ਬਲੋਮਫੋਂਟੇਨ (ਦੱਖਣੀ ਅਫਰੀਕਾ) (ਏਜੰਸੀ) : ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ (59), ਕਪਤਾਨ ਪਿ੍ਆਮ ਗਰਗ (56) ਤੇ ਵਿਕਟਕੀਪਰ ਬੱਲੇਬਾਜ਼ ਧਰੁਵ ਜੁਰੇਲ (ਨਾਬਾਦ 52) ਦੀ ਨੀਮ ਸੈਂਕੜਿਆਂ ਦੀਆਂ ਪਾਰੀਆਂ ਦੀ ਬਦੌਲਤ ਪਿਛਲੀ ਚੈਂਪੀਅਨ ਭਾਰਤ ਨੇ ਐਤਵਾਰ ਨੂੰ ਇਥੇ ਆਈਸੀਸੀ ਅੰਡਰ-19 ਵਿਸ਼ਵ ਕੱਪ ਦੇ ਆਪਣੇ ਸ਼ੁਰੂਆਤੀ ਮੁਕਾਬਲੇ ਵਿਚ ਸ੍ਰੀਲੰਕਾ ਖਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚਾਰ ਵਿਕਟਾਂ 'ਤੇ 297 ਦੌੜਾਂ ਬਣਾਈਆਂ।

ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਭਾਰਤੀ ਦੇ ਸ਼ੁਰੂਆਤੀ ਬੱਲੇਬਾਜ਼ਾਂ ਨੇ ਚੰਗਾ ਯੋਗਦਾਨ ਦਿੱਤਾ। ਪਿ੍ਆਮ ਨੇ 72 ਗੇਦਾਂ ਵਿਚ ਦੋ ਚੌਕਿਆਂ ਦੀ ਮਦਦ ਨਾਲ 56 ਦੌੜਾਂ ਬਣਾਈਆਂ, ਜਦਕਿ ਯਸ਼ਸਵੀ ਨੇ 74 ਗੇਂਦਾਂ ਦੀ ਪਾਰੀ ਵਿਚ ਅੱਠ ਚੌਕੇ ਲਗਾਏ। ਜੁਰੇਲ ਥੋੜੇ੍ਹ ਹਮਲਾਵਾਰ ਰਹੇ, ਜਿਨ੍ਹਾਂ ਨੇ 48 ਗੇਂਦਾਂ ਦੀ ਨਾਬਾਦ ਪਾਰੀ ਵਿਚ ਤਿੰਨ ਚੌਕੇ ਅਤੇ ਇਕ ਛੱਕਾ ਲਗਾਇਆ। ਸੁਦੇਸ਼ ਵੀਰ ਨੇ ਤਾਬੜਤੋੜ ਬੱਲੇਬਾਜ਼ੀ ਕਰਦੇ ਹੋਏ ਸਕੋਰ ਨੂੰ 297 ਤਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ 27 ਗੇਂਦਾਂ ਵਿਚ ਛੇ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 44 ਦੌੜਾਂ ਦੀ ਨਾਬਾਦ ਪਾਰੀ ਖੇਡੀ। ਸ੍ਰੀਲੰਕਾ ਅੰਡਰ-19 ਟੀਮ ਵੱਲੋਂ ਅਸ਼ਿਆਨ ਡੈਨੀਅਲ, ਕਵਿੰਦੂ ਨਦੀਸ਼ਨ, ਦਿਲਸ਼ਾਨ ਮਧੂਸ਼ੰਕਾ ਤੇ ਅੰਮਸ਼ੀ ਡਿਸਿਵਲਾ ਨੇ ਇਕ-ਇਕ ਵਿਕਟ ਲਈ।