ਆਬੂ ਧਾਬੀ (ਜੇਐੱਨਐੱਨ) : ਆਈਪੀਐੱਲ ਦੀਆਂ ਦੋ ਟੀਮਾਂ ਅਗਲੇ ਸਾਲ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ ਵਾਲੀ ਟੀ-10 ਲੀਗ ਵਿਚ ਸ਼ਿਰਕਤ ਕਰ ਸਕਦੀਆਂ ਹਨ। ਟੀ-10 ਲੀਗ ਦੇ ਸੰਸਥਾਪਕ ਤੇ ਚੇਅਰਮੈਨ ਨਵਾਬ ਸ਼ਾਜੀ ਉਲ ਮੁਲਕ ਨੇ ਖ਼ਾਸ ਗੱਲਬਾਤ ਵਿਚ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਈਪੀਐੱਲ ਦੀਆਂ ਦੋ ਟੀਮਾਂ ਟੀ-10 ਲੀਗ ਖੇਡਣ ਦੀਆਂ ਚਾਹਵਾਨ ਹਨ। ਦੇਰ ਨਾਲ ਫ਼ੈਸਲਾ ਲੈਣ ਕਾਰਨ ਉਹ ਇਸ ਸਾਲ ਹਿੱਸਾ ਨਹੀਂ ਲੈ ਸਕੀਆਂ। ਅਗਲੇ ਸਾਲ ਉਨ੍ਹਾਂ ਦੇ ਖੇਡਣ ਦੀ ਪੂਰੀ ਉਮੀਦ ਹੈ। ਨਵਾਬ ਸ਼ਾਜੀ ਨੇ ਹਾਲਾਂਕਿ ਉਨ੍ਹਾਂ ਦੋ ਟੀਮਾਂ ਦੇ ਨਾਵਾਂ ਦਾ ਖ਼ੁਲਾਸਾ ਨਹੀਂ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਪਿਛਲੇ ਸਾਲ ਅਸੀਂ ਟੀਮਾਂ ਦੀ ਗਿਣਤੀ ਛੇ ਤੋਂ ਵਧਾ ਕੇ ਅੱਠ ਕੀਤੀ ਸੀ, ਅਗਲੇ ਸਾਲ ਆਈਪੀਐੱਲ ਦੀਆਂ ਦੋ ਟੀਮਾਂ ਦੇ ਹਿੱਸਾ ਲੈਣ 'ਤੇ ਗਿਣਤੀ ਵਧ ਕੇ 10 ਹੋ ਸਕਦੀ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਆਈਪੀਐੱਲ ਦੀਆਂ ਟੀਮਾਂ ਦੇ ਟੀ-10 ਲੀਗ ਖੇਡਣ 'ਤੇ ਬੀਸੀਸੀਆਈ ਨਾਲ ਹਿਤਾਂ ਦੇ ਟਕਰਾਅ ਦੀ ਸਥਿਤੀ ਪੈਦਾ ਨਹੀਂ ਹੋਵੇਗੀ ਤਾਂ ਇਸ 'ਤੇ ਟੀ-10 ਲੀਗ ਦੇ ਸੰਸਥਾਪਕ ਨੇ ਕਿਹਾ ਕਿ ਦੂਜੀ ਕ੍ਰਿਕਟ ਲੀਗ ਵਾਂਗ ਇੱਥੇ ਵੀ ਟੀਮਾਂ ਨਾਂ ਬਦਲ ਕੇ ਖੇਡਣਗੀਆਂ ਹਾਲਾਂਕਿ ਉਨ੍ਹਾਂ ਦੀ ਮਾਲਕੀ ਤੇ ਮੈਨੇਜਮੈਂਟ ਨਹੀਂ ਬਦਲੇਗੀ। ਜਿਵੇਂ ਜੇ ਕੋਲਕਾਤਾ ਨਾਈਟਰਾਈਡਰਜ਼ ਹਿੱਸਾ ਲੈਂਦੀ ਹੈ ਤਾਂ ਉਸ ਦਾ ਇਸ ਲੀਗ ਵਿਚ ਨਾਈਟਰਾਈਡਰਜ਼ ਨਾਂ ਹੋ ਸਕਦਾ ਹੈ। ਟੀ-10 ਲੀਗ ਖੇਡਣ ਲਈ ਆਈਪੀਐੱਲ ਦੀਆਂ ਟੀਮਾਂ ਨੂੰ ਵੀ ਨਵੇਂ ਖਿਡਾਰੀਆਂ ਲਈ ਡਰਾਫਟ ਦੀ ਪ੍ਰਕਿਰਿਆ 'ਚ ਹਿੱਸਾ ਲੈਣਾ ਪਵੇਗਾ। ਨਵਾਬ ਸ਼ਾਜੀ ਨੇ ਦੱਸਿਆ ਕਿ ਟੀ-10 ਲੀਗ ਦੇ ਮੈਚ ਤੇ ਸਮਾਂ ਵਧਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਨੂੰ 10 ਦਿਨ ਤੇ 29 ਮੈਚ ਤੋਂ ਵਧਾ ਕੇ 15 ਦਿਨ ਤੇ 50 ਮੈਚ ਕੀਤਾ ਜਾ ਸਕਦਾ ਹੈ। ਅਜੇ ਸਿੰਗਲ ਰਾਊਂਡ ਹੁੰਦੇ ਹਨ ਜਿਸ ਨੂੰ ਡਬਲ ਰਾਊਂਡ ਕਰ ਦਿੱਤਾ ਜਾਵੇਗਾ। ਇਸ ਬਾਰੇ ਮੌਜੂਦਾ ਲੀਗ ਦੇ ਸਮਾਪਤ ਹੋਣ ਤੋਂ ਬਾਅਦ ਹੀ ਫ਼ੈਸਲਾ ਲਿਆ ਜਾਵੇਗਾ।

ਭਾਰਤ 'ਚ ਵੀ ਹੋਵੇ ਸ਼ੁਰੂਆਤ :

ਭਾਰਤ ਵਿਚ ਟੀ-10 ਲੀਗ ਸ਼ੁਰੂ ਕਰਨ ਦੀ ਸੰਭਾਵਨਾ ਬਾਰੇ ਪੁੱਛੇ ਜਾਣ 'ਤੇ ਸ਼ਾਜੀ ਨੇ ਕਿਹਾ ਕਿ ਇਹ ਤਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਹੀ ਦੱਸ ਸਕਦਾ ਹੈ। ਅਸੀਂ ਹਾਲਾਂਕਿ ਇਸ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਭਾਰਤ ਵਿਚ ਵੀ ਇਸ ਦੀ ਸ਼ੁਰੂਆਤ ਕੀਤੀ ਜਾਵੇ। ਚਾਹੇ ਪਹਿਲਾਂ ਜ਼ਿਲ੍ਹਾ ਜਾਂ ਸੂਬਾਈ ਵਰਗੇ ਛੋਟੇ ਪੱਧਰ 'ਤੇ ਕਿਉਂ ਨਾ ਹੋਵੇ।

ਵੱਖਰੇ ਫਾਰਮੈਟ 'ਚ ਨਹੀਂ ਹੁੰਦਾ ਮੁਕਾਬਲਾ :

ਇਹ ਪੁੱਛੇ ਜਾਣ 'ਤੇ ਕਿ ਕੀ ਅਗਲੇ ਸਾਲ ਇੰਗਲੈਂਡ ਵਿਚ ਸ਼ੁਰੂ ਹੋਣ ਵਾਲੀ 100 ਗੇਂਦਾਂ ਦੀ ਖੇਡ 'ਦ ਹੰਡਰਡ' ਟੀ-10 ਲੀਗ ਨੂੰ ਚੁਣੌਤੀ ਪੇਸ਼ ਕਰ ਸਕਦੀ ਹੈ ਤਾਂ ਇਸ 'ਤੇ ਸ਼ਾਜੀ ਨੇ ਕਿਹਾ ਕਿ ਮੁਕਾਬਲਾ ਫਾਰਮੈਟ ਨਹੀਂ, ਅਧਿਕਾਰ ਖੇਤਰ ਨੂੰ ਲੈ ਕੇ ਹੁੰਦਾ ਹੈ। ਇੰਗਲੈਂਡ ਦੀ ਲੀਗ ਨੂੰ ਇੰਗਲੈਂਡ ਵਿਚ ਚੁਣੌਤੀ ਮਿਲੇਗੀ। ਟੀ-20 ਦਾ 50 ਓਵਰਾਂ ਦੇ ਮੈਚਾਂ ਨਾਲ ਕੋਈ ਮੁਕਾਬਲਾ ਨਹੀਂ ਹੈ, ਉਸ ਦਾ ਮੁਕਾਬਲਾ ਟੀ-20 ਨਾਲ ਹੈ। ਵੱਖ ਵੱਖ ਫਾਰਮੈਟ ਵਿਚ ਕਦੀ ਮੁਕਾਬਲਾ ਨਹੀਂ ਹੁੰਦਾ।

ਓਲੰਪਿਕ 'ਚ ਸ਼ਾਮਲ ਹੋਣ ਦੀ ਸੰਭਾਵਨਾ :

ਟੀ-10 ਦੇ ਓਲੰਪਿਕ ਵਿਚ ਸ਼ਾਮਲ ਹੋਣ ਦੀ ਸੰਭਾਵਨਾ 'ਤੇ ਨਵਾਬ ਸ਼ਾਜੀ ਉਲ ਮੁਲਕ ਨੇ ਕਿਹਾ ਕਿ ਇਸ 'ਤੇ ਓਲੰਪਿਕ ਕਮੇਟੀ ਹੀ ਫ਼ੈਸਲਾ ਲੈ ਸਕਦੀ ਹੈ ਪਰ ਮੇਰਾ ਮੰਨਣਾ ਹੈ ਕਿ ਜਿਸ ਖੇਡ ਦਾ ਸਮਾਂ ਜਿੰਨਾ ਘੱਟ ਹੁੰਦਾ ਹੈ ਉਸ ਦੇ ਓਲੰਪਿਕ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਓਨੀ ਹੀ ਜ਼ਿਆਦਾ ਹੁੰਦੀ ਹੈ।