ਏਂਟੀਗਾ (ਪੀਟੀਆਈ) : ਦੁਨੀਆ ਦੇ ਸਰਬੋਤਮ ਬੱਲੇਬਾਜ਼ਾਂ 'ਚ ਸ਼ਾਮਲ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ 11 ਸਾਲ ਪੂਰੇ ਕਰਨ ਨੂੰ ਰੱਬ ਦੀ ਮਿਹਰਬਾਨੀ ਦੱਸਦੇ ਹੋਏ ਇਸ ਨੂੰ ਇਕ ਸੁਪਨੇ ਦਾ ਸੱਚ ਹੋਣਾ ਦੱਸਿਆ। 2008 ਵਿਚ ਸ੍ਰੀਲੰਕਾ ਖ਼ਿਲਾਫ਼ ਦਾਂਬੁਲਾ ਵਿਚ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਕੋਹਲੀ ਨੇ ਇਸ ਮੈਚ ਵਿਚ 12 ਦੌੜਾਂ ਬਣਾਈਆਂ ਸਨ। ਕੋਹਲੀ ਨੇ ਕਿਹਾ ਕਿ ਉਨ੍ਹਾਂ ਨੇ ਕਦੀ ਇਸ ਤੋਂ ਜ਼ਿਆਦਾ ਦੀ ਉਮੀਦ ਨਹੀਂ ਕੀਤੀ ਸੀ। ਕੋਹਲੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਨਾਲ ਹੀ ਲਿਖਿਆ ਹੈ ਕਿ ਇਸੇ ਦਿਨ 2008 ਵਿਚ ਇਕ ਨੌਜਵਾਨ ਦੇ ਰੂਪ ਵਿਚ ਸ਼ੁਰੂਆਤ ਕਰਨ ਤੋਂ ਲੈ ਕੇ 11 ਸਾਲ ਦੀ ਯਾਤਰਾ ਪੂਰੀ ਕਰਨ ਤਕ ਮੈਂ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਰੱਬ ਮੇਰੇ 'ਤੇ ਇੰਨਾ ਮਿਹਰਬਾਨ ਹੋਵੇਗਾ। ਤੁਹਾਨੂੰ ਸਭ ਨੂੰ ਆਪਣੇ ਸੁਪਨਿਆਂ ਨੂੰ ਸੱਚ ਕਰਨ ਤੇ ਸਹੀ ਰਾਹ ਵਿਚ ਅੱਗੇ ਵਧਣ ਦੀ ਸ਼ਕਤੀ ਮਿਲੇ। ਉਨ੍ਹਾਂ ਨੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਉਨ੍ਹਾਂ ਵਿਚ ਪਹਿਲੀ ਸ੍ਰੀਲੰਕਾ ਖ਼ਿਲਾਫ਼ ਸ਼ੁਰੂਆਤੀ ਮੈਚ ਦੀ ਹੈ ਜਦਕਿ ਦੂਜੀ ਏਂਟੀਗਾ ਵਿਚ ਉਨ੍ਹਾਂ ਦੇ ਹੋਟਲ ਦੇ ਕਮਰੇ ਦੀ ਹੈ। ਭਾਰਤ ਅਜੇ ਵੈਸਟਇੰਡੀਜ਼ ਦੌਰੇ 'ਤੇ ਹੈ ਜਿੱਥੇ ਉਸ ਨੇ 22 ਅਗਸਤ ਤੋਂ ਏਂਟੀਗਾ ਵਿਚ ਪਹਿਲਾ ਟੈਸਟ ਮੈਚ ਖੇਡਣਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਟੀ-20 ਤੇ ਵਨ ਡੇ ਸੀਰੀਜ਼ ਆਪਣੇ ਨਾਂ ਕੀਤੀ ਸੀ। ਕੋਹਲੀ ਨੇ ਸ਼ੁਰੂਆਤ ਕਰਨ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ।

ਪਹਿਲੇ ਮੈਚ 'ਚ ਬਣਾਈਆਂ ਸਨ 12 ਦੌੜਾਂ :

ਕੋਹਲੀ ਨੇ ਸ੍ਰੀਲੰਕਾ ਖ਼ਿਲਾਫ਼ ਆਪਣੇ ਸ਼ੁਰੂਆਤੀ ਮੈਚ 'ਚ ਇਕ ਚੌਕੇ ਦੀ ਮਦਦ ਨਾਲ ਕੁਲ 12 ਦੌੜਾਂ ਬਣਾਈਆਂ ਸਨ। ਖੱਬੇ ਹੱਥ ਦੇ ਬੱਲੇਬਾਜ਼ ਗੌਤਮ ਗੰਭੀਰ ਨਾਲ ਸਲਾਮੀ ਬੱਲੇਬਾਜ਼ ਵਜੋਂ ਉਤਰੇ ਕੋਹਲੀ ਨੇ 22 ਗੇਂਦਾਂ ਦਾ ਸਾਹਮਣਾ ਕੀਤਾ ਸੀ। ਸ੍ਰੀਲੰਕਾ ਦੇ ਤੇਜ਼ ਗੇਂਦਬਾਜ਼ ਨੁਵਾਨ ਕੁਲਸੇਕਰਾ ਨੇ ਕੋਹਲੀ ਨੂੰ ਲੱਤ ਅੜਿੱਕਾ ਆਊਟ ਕੀਤਾ ਸੀ।

ਸ਼ਾਨਦਾਰ ਕਰੀਅਰ ਹੈ ਜਾਰੀ :

ਕੋਹਲੀ ਹੁਣ ਤਕ 77 ਟੈਸਟ ਮੈਚਾਂ ਵਿਚ 6613 ਦੌੜਾਂ ਬਣਾ ਚੁੱਕੇ ਹਨ ਜਿਸ ਵਿਚ 25 ਸੈਂਕੜੇ ਸ਼ਾਮਲ ਹਨ। ਉਨ੍ਹਾਂ ਨੇ 239 ਵਨ ਡੇ ਵਿਚ 43 ਸੈਂਕੜਿਆਂ ਦੀ ਮਦਦ ਨਾਲ 11520 ਦੌੜਾਂ ਬਣਾਈਆਂ ਹਨ। ਉਨ੍ਹਾਂ ਦੇ ਨਾਂ 'ਤੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਕੁੱਲ 68 ਸੈਂਕੜੇ ਦਰਜ ਹਨ ਤੇ ਉਹ ਇਕ ਦਹਾਕੇ ਵਿਚ 20,000 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਹਨ।