ਰਾਂਚੀ (ਜੇਐੱਨਐੱਨ) : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਰਾਂਚੀ ਟੈਸਟ ਮੈਚ ਵਿਚ ਜਿੱਤ ਦਰਜ ਕਰਨ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਈ ਗੱਲਾਂ ਮੀਡੀਆ ਸਾਹਮਣੇ ਰੱਖੀਆਂ। ਵਿਰਾਟ ਕੋਹਲੀ ਨੇ ਸੌਰਵ ਗਾਂਗੁਲੀ ਨੂੰ ਬੀਸੀਸੀਆਈ ਦਾ ਨਵਾਂ ਪ੍ਰਧਾਨ ਨਿਯੁਕਤ ਕੀਤੇ ਜਾਣ 'ਤੇ ਵਧਾਈ ਦਿੱਤੀ। ਵਿਰਾਟ ਤੋਂ ਜਦ ਪੁੱਛਿਆ ਗਿਆ ਕਿ ਗਾਂਗੁਲੀ ਨੇ ਕਿਹਾ ਹੈ ਕਿ ਉਹ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਧੋਨੀ ਦੇ ਭਵਿੱਖ ਬਾਰੇ ਗੱਲਬਾਤ ਕਰਨਗੇ ਤਾਂ ਇਸ ਦੇ ਜਵਾਬ 'ਤੇ ਆਪਣਾ ਪੱਖ ਰੱਖਦੇ ਹੋਏ ਵਿਰਾਟ ਨੇ ਕਿਹਾ ਕਿ ਇਹ ਬਹੁਤ ਹੀ ਚੰਗੀ ਗੱਲ ਹੈ ਕਿ ਗਾਂਗੁਲੀ ਬੀਸੀਸੀਆਈ ਦੇ ਨਵੇਂ ਪ੍ਰਧਾਨ ਬਣੇ ਹਨ ਪਰ ਉਨ੍ਹਾਂ ਨੇ ਇਸ ਵਿਸ਼ੇ 'ਤੇ ਅਜੇ ਮੇਰੇ ਨਾਲ ਗੱਲ ਨਹੀਂ ਕੀਤੀ ਹੈ। ਜਦ ਉਨ੍ਹਾਂ ਨੇ ਮੇਰੇ ਨਾਲ ਗੱਲ ਕਰਨੀ ਹੋਵੇਗੀ ਤਾਂ ਜ਼ਰੂਰ ਮੇਰੇ ਨਾਲ ਗੱਲ ਕਰਨਗੇ।

ਜਿੱਤ ਤੋਂ ਬਾਅਦ ਵਿਰਾਟ ਤੋਂ ਕਿਸੇ ਨੇ ਪੁੱਛ ਲਿਆ ਕਿ ਕੀ ਉਹ ਧੋਨੀ ਨਾਲ ਮੁਲਾਕਾਤ ਕਰਨਗੇ। ਇਸ 'ਤੇ ਉਨ੍ਹਾਂ ਨੇ ਜਵਾਬ ਦਿੱਤਾ ਕਿ ਉਹ ਚੇਂਜ ਰੂਮ ਵਿਚ ਹਨ ਤੇ ਤੁਸੀਂ ਵੀ ਜਾਓ ਉਨ੍ਹਾਂ ਨੂੰ ਹੈਲੋ ਕਰ ਲਓ। ਜ਼ਿਕਰਯੋਗ ਹੈ ਕਿ ਰਾਂਚੀ ਧੋਨੀ ਦਾ ਘਰੇਲੂ ਸ਼ਹਿਰ ਹੈ ਤੇ ਉਹ ਮੈਚ ਦੇ ਚੌਥੇ ਦਿਨ ਟੀਮ ਇੰਡੀਆ ਦੇ ਡਰੈਸਿੰਗ ਰੂਮ ਵਿਚ ਵੀ ਨਜ਼ਰ ਆਏ ਸਨ। ਉਨ੍ਹਾਂ ਨੇ ਇਸ ਦੌਰਾਨ ਟੀਮ ਦੇ ਕੋਚ ਰਵੀ ਸ਼ਾਸਤਰੀ ਤੇ ਸ਼ੁਰੂਆਤ ਕਰਨ ਵਾਲੇ ਖਿਡਾਰੀ ਸ਼ਾਹਬਾਜ਼ ਨਦੀਮ ਨਾਲ ਵੀ ਮੁਲਾਕਾਤ ਕੀਤੀ।

ਵਿਸ਼ਵ ਕੱਪ ਤੋਂ ਬਾਅਦ ਤੋਂ ਨਹੀਂ ਖੇਡੇ ਹਨ ਧੋਨੀ :

ਧੋਨੀ ਵਿਸ਼ਵ ਕੱਪ 2019 ਤੋਂ ਬਾਅਦ ਤੋਂ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਹਨ। ਉਹ ਹੁਣ ਤਕ ਦੋ ਸੀਰੀਜ਼ ਛੱਡ ਚੁੱਕੇ ਹਨ। ਉਨ੍ਹਾਂ ਨੇ ਪਹਿਲਾਂ ਵੈਸਟਇੰਡੀਜ਼ ਖ਼ਿਲਾਫ਼ ਖੇਡਣ ਤੋਂ ਮਨ੍ਹਾ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਉਨ੍ਹਾਂ ਨੇ ਦੱਖਣੀ ਅਫਰੀਕਾ ਖ਼ਿਲਾਫ਼ ਵੀ ਸੀਰੀਜ਼ ਖੇਡਣ ਤੋਂ ਮਨ੍ਹਾ ਕਰ ਦਿੱਤਾ ਸੀ। ਹੁਣ ਟੀਮ ਇੰਡੀਆ ਨੇ ਬੰਗਲਾਦੇਸ਼ ਖ਼ਿਲਾਫ਼ ਸੀਰੀਜ਼ ਖੇਡਣੀ ਹੈ ਜਿਸ ਲਈ ਟੀਮ ਦਾ ਐਲਾਨ 24 ਤਰੀਕ ਨੂੰ ਕੀਤਾ ਜਾਵੇਗਾ। ਹੁਣ ਬੰਗਲਾਦੇਸ਼ ਖ਼ਿਲਾਫ਼ ਉਨ੍ਹਾਂ ਨੂੰ ਟੀ-20 ਟੀਮ ਵਿਚ ਮੌਕਾ ਮਿਲਦਾ ਹੈ ਜਾਂ ਨਹੀਂ ਇਹ ਦੇਖਣਾ ਦਿਲਚਸਪ ਹੋਵੇਗਾ।