ਨਵੀਂ ਦਿੱਲੀ (ਜੇਐੱਨਐੱਨ) : ਬੀਤੇ ਕੁਝ ਸਾਲਾਂ ਵਿਚ ਟੀਮ ਇੰਡੀਆ ਦੀ ਗੇਂਦਬਾਜ਼ੀ ਸ਼ਾਨਦਾਰ ਰਹੀ। ਮੈਚ ਘਰੇਲੂ ਪਿੱਚਾਂ 'ਤੇ ਹੋਣ ਜਾਂ ਫਿਰ ਵਿਦੇਸ਼ੀ ਪਿੱਚਾਂ 'ਤੇ, ਭਾਰਤੀ ਗੇਂਦਬਾਜ਼ ਆਪਣੀ ਤੇਜ਼ ਤੇ ਸਪਿੰਨ ਗੇਂਦਬਾਜ਼ੀ ਦੇ ਮੇਲ ਨਾਲ ਪੂਰੀ ਦੁਨੀਆਂ ਵਿਚ ਕਾਮਯਾਬ ਹੋਏ ਹਨ। ਟੈਸਟ ਮੈਚ ਵਿਚ 20 ਵਿਕਟਾਂ ਕੱਢਣਾ ਹੁਣ ਟੀਮ ਇੰਡੀਆ ਦੇ ਗੇਂਦਬਾਜ਼ਾਂ ਲਈ ਕੋਈ ਚੁਣੌਤੀ ਵਾਲਾ ਕੰਮ ਨਹੀਂ ਲਗਦਾ। ਵਿਸ਼ਾਖਾਪਟਨਮ ਟੈਸਟ 'ਚ ਭਾਰਤ ਨੇ ਮਹਿਮਾਨ ਦੱਖਣੀ ਅਫਰੀਕਾ ਨੂੰ 203 ਦੌੜਾਂ ਨਾਲ ਮਾਤ ਦਿੱਤੀ। ਇਸ ਜਿੱਤ ਤੋਂ ਬਾਅਦ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਭਾਰਤੀ ਟੀਮ ਦੀ ਗੇਂਦਬਾਜ਼ੀ ਦੀ ਕਾਮਯਾਬੀ ਦਾ ਰਾਜ਼ ਸਾਂਝਾ ਕੀਤਾ। ਘਰੇਲੂ ਸਪਾਟ ਪਿੱਚਾਂ 'ਤੇ ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਕਾਮਯਾਬੀ ਦਾ ਰਾਜ਼ ਦੱਸਦੇ ਹੋਏ ਕੋਹਲੀ ਨੇ ਕਿਹਾ ਕਿ ਮੈਂ ਮੰਨਦਾ ਹਾਂ ਕਿ ਸਾਡੇ ਤੇਜ਼ ਗੇਂਦਬਾਜ਼ ਪਿਛਲੇ ਸਾਲ ਵਿਚ ਆਪਣੇ ਵਤੀਰੇ ਤੇ ਮਾਨਸਿਕ ਸਥਿਤੀ ਵਿਚ ਜੋ ਤਬਦੀਲੀ ਲਿਆਏ ਹਨ ਉਹ ਸ਼ਾਨਦਾਰ ਹੈ। ਜੇ ਤੇਜ਼ ਗੇਂਦਬਾਜ਼ ਮੈਦਾਨ 'ਚੋਂ ਬਾਹਰ ਆਉਂਦੇ ਹਨ ਤਾਂ ਫਿਰ ਅਜਿਹਾ ਲਗਦਾ ਹੈ ਕਿ ਇਹ ਸਾਰਾ ਕੰਮ ਹੁਣ ਸਪਿੰਨਰਾਂ ਨੂੰ ਹੀ ਕਰਨਾ ਪਵੇਗਾ। ਇਸ ਕਾਰਨ ਆਖ਼ਰੀ ਇਲੈਵਨ ਵਿਚ ਉਨ੍ਹਾਂ ਨੂੰ ਖਿਡਾਉਣਾ ਚੰਗਾ ਨਹੀਂ ਹੈ। ਹੁਣ ਉਹ ਭਾਰਤ ਵਿਚ ਵੀ ਆਪਣਾ ਯੋਗਦਾਨ ਦੇਣ ਦੀ ਕੋਸ਼ਿਸ਼ ਕਰਦੇ ਹਨ। ਅਜਿਹਾ ਨਹੀਂ ਹੈ ਕਿ ਜੇ ਗਰਮੀ ਤੇ ਉਮਸ ਵਾਲਾ ਮਾਹੌਲ ਹੈ ਤਾਂ ਉਹ ਹਾਰ ਮੰਨ ਲੈਣਗੇ। ਉਹ ਛੋਟੇ ਸਪੈੱਲ ਲਈ ਜ਼ਰੂਰ ਕਹਿੰਦੇ ਹਨ ਤਾਂਕਿ ਮੈਚ ਵਿਚ ਉਹ ਆਪਣਾ 100 ਫ਼ੀਸਦੀ ਦੇ ਸਕਣ। ਇਹ ਜ਼ਰੂਰੀ ਗੱਲ ਹੈ ਜੋ ਦੋਵਾਂ ਵੱਲੋਂ ਹੀ ਜ਼ਰੂਰੀ ਹੁੰਦੀ ਹੈ। ਮੈਂ ਮੰਨਦਾ ਹਾਂ ਕਿ ਟੀਮ ਲਈ ਅਜਿਹਾ ਕਰਦੇ ਹੋਏ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਹ ਸਭ ਨਜ਼ਰੀਏ ਕਾਰਨ ਹੈ। ਸ਼ਮੀ, ਇਸ਼ਾਂਤ, ਜਸਪ੍ਰੀਤ ਤੇ ਉਮੇਸ਼ ਇਹ ਸਾਰੇ ਉਹ ਸਭ ਜ਼ਰੂਰੀ ਕੰਮ ਕਰ ਰਹੇ ਹਨ ਜੋ ਖੇਡ ਵਿਚ ਅਸੀਂ ਉਨ੍ਹਾਂ ਤੋਂ ਚਾਹੁੰਦੇ ਹਾਂ। ਇੱਥੇ ਤਕ ਕਿ ਛੋਟੇ ਛੋਟੇ ਸਪੈੱਲ ਵਿਚ ਇਕ ਦੋ ਵਿਕਟਾਂ ਕੱਢਣ ਨਾਲ ਸਪਿੰਨਰਾਂ ਨੂੰ ਵੀ ਮਦਦ ਮਿਲਦੀ ਹੈ ਜੋ ਦੂਜੇ ਪਾਸੇ ਤੋਂ ਆਪਣਾ ਦਬਦਬਾ ਬਣਾ ਰਹੇ ਹੁੰਦੇ ਹਨ। ਇਸ ਨਾਲ ਟੀਮ ਨੂੰ ਥੋੜ੍ਹੀ ਬਹੁਤ ਹੋਰ ਰਾਹਤ ਮਿਲਦੀ ਹੈ। ਇਹ ਸ਼ਾਨਦਾਰ ਹੈ ਕਿ ਸਾਡੇ ਤੇਜ਼ ਗੇਂਦਬਾਜ਼ ਦਬਾਅ ਦੇ ਉਲਟ ਹਾਲਾਤ ਵਿਚ ਵੀ ਟੀਮ ਲਈ ਵਿਕਟਾਂ ਕੱਢਣ ਲਈ ਉਤਸ਼ਾਹਤ ਰਹਿੰਦੇ ਹਨ।

ਐੱਸਜੀ ਗੇਂਦ ਨਾਲ ਹੋਇਆ ਸੁਧਾਰ :

ਵਿਰਾਟ ਨੇ ਕਿਹਾ ਕਿ ਕਿ ਜਦ ਪਿਛਲੀ ਵਾਰ ਅਸੀਂ ਇੱਥੇ (ਘਰੇਲੂ ਸੈਸ਼ਨ ਵਿਚ) ਖੇਡੇ ਸੀ ਉਸ ਦੀ ਤੁਲਨਾ ਵਿਚ ਇਸ ਵਾਰ ਦੀ ਐੱਸਜੀ ਗੇਂਦ ਬਹੁਤ ਸ਼ਾਨਦਾਰ ਹੈ। ਇਸ ਵਿਚ ਕੁਝ ਹੱਦ ਤਕ ਸੁਧਾਰ ਕੀਤਾ ਗਿਆ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਗੇਂਦ 80 ਓਵਰਾਂ ਤਕ ਸਖ਼ਤ ਬਣੀ ਰਹੇ। ਜੇ ਇਹ 40-45 ਓਵਰਾਂ ਵਿਚ ਹੀ ਨਰਮ ਹੋਣ ਲੱਗੇਗੀ ਤਾਂ ਫਿਰ ਖੇਡ ਵਿਚ ਕੁਝ ਹੁੰਦਾ ਨਹੀਂ ਦਿਖੇਗਾ। ਇਹ ਸਥਿਤੀ ਟੈਸਟ ਕ੍ਰਿਕਟ ਲਈ ਆਦਰਸ਼ ਨਹੀਂ ਹੈ। ਸਖ਼ਤ ਗੇਂਦ ਸੁਭਾਵਿਕ ਤੌਰ 'ਤੇ ਥੋੜ੍ਹੀ ਜ਼ਿਆਦਾ ਉਛਲਦੀ ਹੈ। ਇਸ ਨਾਲ ਬੱਲੇਬਾਜ਼ਾਂ ਨੂੰ ਮੁਸ਼ਕਲ ਹੁੰਦੀ ਹੈ। ਅਸੀਂ ਇਸ ਨੂੰ ਲਗਾਤਾਰ ਹੁੰਦੇ ਦੇਖਣਾ ਚਾਹੁੰਦੇ ਹਾਂ।

ਸ਼ਾਨਦਾਰ ਰਹੇ ਅਸ਼ਵਿਨ ਤੇ ਜਡੇਜਾ :

ਕੋਹਲੀ ਨੇ ਮੁੱਖ ਸਪਿੰਨਰਾਂ ਰਵੀਚੰਦਰਨ ਅਸ਼ਵਿਨ ਤੇ ਰਵਿੰਦਰ ਜਡੇਜਾ ਦੇ ਪ੍ਰਦਰਸ਼ਨ ਨੂੰ ਲੈ ਕੇ ਕਿਹਾ ਕਿ ਅਸੀਂ ਹਮੇਸ਼ਾ ਜਾਣਦੇ ਹਾਂ ਕਿ ਦੂਜੀ ਪਾਰੀ ਵਿਚ ਜਾ ਕੇ ਹੀ ਖੇਡ ਫ਼ੈਸਲਾਕੁਨ ਹੋਵੇਗੀ। ਜਡੇਜਾ ਤੇ ਅਸ਼ਵਿਨ ਦੋਵਾਂ ਨੇ ਹੀ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪਹਿਲੀ ਪਾਰੀ ਵਿਚ ਅਸ਼ਵਿਨ ਨੇ ਸਾਨੂੰ ਸਹੀ ਸਥਿਤੀ ਵਿਚ ਪਹੁੰਚਾਇਆ। ਪਿੱਚ ਸਪਾਟ ਸੀ ਤੇ ਉਨ੍ਹਾਂ ਨੂੰ ਕੁਝ ਬਾਊਂਡਰੀਆਂ ਵੀ ਮਿਲ ਗਈਆਂ ਸਨ ਪਰ ਤੁਹਾਨੂੰ ਇਹ ਵੀ ਮੰਨਣਾ ਪਵੇਗਾ ਕਿ ਅਸੀਂ ਵੀ ਇੱਥੇ 500 ਦੌੜਾਂ ਬਣਾਈਆਂ ਸਨ। ਇਸ ਲਈ ਪਿੱਚ ਵਿਚ ਕੋਈ ਖ਼ਰਾਬੀ ਨਹੀਂ ਸੀ। ਅਸ਼ਵਿਨ ਨੇ ਸ਼ਾਨਦਾਰ ਕੋਸ਼ਿਸ਼ ਕੀਤੀ।

ਬੱਲੇਬਾਜ਼ਾਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ :

ਪਹਿਲੇ ਟੈਸਟ ਵਿਚ ਭਾਰਤੀ ਬੱਲੇਬਾਜ਼ਾਂ ਦੇ ਪ੍ਰਦਰਸ਼ਨ 'ਤੇ ਕੋਹਲੀ ਨੇ ਕਿਹਾ ਕਿ ਰੋਹਿਤ ਦੋਵਾਂ ਪਾਰੀਆਂ ਵਿਚ ਸ਼ਾਨਦਾਰ ਖੇਡੇ। ਪਹਿਲੀ ਪਾਰੀ ਵਿਚ ਉਨ੍ਹਾਂ ਦੇ ਨਾਲ ਮਯੰਕ ਵੀ ਸ਼ਾਨਦਾਰ ਸਨ। ਦੂਜੀ ਪਾਰੀ ਵਿਚ ਵੀ ਉਨ੍ਹਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਪੁਜਾਰਾ ਸਹੀ ਤਾਲ ਦੇ ਨਾਲ ਖੇਡੇ ਜਿਨ੍ਹਾਂ ਨੇ ਸਾਡੇ ਲਈ ਅਜਿਹਾ ਪਲੇਟਫਾਰਮ ਤਿਆਰ ਕੀਤਾ ਕਿ ਜਦ ਅਸੀਂ ਬੱਲੇਬਾਜ਼ੀ 'ਤੇ ਆਏ ਤਾਂ ਅਸੀਂ ਕੁਝ ਹੋਰ ਜ਼ਿਆਦਾ ਦੌੜਾਂ ਬਣਾ ਸਕੇ ਜਿਸ ਨਾਲ ਵਿਰੋਧੀ ਟੀਮ ਨੂੰ ਚੁਣੌਤੀ ਵਾਲਾ ਟੀਚਾ ਦੇ ਸਕੇ। ਇਹ ਮੁਸ਼ਕਲ ਕੰਮ ਸੀ ਕਿਉਂਕਿ ਇੱਥੇ ਮੌਸਮ ਵੀ ਚੁਣੌਤੀਪੂਰਨ ਸੀ ਤੇ ਪਿੱਚ ਵੀ ਲਗਾਤਾਰ ਧੀਮੀ ਹੁੰਦੀ ਜਾ ਰਹੀ ਸੀ।

'ਸਾਨੂੰ ਜੋ ਪਿੱਚਾਂ ਮਿਲਦੀਆਂ ਹਨ ਅਸੀਂ ਉਨ੍ਹਾਂ ਦੀ ਮੰਗ ਨਹੀਂ ਕਰਦੇ। ਸਾਨੂੰ ਦੁਨੀਆ ਦੀ ਨੰਬਰ ਇਕ ਟੀਮ ਬਣਨ ਲਈ ਜੋ ਵੀ ਹਾਲਾਤ ਮਿਲਣ ਉਨ੍ਹਾਂ ਨੂੰ ਘਰੇਲੂ ਹਾਲਾਤ ਦੇ ਰੂਪ ਵਿਚ ਸਵੀਕਾਰ ਕਰਨਾ ਪਵੇਗਾ। ਹਾਲਾਤ 'ਤੇ ਨਿਰਭਰ ਰਹਿਣ ਦੀ ਬਜਾਇ ਅਸੀਂ ਯੋਗਤਾ 'ਤੇ ਧਿਆਨ ਦੇ ਰਹੇ ਹਾਂ। ਜਦ ਅਸੀਂ ਵਿਦੇਸ਼ ਜਾਂਦੇ ਹਾਂ ਤਾਂ ਅਸੀਂ ਵਿਕਟ 'ਤੇ ਧਿਆਨ ਨਹੀਂ ਦਿੰਦੇ। ਅਸੀਂ ਕਹਿੰਦੇ ਹਾਂ ਕਿ ਅਸੀਂ ਇਸ ਨੂੰ ਘਰੇਲੂ ਹਾਲਾਤ ਵਜੋਂ ਦੇਖਾਂਗੇ ਕਿਉਂਕਿ ਵਿਕਟ ਦੋਵਾਂ ਟੀਮਾਂ ਲਈ ਇਕੋ ਜਿਹੀ ਹੈ।

-ਭਰਤ ਅਰੁਣ, ਭਾਰਤੀ ਗੇਂਦਬਾਜ਼ੀ ਕੋਚ