੀ ਕੋਈ ਕੁਮੈਂਟਰੀ ਦੀ ਕਲਿਪ ਇਸ ਵਿਚ ਸ਼ਾਮਲ ਕੀਤੀ ਗਈ ਹੈ। ਇਸ ਵੀਡੀਓ ਵਿਚ ਵਿਰਾਟ ਆਪਣੇ ਹੱਥ ਵਿਚ ਬੈਟ ਘੁਮਾਉਂਦੇ ਹਨ ਤੇ ਫਿਰ ਬੋਤਲ 'ਤੇ ਫੋਕਸ ਕਰ ਕੇ ਉਸ ਨੂੰ ਰਿਵਰਸ ਹਿੱਟ ਦੇ ਅੰਦਾਜ਼ ਵਿਚ ਉਸ ਦੇ ਕੈਪ 'ਤੇ ਮਾਰਦੇ ਹਨ। ਇਸ ਸ਼ਾਟ ਨਾਲ ਬੋਤਲ ਦਾ ਢੱਕਣ ਦੂਰ ਜਾ ਕੇ ਡਿੱਗਦਾ ਹੈ ਤੇ ਫਿਰ ਵਿਰਾਟ ਬੋਤਲ ਨੂੰ ਚੁੱਕ ਕੇ ਪਾਣੀ ਸਿੱਪ ਕਰਦੇ ਹਨ ਤੇ ਆਪਣੇ ਹੀ ਅੰਦਾਜ਼ ਵਿਚ ਅੱਖ ਮਾਰਦੇ ਹਨ। ਇਸ ਵੀਡੀਓ ਦੇ ਨਾਲ ਵਿਰਾਟ ਨੇ ਕੈਪਸ਼ਨ ਦਿੱਤੀ ਹੈ ਬੈਟਰ ਲੇਟ ਦੈਨ ਨੈਵਰ ਮਤਲਬ ਕਦੀ ਨਾ ਤੋਂ ਦੇਰ ਨਾਲ ਹੀ ਚੰਗਾ ਹੈ।