ਲੰਡਨ (ਏਐੱਫਪੀ) : ਪੰਜਵਾਂ ਐਸ਼ੇਜ਼ ਟੈਸਟ ਗੁਆਉਣ ਤੋਂ ਬਾਅਦ ਆਸਟ੍ਰੇਲੀਆਈ ਟੀਮ ਦੇ ਕਪਤਾਨ ਟਿਮ ਪੇਨ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਕੁਝ ਗੱਲਾਂ ਦਾ ਪਛਤਾਵਾ ਹੈ ਕਿਉਂਕਿ ਉਹ ਖ਼ਾਸ ਤੌਰ 'ਤੇ ਪੰਜਵੇਂ ਟੈਸਟ ਵਿਚ ਆਪਣੇ ਸਾਹਮਣੇ ਆਏ ਮੌਕਿਆਂ ਦਾ ਲਾਭ ਨਹੀਂ ਲੈ ਸਕੀ। ਸਾਡੇ ਗੇਂਦਬਾਜ਼ ਚੰਗਾ ਖੇਡੇ। ਮੈਨੂੰ ਉਨ੍ਹਾਂ ਲਈ ਬੁਰਾ ਲੱਗ ਰਿਹਾ ਹੈ। ਇਸ ਮੈਚ ਵਿਚ ਅਸੀਂ ਜਿਸ ਤਰ੍ਹਾਂ ਖੇਡੇ, ਉਸ ਤੋਂ ਬਿਹਤਰ ਕਰ ਸਕਦੇ ਸੀ। ਬੀਤੇ18 ਸਾਲ ਵਿਚ ਇੰਗਲੈਂਡ ਆ ਕੇ ਸੀਰੀਜ਼ ਬਚਾਉਣਾ ਵੱਡੀ ਗੱਲ ਸੀ, ਪਰ ਅੱਜ ਦਾ ਦਿਨ ਸਾਡੇ ਲਈ ਖ਼ਰਾਬ ਰਿਹਾ। ਪੇਨ ਨੇ ਇਹ ਵੀ ਕਿਹਾ ਕਿ ਇੰਗਲੈਂਡ ਦੀ ਟੀਮ ਹਰ ਲਿਹਾਜ਼ ਨਾਲ ਉਨ੍ਹਾਂ ਦੀ ਟੀਮ ਤੋਂ ਬਿਹਤਰ ਸੀ ਪਰ ਬਾਵਜੂਦ ਇਸ ਦੇ ਉਨ੍ਹਾਂ ਦੀ ਟੀਮ ਨੇ ਮੇਜ਼ਬਾਨ ਟੀਮ ਨੂੰ ਸਖ਼ਤ ਟੱਕਰ ਦਿੱਤੀ। ਪੇਨ ਨੇ ਕਿਹਾ ਕਿ ਇੰਗਲੈਂਡ ਦੇ ਕਪਤਾਨ ਜੋ ਰੂਟ ਨੂੰ ਇਹ ਮੰਨਣਾ ਪਵੇਗਾ ਕਿ ਅਸੀਂ ਕਾਫੀ ਵਧੀਆ ਕ੍ਰਿਕਟ ਖੇਡੀ। ਮੈਥਿਊ ਵੇਡ ਨੇ ਸ਼ਾਨਦਾਰ ਇੱਛਾ ਸ਼ਕਤੀ ਤੋਂ ਜਾਣੂ ਕਰਵਾਇਆ। ਵੇਡ ਨੇ ਸਾਬਤ ਕੀਤਾ ਕਿ ਉਨ੍ਹਾਂ ਅੰਦਰ ਕਾਫੀ ਕ੍ਰਿਕਟ ਬਾਕੀ ਹੈ।

ਦੋਵਾਂ ਟੀਮਾਂ ਨੂੰ ਖ਼ੁਦ 'ਤੇ ਮਾਣ ਹੋਣਾ ਚਾਹੀਦੈ :

ਪੇਨ ਨੇ ਕਿਹਾ ਕਿ ਦੋਵਾਂ ਟੀਮਾਂ ਨੂੰ ਇਸ ਸੀਰੀਜ਼ 'ਤੇ ਮਾਣ ਕਰਨਾ ਚਾਹੀਦਾ ਹੈ। ਅਸੀਂ ਸੋਚਿਆ ਸੀ ਕਿ ਇਹ ਇੰਗਲਿਸ਼ ਲੋਕਾਂ ਦੇ ਸਾਹਮਣੇ ਖੇਡਦੇ ਹੋਏ ਸਾਡੇ ਲਈ ਆਤਮ ਸਨਮਾਨ ਹਾਸਲ ਕਰਨ ਦਾ ਚੰਗਾ ਮੌਕਾ ਹੈ ਤੇ ਅਸੀਂ ਇਸ ਨੂੰ ਹਾਸਲ ਕਰਨ ਵਿਚ ਕਾਮਯਾਬ ਰਹੇ।