ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਟੀਮ ਦੇ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਜ਼ਿਆਦਾ ਫੇਰਬਦਲ ਕੀਤੇ ਬਿਨਾਂ ਮੁੱਖ ਖਿਡਾਰੀਆਂ ਦੀ ਸਹੀ ਟੀਮ ਤਿਆਰ ਕਰਨਾ ਭਾਰਤ ਦੀ ਤਰਜੀਹ ਹੋਵੇਗੀ। ਬੰਗਲਾਦੇਸ਼ ਖ਼ਿਲਾਫ਼ ਟੀ-20 ਸੀਰੀਜ਼ ਵਿਚ ਭਾਰਤ ਦਾ ਟੀਚਾ ਸ਼ਿਵਮ ਦੂਬੇ ਤੇ ਸੰਜੂ ਸੈਮਸਨ ਵਰਗੇ ਨੌਜਵਾਨ ਖਿਡਾਰੀਆਂ ਨੂੰ ਪਰਖਣ ਦਾ ਹੋਵੇਗਾ। ਰਾਠੋਰ ਨੇ ਕਿਹਾ ਕਿ ਤੁਹਾਨੂੰ ਜ਼ਿਆਦਾ ਤਬਦੀਲੀ ਤੋਂ ਵੀ ਬਚਣਾ ਪਵੇਗਾ ਪਰ ਇਕ ਵੱਡਾ ਟੂਰਨਾਮੈਂਟ ਆ ਰਿਹਾ ਹੈ ਇਸ ਲਈ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੀ ਟੀਮ ਦੇ ਮੁੱਖ ਖਿਡਾਰੀ ਕੌਣ ਹਨ ਤੇ ਸਾਨੂੰ ਇਨ੍ਹਾਂ ਮੁੱਖ ਖਿਡਾਰੀਆਂ ਨੂੰ ਕਾਇਮ ਰੱਖਣ ਦੀ ਲੋੜ ਹੈ। ਨਾਲ ਹੀ ਉਨ੍ਹਾਂ ਨਵੇਂ ਖਿਡਾਰੀਆਂ ਨੂੰ ਵੀ ਅਜ਼ਮਾਇਆ ਜਾਏ ਜੋ ਸਾਹਮਣੇ ਆ ਰਹੇ ਹਨ। ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਰਾਠੌਰ ਨੇ ਕਿਹਾ ਕਿ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੈਚ ਜਿੱਤਣਾ ਇਕ ਅਜਿਹਾ ਪਹਿਲੂ ਹੈ ਜਿਸ 'ਤੇ ਟੀਮ ਨੂੰ ਸੁਧਾਰ ਕਰਨ ਦੀ ਲੋੜ ਹੈ। ਪਿਛਲੀ ਸੀਰੀਜ਼ ਵਿਚ ਇਕ ਮੈਚ 'ਚ ਅਸੀਂ ਜਾਣ ਬੁੱਝ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ ਅਸੀਂ ਹਾਰ ਗਏ। ਇਹ ਇਕ ਪਹਿਲੂ ਹੈ ਜਿਸ 'ਤੇ ਸਾਨੂੰ ਕੰਮ ਕਰਨ ਦੀ ਲੋੜ ਹੈ। ਅਸੀਂ ਟੀਚੇ ਦਾ ਪਿੱਛਾ ਕਾਫੀ ਚੰਗੀ ਤਰ੍ਹਾਂ ਕਰਦੇ ਹਾਂ।