ਬਰਮਿੰਘਮ (ਜੇਐੱਨਐੱਨ) : ਪਿਛਲੇ ਸਾਲ ਦੇ ਆਖ਼ਰ 'ਚ ਜਦ ਮਯੰਕ ਅੱਗਰਵਾਲ ਨੂੰ ਚੋਣਕਾਰਾਂ ਨੇ ਆਸਟ੍ਰੇਲੀਆ ਵਿਚ ਭਾਰਤੀ ਟੈਸਟ ਟੀਮ ਵਿਚ ਜੁੜਨ ਦਾ ਸੁਨੇਹਾ ਭੇਜਿਆ ਸੀ ਤਾਂ ਉਨ੍ਹਾਂ ਨੇ ਆਪਣੇ ਕੋਚ ਮੁਰਲੀ ਨੂੰ ਕਿਹਾ ਸੀ ਕਿ ਅਗਲੇ ਸਾਲ ਮੈਂ ਵਿਸ਼ਵ ਕੱਪ ਖੇਡਾਂਗਾ ਤੇ ਫਾਈਨਲ ਵਿਚ ਆਪਣੀ ਪਾਰੀ ਨਾਲ ਟੀਮ ਇੰਡੀਆ ਨੂੰ ਖ਼ਿਤਾਬ ਜਿਤਾਵਾਂਗਾ। ਵਿਸ਼ਵ ਕੱਪ ਲਈ ਜਦ ਭਾਰਤ ਦੇ ਆਖ਼ਰੀ-15 ਖਿਡਾਰੀਆਂ ਦੀ ਚੋਣ ਹੋਈ ਤਾਂ ਉਸ ਵਿਚ ਮਯੰਕ ਦਾ ਦੂਰ-ਦੂਰ ਤਕ ਕਿਤੇ ਨਾਂ ਨਹੀਂ ਸੀ ਪਰ ਪਹਿਲਾਂ ਸ਼ਿਖਰ ਧਵਨ ਤੇ ਹੁਣ ਵਿਜੇ ਸ਼ੰਕਰ ਦੇ ਜ਼ਖ਼ਮੀ ਹੋਣ ਤੋਂ ਬਾਅਦ ਉਨ੍ਹਾਂ ਦਾ ਵਿਸ਼ਵ ਕੱਪ ਖੇਡਣ ਦਾ ਸੁਪਨਾ ਪੂਰਾ ਹੁੰਦਾ ਦਿਖਾਈ ਦੇ ਰਿਹਾ ਹੈ। 19 ਜੂਨ ਨੂੰ ਨੈੱਟ ਅਭਿਆਸ ਕਰਦੇ ਸਮੇਂ ਜਸਪ੍ਰੀਤ ਬੁਮਰਾਹ ਦੀ ਗੇਂਦ ਸ਼ੰਕਰ ਦੇ ਖੱਬੇ ਪੈਰ ਦੀ ਉਂਗਲੀ ਵਿਚ ਲੱਗੀ ਸੀ।

ਹਾਲਾਂਕਿ ਇਸ ਦੇ ਬਾਵਜੂਦ ਉਹ ਅਫ਼ਗਾਨਿਸਤਾਨ ਤੇ ਵੈਸਟਇੰਡੀਜ਼ ਖ਼ਿਲਾਫ਼ ਮੁਕਾਬਲੇ ਵਿਚ ਖੇਡ ਪਰ ਇਸ ਤੋਂ ਬਾਅਦ ਉਨ੍ਹਾਂ ਦੀ ਸੱਟ ਦੀ ਹਾਲਤ ਕਾਫ਼ੀ ਖ਼ਰਾਬ ਹੋ ਗਈ। ਉਨ੍ਹਾਂ ਦੀ ਸਕੈਨ ਕਰਵਾਈ ਗਈ ਜਿਸ ਤੋਂ ਪਤਾ ਲੱਗਾ ਕਿ ਉਨ੍ਹਾਂ ਦੇ ਖੱਬੇ ਪੈਰ ਵਿਚ ਫਰੈਕਚਰ ਹੈ ਤੇ ਉਨ੍ਹਾਂ ਨੂੰ ਘੱਟੋ ਘੱਟ ਤਿੰਨ ਹਫ਼ਤੇ ਦੇ ਆਰਾਮ ਦੀ ਲੋੜ ਹੈ। ਇਸ ਤੋਂ ਬਾਅਦ ਉਹ ਵਿਸ਼ਵ ਕੱਪ 'ਚੋਂ ਬਾਹਰ ਹੋ ਗਏ ਤੇ ਚੋਣਕਾਰਾਂ ਨੇ ਉਨ੍ਹਾਂ ਦੀ ਥਾਂ ਮਯੰਕ ਦੀ ਚੋਣ ਕੀਤੀ ਜੋ ਇਕ-ਜਾ ਦੋ ਦਿਨ 'ਚ ਟੀਮ ਨਾਲ ਜੁੜ ਜਾਣਗੇ। ਆਈਸੀਸੀ ਨੂੰ ਵੀ ਇਸ ਬਾਰੇ ਲਿਖ ਦਿੱਤਾ ਗਿਆ ਹੈ। ਕੇਐੱਲ ਰਾਹੁਲ ਓਪਨਿੰਗ ਵਿਚ ਚੰਗਾ ਨਹੀਂ ਕਰ ਪਾ ਰਹੇ ਹਨ। ਉਹ ਜਿਸ ਅੰਦਾਜ਼ ਵਿਚ ਇੰਗਲੈਂਡ ਖ਼ਿਲਾਫ਼ ਆਊਟ ਹੋਏ ਉਸ ਨੇ ਟੀਮ ਇੰਡੀਆ 'ਤੇ ਦਬਾਅ ਲਿਆ ਦਿੱਤਾ ਤੇ 330 ਤੋਂ ਜ਼ਿਆਦਾ ਦੌੜਾਂ ਦਾ ਪਿੱਛਾ ਕਰਦੇ ਹੋਏ ਟੀਮ ਇੰਡੀਆ ਸ਼ੁਰੂਆਤੀ 10 ਓਵਰਾਂ ਵਿਚ ਸਿਰਫ਼ 28 ਦੌੜਾਂ ਹੀ ਬਣਾ ਸਕੀ। ਰਾਹੁਲ ਜੇ ਓਪਨਰ ਵਜੋਂ ਬੰਗਲਾਦੇਸ਼ ਖ਼ਿਲਾਫ਼ ਵੀ ਚੰਗਾ ਪ੍ਰਦਰਸ਼ਨ ਨਹੀਂ ਕਰਦੇ ਤਾਂ ਮਯੰਕ ਨੂੰ ਸ੍ਰੀਲੰਕਾ ਖ਼ਿਲਾਫ਼ ਓਪਨਿੰਗ ਵਿਚ ਉਤਾਰਿਆ ਜਾ ਸਕਦਾ ਹੈ।