ਮੋਹਾਲੀ (ਜੇਐੱਨਐੱਨ) : ਭਾਰਤੀ ਟੀਮ ਦੇ ਨਵੇਂ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਦੀਆਂ ਨਜ਼ਰਾਂ ਵੀ ਅਗਲੇ ਸਾਲ ਆਸਟ੍ਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ 'ਤੇ ਹਨ। ਇੱਥੇ ਹੋਣ ਵਾਲੇ ਦੂਜੇ ਟੀ-20 ਮੁਕਾਬਲੇ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਵਿਸ਼ਵ ਕੱਪ ਵਿਚ ਨੌਜਵਾਨਾਂ ਦੀ ਬਿਹਤਰੀਨ ਟੀਮ ਭੇਜਾਂਗੇ ਇਸ ਲਈ ਹੁਣ ਭਵਿੱਖ ਦੀ ਟੀਮ ਨੂੰ ਲੈ ਕੇ ਗੇਮ ਪਲਾਨ ਬਣ ਰਿਹਾ ਹੈ। ਉਸੇ ਹਿਸਾਬ ਨਾਲ ਟੀਮ ਵਿਚ ਤਬਦੀਲੀ ਹੋ ਰਹੀ ਹੈ। ਰਾਠੌਰ ਨੇ ਕਿਹਾ ਕਿ ਨੌਜਵਾਨਾਂ ਕੋਲ ਖ਼ੁਦ ਨੂੰ ਸਾਬਤ ਕਰਨ ਦਾ ਬਿਹਤਰ ਮੌਕਾ ਹੈ। ਮੈਨੇਜਮੈਂਟ ਨੌਜਵਾਨਾਂ ਦਾ ਪੂਰੀ ਤਰ੍ਹਾਂ ਸਮਰਥਨ ਕਰ ਰਹੀ ਹੈ। ਉਨ੍ਹਾਂ ਨੂੰ ਮੌਕੇ ਦਿੱਤੇ ਜਾ ਰਹੇ ਹਨ। ਇਸ ਕਾਰਨ ਯੋਗਤਾ ਵਾਲੇ ਖਿਡਾਰੀਆਂ ਲਈ ਕਿਤੇ ਕੋਈ ਮੁਸ਼ਕਲ ਨਹੀਂ ਹੈ। ਉਹ ਖ਼ੁਦ ਨੂੰ ਸਾਬਤ ਕਰਨ।

ਹੌਸਲੇ ਤੇ ਲਾਪਰਵਾਹੀ 'ਚ ਫ਼ਰਕ :

ਰਾਠੌਰ ਨੇ ਬੱਲੇਬਾਜ਼ਾਂ ਨੂੰ ਸਖ਼ਤ ਹਦਾਇਦ ਦਿੱਤੀ ਹੈ ਕਿ ਉਹ ਹੌਸਲੇ ਵਾਲੀ ਤੇ ਲਾਪਰਵਾਹੀ ਵਾਲੀ ਕ੍ਰਿਕਟ ਵਿਚਾਲੇ ਫ਼ਰਕ ਨੂੰ ਸਮਝਣ ਤੇ ਜ਼ਿੰਮੇਵਾਰੀ ਦੇ ਨਾਲ ਬੱਲੇਬਾਜ਼ੀ ਕਰਨ। ਟੀਮ ਮੈਨੇਜਮੈਂਟ ਤੁਹਾਨੂੰ ਬੇਖੌਫ਼ ਹੋ ਕੇ ਬੱਲੇਬਾਜ਼ੀ ਕਰਨ ਲਈ ਕਹਿੰਦੀ ਹੈ ਪਰ ਤੁਹਾਨੂੰ ਆਪਣੇ ਗੇਮ ਪਲਾਨ ਦੀ ਚੰਗੀ ਤਰ੍ਹਾਂ ਸਮਝ ਹੋਣੀ ਚਾਹੀਦੀ ਹੈ। ਨਾਲ ਹੀ ਆਪਣੀ ਕਾਬਲੀਅਤ ਨਾਲ ਖੇਡਣਾ ਚਾਹੀਦਾ ਹੈ ਪਰ ਉਸੇ ਸਮੇਂ ਤੁਸੀਂ ਆਪਣੀ ਖੇਡ ਪ੍ਰਤੀ ਲਾਪਰਵਾਹ ਨਹੀਂ ਹੋ ਸਕਦੇ।

ਰਿਸ਼ਭ ਕਮਾਲ ਦਾ ਖਿਡਾਰੀ :

ਰਾਠੌਰ ਨੇ ਕਿਹਾ ਕਿ ਰਿਸ਼ਭ ਇਕ ਕਮਾਲ ਦਾ ਖਿਡਾਰੀ ਹੈ, ਉਨ੍ਹਾਂ ਨੂੰ ਬੱਸ ਆਪਣੇ ਗੇਮ ਪਲਾਨ 'ਤੇ ਕੰਮ ਕਰਨ ਦੀ ਲੋੜ ਹੈ। ਇਸ ਨਾਲ ਹੀ ਉਨ੍ਹਾਂ ਨੂੰ ਆਪਣੀ ਖੇਡ ਵਿਚ ਥੋੜ੍ਹਾ ਅਨੁਸ਼ਾਸਨ ਲਿਆਉਣ ਦੀ ਲੋੜ ਹੈ। ਪਿਛਲੇ ਦਿਨੀਂ ਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਰੀ ਤੇ ਕਪਤਾਨ ਵਿਰਾਟ ਕੋਹਲੀ ਨੇ ਸਪੱਸ਼ਟ ਕੀਤਾ ਸੀ ਕਿ ਯੋਗਤਾ ਦਿਖਾਉਣ ਲਈ ਪੰਜ ਮੈਚ ਬਹੁਤ ਹੁੰਦੇ ਹਨ।

ਮੌਕਿਆਂ ਦਾ ਫ਼ਾਇਦਾ ਉਠਾਉਣ ਨੌਜਵਾਨ :

ਰਾਠੌਰ ਨੇ ਕਿਹਾ ਕਿ ਉਨ੍ਹਾਂ ਨੇ ਪੰਜ ਮੈਚ ਕਹੇ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਇਕ ਨੰਬਰ ਦੀ ਹੀ ਗੱਲ ਕਹੀ ਹੈ। ਉਨ੍ਹਾਂ ਦਾ ਕਹਿਣਾ ਸਾਫ਼ ਤੌਰ 'ਤੇ ਇਹ ਸੀ ਕਿ ਜਦ ਨੌਜਵਾਨਾਂ ਨੂੰ ਮੌਕੇ ਮਿਲਣ ਤਾਂ ਉਨ੍ਹਾਂ ਨੂੰ ਉਸ ਦਾ ਪੂਰਾ ਫ਼ਾਇਦਾ ਉਠਾਉਣਾ ਚਾਹੀਦਾ ਹੈ। ਇੱਥੇ ਪੁੱਜਣ ਵਾਲੇ ਖਿਡਾਰੀਆਂ ਨੇ ਬਹੁਤ ਕ੍ਰਿਕਟ ਖੇਡੀ ਹੈ, ਇਸ ਲਈ ਮੈਨੂੰ ਨਹੀਂ ਲਗਦਾ ਕਿ ਅਜਿਹਾ ਕੋਈ ਵੀ ਵਿਵਾਦ ਹੈ। ਰਾਠੌਰ ਨੇ ਕਿਹਾ ਕਿ ਸਾਡੇ ਕੋਲ ਕਈ ਹਰਫ਼ਨਮੌਲਾ ਹਨ ਜੋ ਕਿ ਟੀਮ ਲਈ ਚੰਗੀ ਖ਼ਬਰ ਹੈ। ਟੀਮ ਵਿਚ ਹੇਠਲੇ ਨੰਬਰ ਵਿਚ ਹਰਫ਼ਨਮੌਲਾ ਹੋਣ ਨਾਲ ਉੱਪਰਲੇ ਬੱਲੇਬਾਜ਼ਾਂ ਨੂੰ ਤੇਜ਼ ਰਫ਼ਤਾਰ ਨਾਲ ਦੌੜਾਂ ਬਣਾਉਣ ਦੀ ਖੁੱਲ੍ਹ ਮਿਲਦੀ ਹੈ।

ਰੋਹਿਤ ਤੋਂ ਬਹੁਤ ਉਮੀਦਾਂ :

ਕਾਮਯਾਬ ਵੈਸਟਇੰਡੀਜ਼ ਦੌਰੇ ਤੋਂ ਬਾਅਦ ਵੀ ਟੈਸਟ ਕ੍ਰਿਕਟ ਵਿਚ ਬਤੌਰ ਓਪਨਰ ਟੀਮ ਇੰਡੀਆ ਦੀ ਮੁਸ਼ਕਲ ਕਾਇਮ ਹੈ। ਕੇਐੱਲ ਰਾਹੁਲ ਦੀ ਟੈਸਟ ਟੀਮ ਤੋਂ ਛੁੱਟੀ ਕਰ ਦਿੱਤੀ ਗਈ ਹੈ ਜਦਕਿ ਟੀਮ ਇੰਡੀਆ ਦੇ ਸ਼ਾਰਟਰ ਫਾਰਮੈਟ ਦੇ ਉੱਪ ਕਪਤਾਨ ਰੋਹਿਤ ਸ਼ਰਮਾ ਨੂੰ ਟੈਸਟ ਟੀਮ ਵਿਚ ਬਤੌਰ ਓਪਨਰ ਚੁਣ ਲਿਆ ਗਿਆ ਹੈ। ਰਾਠੌਰ ਨੇ ਕਿਹਾ ਕਿ ਰੋਹਿਤ ਵਰਗੇ ਬਿਹਤਰੀਨ ਖਿਡਾਰੀ ਨੂੰ ਕਿਸੇ ਵੀ ਫਾਰਮੈਟ ਵਿਚ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਜਿਹਾ ਹੀ ਹਰ ਕੋਈ ਸੋਚਦਾ ਹੈ। ਉਨ੍ਹਾਂ ਨੇ ਚਿੱਟੀ ਗੇਂਦ ਦੀ ਕ੍ਰਿਕਟ ਵਿਚ ਦਿਖਾਇਆ ਹੈ ਕਿ ਉਹ ਇਕ ਸਰਬੋਤਮ ਓਪਨਰ ਹਨ ਇਸ ਲਈ ਮੈਨੂੰ ਅਜਿਹਾ ਕੋਈ ਵੀ ਕਾਰਨ ਨਹੀਂ ਦਿਖਾਈ ਦਿੰਦਾ ਕਿ ਉਹ ਟੈਸਟ ਵਿਚ ਇਹ ਜ਼ਿੰਮੇਵਾਰੀ ਵਿਚ ਕਾਮਯਾਬ ਨਾ ਹੋਣ। ਇਸ ਸਮੇਂ ਇਹ ਨਹੀਂ ਦੱਸ ਸਕਦਾ ਕਿ ਪਹਿਲੇ ਟੈਸਟ ਵਿਚ ਕਿਹੜੇ 11 ਖਿਡਾਰੀ ਮੈਚ ਖੇਡਣਗੇ ਪਰ ਜੇ ਰੋਹਿਤ ਇੱਥੇ ਚੰਗਾ ਪ੍ਰਦਰਸ਼ਨ ਕਰਦੇ ਹਨ ਤਾਂ ਪਾਰੀ ਦੀ ਸ਼ੁਰੂਆਤ ਕਰਦੇ ਹਨ ਤਾਂ ਫਿਰ ਵਿਦੇਸ਼ ਵਿਚ ਅਜਿਹਾ ਕਿਉਂ ਨਹੀਂ ਹੋ ਸਕਦਾ।