ਅਭਿਸ਼ੇਕ ਤਿ੍ਪਾਠੀ (ਲੰਡਨ) : ਭਾਰਤੀ ਟੀਮ ਹਾਰ ਚੁੱਕੀ ਹੈ ਤੇ ਸੁਪਰੀਮ ਕੋਰਟ ਵੱਲੋਂ ਨਿਯੁਕਤ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਦੇ ਮੁਖੀ ਵਿਨੋਦ ਰਾਏ ਕਹਿ ਰਹੇ ਹਨ ਕਿ ਉਹ ਵਿਸ਼ਵ ਕੱਪ ਵਿਚ ਭਾਰਤ ਦੇ ਪ੍ਰਦਰਸ਼ਨ ਨੂੰ ਲੈ ਕੇ ਕੋਚ ਰਵੀ ਸ਼ਾਸਤਰੀ ਤੇ ਕਪਤਾਨ ਵਿਰਾਟ ਕੋਹਲੀ ਨਾਲ ਸਮੀਖਿਆ ਕਰਨਗੇ ਪਰ ਇਸ ਨਾਲ ਕੀ ਹੋਵੇਗਾ ਕਿਉਂਕਿ ਚਾਰ ਸਾਲ ਵਿਚ ਹੋਣ ਵਾਲਾ ਵਿਸ਼ਵ ਕੱਪ ਹੁਣ 2023 ਵਿਚ ਹੋਵੇਗਾ ਤੇ ਹੁਣ ਤਕ ਸੀਓਏ ਬੀਸੀਸੀਆਈ ਦਾ ਮੁਖੀ ਨਹੀਂ ਰਹੇਗਾ ਕਿਉਂਕਿ ਬੋਰਡ ਦੀਆਂ ਚੋਣਾਂ ਹੋਣੀਆਂ ਹਨ ਤੇ ਜਲਦੀ ਹੀ ਕੋਈ ਨਾ ਕੋਈ ਅਹੁਦੇਦਾਰ ਦੇਸ਼ ਦੀ ਕ੍ਰਿਕਟ ਦੀ ਕਮਾਨ ਸੰਭਾਲ ਲਵੇਗਾ। ਸੀਓਏ ਪਿਛਲੇ ਦੋ ਸਾਲ ਤੋਂ ਆਪਣੇ ਕੰਮ ਨੂੰ ਢੰਗ ਨਾਲ ਨਹੀਂ ਕਰ ਸਕਿਆ। ਜਦ 2017 ਵਿਚ ਚੈਂਪੀਅਨਜ਼ ਟਰਾਫੀ ਵਿਚਾਲੇ ਮੁੱਖ ਕੋਚ ਅਨਿਲ ਕੁੰਬਲੇ ਤੇ ਕਪਤਾਨ ਵਿਰਾਟ ਕੋਹਲੀ 'ਚ ਸਭ ਕੁਝ ਸਹੀ ਨਹੀਂ ਚੱਲ ਰਿਹਾ ਸੀ ਤਾਂ ਕ੍ਰਿਕਟ ਐਡਵਾਈਜ਼ਰੀ ਕਮੇਟੀ (ਸੀਏਸੀ) ਦੀ ਸਲਾਹ ਨੂੰ ਨਜ਼ਰਅੰਦਾਜ਼ ਕਰਦੇ ਹੋਏ ਵਿਰਾਟ ਦੀ ਗੱਲ ਨੂੰ ਮੰਨਿਆ ਗਿਆ ਸੀ ਤੇ ਰਵੀ ਸ਼ਾਸਤਰੀ ਨੂੰ ਕੋਚ ਬਣਾਇਆ ਗਿਆ ਸੀ ਤਦ ਸੀਓਏ ਕੀ ਕਰ ਰਿਹਾ ਸੀ। ਇਸ ਵਿਸ਼ਵ ਕੱਪ ਦੀ ਹਾਰ ਦੀ ਨੀਂਹ ਉਸੇ ਦਿਨ ਪੈ ਗਈ ਸੀ ਕਿਉਂਕਿ ਭਾਰਤ ਦੇ ਕਪਤਾਨ ਨੂੰ ਲੱਗਣ ਲੱਗਾ ਸੀ ਕਿ ਉਹ ਜਦ ਕੋਚ ਚੁਣ ਸਕਦਾ ਹੈ ਤਾਂ ਫਿਰ ਆਖ਼ਰੀ ਇਲੈਵਨ ਨੂੰ ਚੁਣਨ ਤੋਂ ਕੌਣ ਰੋਕੇਗਾ? ਉਸ ਸਮੇਂ ਹੀ ਕ੍ਰਿਕਟ ਦੇ ਇਕ ਦਿੱਗਜ ਨੇ ਜਾਗਰਣ ਨਾਲ ਗੱਲ ਕਰਦੇ ਹੋਏ ਕਿਹਾ ਸੀ ਕਿ ਕੱਲ੍ਹ ਕਪਤਾਨ ਚੋਣਾਕਾਰਾਂ ਨੂੰ ਵੀ ਚੁਣਨ ਲੱਗੇਗਾ? ਇਹੀ ਕਾਰਨ ਹੈ ਕਿ ਪਿਛਲੇ ਦੋ ਸਾਲ ਵਿਚ ਭਾਰਤੀ ਟੀਮ ਦੇ ਅੰਦਰ ਜੋ ਵੀ ਫ਼ੈਸਲੇ ਹੋਏ ਉਸ ਵਿਚ ਸਹਾਇਕ ਕੋਚ, ਸਹਿਯੋਗੀ ਸਟਾਫ ਤੇ ਬਾਕੀ ਦੇ ਖਿਡਾਰੀ ਚੁੱਪਚਾਪ ਹੋ ਕੇ ਸਹਿਮਤੀ ਜ਼ਾਹਿਰ ਕਰਦੇ ਰਹੇ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਜੋ ਕਪਤਾਨ ਅਨਿਲ ਕੁੰਬਲੇ ਵਰਗੇ ਕੋਚ ਨੂੰ ਲਾਂਭੇ ਕਰ ਕੇ ਸ਼ਾਸਤਰੀ ਨੂੰ ਲਿਆ ਸਕਦਾ ਹੈ ਉਸ ਸਾਹਮਣੇ ਉਨ੍ਹਾਂ ਦੀ ਕਿਵੇਂ ਚੱਲ ਸਕਦੀ ਹੈ। ਪਿਛਲੇ ਸਾਲ ਇੰਗਲੈਂਡ ਵਿਚ ਪੰਜ ਮੈਚਾਂ ਦੀ ਟੈਸਟ ਸੀਰੀਜ਼ ਵਿਚ ਮਿਲੀ 1-4 ਦੀ ਹਾਰ ਤੋਂ ਬਾਅਦ ਵੀ ਸੀਓਏ ਨੇ ਸਮੀਖਿਆ ਮੀਟਿੰਗ ਕੀਤੀ ਸੀ ਤੇ ਉਸ ਮੀਟਿੰਗ ਵਿਚ ਕਪਤਾਨ ਕੋਹਲੀ ਇਸ ਗੱਲ ਦੀ ਸ਼ਿਕਾਇਤ ਕਰ ਰਹੇ ਸਨ ਕਿ ਭਾਰਤੀ ਟੀਮ ਨੂੰ ਸਵੇਰ ਦੇ ਖਾਣੇ ਵਿਚ ਕੇਲੇ ਨਹੀਂ ਮਿਲ ਪਾ ਰਹੇ ਸਨ। ਜੇ ਅਜਿਹੀ ਸਮੀਖਿਆ ਮੀਟਿੰਗ ਕਰਨੀ ਹੈ ਤਾਂ ਫਿਰ ਭਾਰਤੀ ਕ੍ਰਿਕਟ ਦਾ ਕੋਈ ਭਲਾ ਨਹੀਂ ਹੋ ਸਕਦਾ।

ਰਾਏ ਕਰਨਗੇ ਸਭ ਨਾਲ ਗੱਲ :

ਹਾਲਾਂਕਿ ਅਜੇ ਇਹ ਤੈਅ ਨਹੀਂ ਹੈ ਕਿ ਇਹ ਸਮੀਖਿਆ ਕਦ ਹੋਵੇਗੀ ਪਰ ਕਿਹਾ ਜਾ ਰਿਹਾ ਹੈ ਕਿ ਇਹ ਜਦ ਵੀ ਹੋਵੇਗੀ ਤਦ ਉਸ ਵਿਚ ਸੈਮੀਫਾਈਨਲ ਵਿਚ ਮਿਲੀ ਹਾਰ ਦੇ ਕਾਰਨਾਂ 'ਤੇ ਵੀ ਗੱਲ ਹੋਵੇਗੀ ਤੇ ਕੋਚ ਤੇ ਕਪਤਾਨ ਤੋਂ ਕੁਝ ਅਹਿਮ ਸਵਾਲ ਪੁੱਛੇ ਜਾ ਸਕਦੇ ਹਨ। ਇਸ ਮੀਟਿੰਗ ਵਿਚ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਖ਼ਾਕਾ ਵੀ ਤਿਆਰ ਕੀਤਾ ਜਾਵੇਗਾ। ਮੁੱਖ ਚੋਣਕਾਰ ਐੱਮਐੱਸਕੇ ਪ੍ਰਸਾਦ ਨਾਲ ਵੀ ਗੱਲ ਕੀਤੀ ਜਾਵੇਗੀ। ਹਾਲਾਂਕਿ ਇਹ ਗੱਲ ਵਿਨੋਦ ਰਾਏ ਨੇ ਕਹੀ ਹੈ ਤੇ ਇਸ ਬਾਰੇ ਸੀਓਏ ਦੇ ਦੂਜੇ ਮੈਂਬਰ ਲੈਫਟੀਨੈਂਟ ਜਨਰਲ (ਰਿਟਾਇਰਡ) ਰਵੀ ਥੋਡਗੇ ਤੇ ਡਾਇਨਾ ਇਡੁਲਜੀ ਨੂੰ ਪਤਾ ਨਹੀਂ ਹੈ ਕਿ ਅਜਿਹਾ ਕਦ ਹੋਵੇਗਾ। ਵਿਨੋਦ ਰਾਏ ਇਸ ਸਮੇਂ ਸਿੰਗਾਪੁਰ ਵਿਚ ਹਨ ਤੇ ਉਨ੍ਹਾਂ ਨੇ ਕਿਹਾ ਕਿ ਕਪਤਾਨ ਤੇ ਕੋਚ ਦੇ ਬ੍ਰੇਕ ਤੋਂ ਮੁੜਨ ਤੋਂ ਬਾਅਦ ਇਸ 'ਤੇ ਗੱਲ ਜ਼ਰੂਰ ਹੋਵੇਗੀ। ਮੈਂ ਤਰੀਕ ਤੇ ਸਮਾਂ ਨਹੀਂ ਦੱਸ ਸਕਦਾ ਪਰ ਅਸੀਂ ਉਨ੍ਹਾਂ ਨਾਲ ਗੱਲ ਕਰਾਂਗੇ। ਅਸੀਂ ਚੋਣ ਕਮੇਟੀ ਨਾਲ ਵੀ ਗੱਲ ਕਰਾਂਗੇ। ਭਾਰਤ ਦੀ ਮੁਹਿੰਮ ਅਜੇ ਸਮਾਪਤ ਹੀ ਹੋਈ ਹੈ।

ਸੰਜੇ ਦੇ ਕਹਿਣ 'ਤੇ ਸੱਤਵੇਂ ਨੰਬਰ 'ਤੇ ਉਤਰੇ ਧੋਨੀ :

ਟੀਮ ਦੇ ਇਕ ਸੂਤਰ ਨੇ ਕਿਹਾ ਕਿ ਸਹਾਇਕ ਕੋਚ ਸੰਜੇ ਬਾਂਗੜ ਦੇ ਕਹਿਣ 'ਤੇ ਸੈਮੀਫਾਈਨਲ ਵਿਚ ਧੋਨੀ ਸੱਤਵੇਂ ਨੰਬਰ 'ਤੇ ਉਤਰੇ। ਹਾਲਾਂਕਿ ਇਹ ਗੱਲ ਹਜ਼ਮ ਨਹੀਂ ਹੁੰਦੀ ਕਿਉਂਕਿ ਉਸ ਸਮੇਂ ਕਪਤਾਨ ਕੋਹਲੀ ਆਊਟ ਹੋ ਕੇ ਪਵੇਲੀਅਨ ਵਿਚ ਸਨ ਤੇ ਕੋਚ ਰਵੀ ਸ਼ਾਸਤਰੀ ਕੀ ਕਰ ਰਹੇ ਸਨ? ਜਾਗਰਣ ਨੇ ਪਹਿਲਾਂ ਹੀ ਦੱਸਿਆ ਸੀ ਕਿ ਅੰਬਾਤੀ ਰਾਇਡੂ ਨੂੰ ਨਾਪਸੰਦਗੀ ਦੇ ਆਧਾਰ 'ਤੇ ਠੀਕ ਵਿਸ਼ਵ ਕੱਪ ਤੋਂ ਪਹਿਲਾਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ। ਸੌਰਭ ਗਾਂਗੁਲੀ ਤੇ ਵੀਵੀਐੱਸ ਲਕਸ਼ਮਣ ਸਮੇਤ ਸਾਬਕਾ ਦਿੱਗਜ ਕ੍ਰਿਕਟਰਾਂ ਨੇ ਨਿਊਜ਼ੀਲੈਂਡ ਖ਼ਿਲਾਫ਼ ਸੈਮੀਫਾਈਨਲ ਵਿਚ ਮਹਿੰਦਰ ਸਿੰਘ ਧੋਨੀ ਨੂੰ ਬੱਲੇਬਾਜ਼ੀ ਨੰਬਰ ਵਿਚ ਸੱਤਵੇਂ ਨੰਬਰ 'ਤੇ ਭੇਜਣ ਨੂੰ ਰਣਨੀਤਕ ਭੁੱਲ ਕਰਾਰ ਦਿੱਤਾ। ਇਸ ਫ਼ੈਲਾਕੁਨ ਮੈਚ ਵਿਚ ਹਾਰਦਿਕ ਪਾਂਡਿਆ ਤੇ ਦਿਨੇਸ਼ ਕਾਰਤਿਕ ਨੂੰ ਧੋਨੀ ਤੋਂ ਪਹਿਲਾਂ ਭੇਜਿਆ ਗਿਆ ਜਦਕਿ ਚੋਟੀ ਦੇ ਬੱਲੇਬਾਜ਼ ਬੁਰੀ ਤਰ੍ਹਾਂ ਨਾਕਾਮ ਹੋ ਗਏ ਸਨ। ਆਖ਼ਰ ਵਿਚ ਭਾਰਤ ਇਹ ਮੈਚ 18 ਦੌੜਾਂ ਨਾਲ ਹਾਰ ਗਿਆ ਤੇ ਵਿਸ਼ਵ ਕੱਪ ਦਾ ਸਫ਼ਰ ਸਮਾਪਤ ਹੋ ਗਿਆ।