ਨਵੀਂ ਦਿੱਲੀ (ਜੇਐੱਨਐੱਨ) : ਗੱਲ ਦਸੰਬਰ 2006 ਦੀ ਹੈ। ਮੈਦਾਨ ਸੀ ਦਿੱਲੀ ਦਾ ਫ਼ਿਰੋਜ਼ਸ਼ਾਹ ਕੋਟਲਾ, ਜਿੱਥੇ ਦਿੱਲੀ ਬਨਾਮ ਕਰਨਾਟਕ ਰਣਜੀ ਟਰਾਫੀ ਮੈਚ ਚੱਲ ਰਿਹਾ ਸੀ। ਦੂਜੇ ਦਿਨ ਦੀ ਖੇਡ ਸਮਾਪਤ ਹੋਣ 'ਤੇ ਦਿੱਲੀ 'ਤੇ ਹਾਰ ਦੀ ਤਲਵਾਰ ਲਟਕ ਰਹੀ ਸੀ ਤੇ ਉਹ ਫਾਲੋਆਨ ਬਚਾਉਣ ਲਈ ਸੰਘਰਸ਼ ਕਰ ਰਹੀ ਸੀ ਪਰ 18 ਸਾਲ ਦਾ ਇਕ ਮੁੰਡਾ 40 ਦੌੜਾਂ ਬਣਾ ਕੇ ਇਕ ਪਾਸੇ ਖੜ੍ਹਾ ਸੀ। ਅਗਲੇ ਦਿਨ ਉਸੇ ਮੁੰਡੇ ਨੂੰ ਪੁਨੀਤ ਬਿਸ਼ਟ ਦੇ ਨਾਲ ਮਿਲ ਕੇ ਦਿੱਲੀ ਦੀ ਪਾਰੀ ਨੂੰ ਅੱਗੇ ਵਧਾਉਣਾ ਸੀ ਪਰ ਰਾਤ ਲਗਭਗ ਤਿੰਨ ਵਜੇ ਉਸ ਮੁੰਡੇ ਕੋਲ ਘਰੋਂ ਫੋਨ ਆਉਂਦਾ ਹੈ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ। ਜਦ ਇਹ ਖ਼ਬਰ ਟੀਮ ਦੇ ਸਾਥੀਆਂ ਨੂੰ ਪਤਾ ਲਗਦੀ ਹੈ ਤਾਂ ਉਹ ਵੀ ਉਸ ਮੁੰਡੇ ਨੂੰ ਮੈਚ ਛੱਡ ਕੇ ਘਰ ਮੁੜਨ ਨੂੰ ਕਹਿੰਦੇ ਹਨ ਪਰ ਉਸ ਨੇ ਕੁਝ ਹੋਰ ਹੀ ਤੈਅ ਕੀਤਾ ਸੀ। ਉਹ ਮੈਦਾਨ 'ਤੇ ਉਤਰਦਾ ਹੈ ਤੇ ਕੁੱਲ 90 ਦੌੜਾਂ ਬਣਾ ਕੇ ਆਊਟ ਹੁੰਦਾ ਹੈ। ਉਹ ਸੈਂਕੜੇ ਤੋਂ ਖੁੰਝ ਜਾਂਦਾ ਹੈ ਪਰ ਦਿੱਲੀ ਦੀ ਹਾਰ ਟਾਲ਼ ਦਿੰਦਾ ਹੈ। ਉਸ ਤੋਂ ਬਾਅਦ ਉਹ ਘਰ ਮੁੜਦਾ ਹੈ ਤੇ ਪਿਤਾ ਦਾ ਆਖ਼ਰੀ ਸਸਕਾਰ ਕਰਦਾ ਹੈ। ਇਹ ਕਹਾਣੀ ਨਹੀਂ, ਬਲਕਿ ਸੱਚੀ ਗੱਲ ਹੈ ਜਿਸ ਵਿਚ ਉਹ ਮੁੰਡਾ ਕੋਈ ਹੋਰ ਨਹੀਂ ਭਾਰਤੀ ਟੀਮ ਦੇ ਕਪਤਾਨ ਤੇ ਅੱਜ ਦੇ ਦੌਰ ਦੇ ਸਭ ਤੋਂ ਖ਼ਤਰਨਾਕ, ਭਰੋਸੇਯੋਗ ਅਤੇ ਹਮਲਾਵਰ ਬੱਲੇਬਾਜ਼ ਵਿਰਾਟ ਕੋਹਲੀ ਹਨ। ਅੱਜ ਹਰ ਕੋਈ ਕੋਹਲੀ ਵਾਂਗ ਬੱਲੇਬਾਜ਼ ਬਣਨਾ ਚਾਹੁੰਦਾ ਹੈ ਪਰ ਇਹ ਕਹਾਣੀ ਸਾਬਤ ਕਰਦੀ ਹੈ ਕਿ ਹਰ ਕੋਈ ਵਿਰਾਟ ਕੋਹਲੀ ਨਹੀਂ ਬਣ ਸਕਦਾ। ਕੋਹਲੀ ਮੰਗਲਵਾਰ ਨੂੰ 31 ਸਾਲ ਦੇ ਹੋ ਗਏ। ਉਨ੍ਹਾਂ ਨੇ ਆਪਣਾ ਜਨਮ ਦਿਨ ਪਤਨੀ ਅਨੁਸ਼ਕਾ ਸ਼ਰਮਾ ਨਾਲ ਭੂਟਾਨ ਵਿਚ ਮਨਾਇਆ।

'ਆਪਣੇ ਹਮਸਫ਼ਰ ਨਾਲ ਅਜਿਹੀ ਪਵਿੱਤਰ ਥਾਂ 'ਤੇ ਆਉਣਾ ਬਹੁਤ ਖ਼ੁਸ਼ਨਸੀਬੀ ਹੈ। ਨਾਲ ਹੀ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਲਈ ਦਿਲੋਂ ਤੁਹਾਡਾ ਸ਼ੁਕਰੀਆ।

-ਵਿਰਾਟ ਕੋਹਲੀ

---

'ਤੁਹਾਨੂੰ ਜਨਮ ਦਿਨ ਦੀਆਂ ਬਹੁਤ ਸਾਰੀਆਂ ਸ਼ੁੱਭ ਕਾਮਨਾਵਾਂ ਵਿਰਾਟ। ਇਵੇਂ ਹੀ ਦੌੜਾਂ ਬਣਾਉਂਦੇ ਰਹੋ ਤੇ ਇਸੇ ਜਨੂਨ ਨਾਲ ਭਾਰਤ ਦੀ ਅਗਵਾਈ ਕਰੋ। ਸ਼ੁੱਭ ਕਾਮਨਾਵਾਂ।

-ਸਚਿਨ ਤੇਂਦੁਲਕਰ

----

'ਗੇਂਦ ਹਮੇਸ਼ਾ ਹੀ ਤੁਹਾਨੂੰ ਇੰਨੀ ਵੱਡੀ ਦਿਖੇ ਤੇ ਤੁਹਾਡੀ ਬੱਲੇਬਾਜ਼ੀ ਹਮੇਸ਼ਾ ਹੀ ਐੱਫ-5 ਬਟਨ ਵਰਗੀ ਹੋਵੇ, ਜੋ ਵੀ ਬੱਲੇਬਾਜ਼ੀ ਦੇਖੇ ਉਹ ਰਿਫਰੈਸ਼ ਹੋ ਜਾਵੇ। ਬੱਦਲਾਂ ਵਾਂਗ ਛਾਏ ਰਹੋ। ਹਮੇਸ਼ਾ ਖ਼ੁਸ਼ ਰਹੋ।

-ਵਰਿੰਦਰ ਸਹਿਵਾਗ

----

ਜਨਮ ਦਿਨ ਦੀ ਬਹੁਤ ਬਹੁਤ ਵਧਾਈ ਪਿਆਰੇ ਵਿਰਾਟ ਕੋਹਲੀ। ਤੁਹਾਡੇ ਲਈ ਆਉਣ ਵਾਲਾ ਸਾਲ ਸਾਰੀਆਂ ਖ਼ੁਸ਼ੀਆਂ ਵਾਲਾ ਤੇ ਸੂਰਜ ਵਾਂਗ ਚਮਕਦਾਰ ਹੋਵੇ। ਉਮੀਦ ਕਰਦਾ ਹਾਂ ਕਿ ਤੁਸੀਂ ਇਵੇਂ ਹੀ ਨਵੇਂ ਮਾਪਦੰਡ ਸਥਾਪਤ ਕਰਦੇ ਰਹੋਗੇ ਤੇ ਤੁਹਾਨੂੰ ਹਮੇਸ਼ਾ ਪਿਆਰ ਤੇ ਖ਼ੁਸ਼ੀਆਂ ਮਿਲਣ।

-ਵੀਵੀਐੱਸ ਲਕਸ਼ਮਣ

----

2012 ਵਿਚ ਜਦ ਮੈਂ ਆਰਸੀਬੀ ਲਈ ਖੇਡਿਆ ਸੀ ਤਦ ਉਨ੍ਹਾਂ ਦੇ ਲੈਪਟਾਪ ਵਿਚ ਬਾਰਸੀਲੋਨਾ ਦੀ ਖੇਡ ਦੇਖੀ ਸੀ। ਤਦ ਮੈਂ ਸੋਚਿਆ ਸੀ ਕਿ ਉਨ੍ਹਾਂ ਵਿਚ ਖ਼ੁਦ ਨੂੰ ਲੈ ਕੇ ਕੁਝ ਖ਼ਾਸ ਹੈ, ਪਰ ਤਦ ਮੈਂ ਇਹ ਨਹੀਂ ਜਾਣਦਾ ਸੀ ਕਿ ਉਹ ਦਿੱਗਜ ਬਣਨਗੇ। ਜਨਮ ਦਿਨ ਦੀਆਂ ਸ਼ੁੱਭ ਕਾਮਨਾਵਾਂ ਵਿਰਾਟ ਕੋਹਲੀ।'

-ਮੁਹੰਮਦ ਕੈਫ

----

'ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ 31 ਦੇ ਹੋ ਗਏ ਹਨ। ਇਸ ਮੌਕੇ 'ਤੇ ਅਸੀਂ ਪਿੱਛੇ ਮੁੜ ਕੇ ਉਨ੍ਹਾਂ ਦੇ ਪਹਿਲੇ ਵਨ ਡੇ ਸੈਂਕੜੇ ਨੂੰ ਦੇਖਦੇ ਹਾਂ ਤੇ ਇੱਥੋਂ ਹੀ ਇਹ ਦੌੜਾਂ ਦੀ ਮਸ਼ੀਨ ਸ਼ੁਰੂ ਹੋਈ ਸੀ।

-ਬੀਸੀਸੀਆਈ

--

'ਹੈੱਪੀ ਬਰਥ ਡੇ ਮੇਰੇ ਛੋਟੇ ਵੀਰ ਵਿਰਾਟ ਕੋਹਲੀ, ਨਵੀਂ ਪੀੜ੍ਹੀ ਦਾ ਬੈਟਿੰਗ ਮਾਸਟਰ, ਮੈਂ ਮੈਦਾਨ ਦੇ ਅੰਦਰ ਤੇ ਬਾਹਰ ਤੁਹਾਡੇ ਲਈ ਸਾਰੀਆਂ ਕਾਮਯਾਬੀਆਂ ਦੀ ਕਾਮਨਾ ਕਰਦਾ ਹਾਂ। ਵਾਹਿਗੁਰੂ ਤੁਹਾਨੂੰ ਸਭ ਕੁਝ ਦਿੰਦਾ ਰਹੇ। ਤੁਸੀਂ ਖ਼ੁਸ਼ ਰਹੋ ਤੇ ਸਿਹਤਮੰਦ ਰਹੋ। ਹੈੱਪੀ ਬਰਥ ਡੇ ਵਿਰਾਟ।'

-ਹਰਭਜਨ ਸਿੰਘ