ਨਵੀਂ ਦਿੱਲੀ : ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਸ਼ੁੱਕਰਵਾਰ ਨੂੰ ਅਭਿਆਸ ਸੈਸ਼ਨ ਵਿਚ ਥ੍ਰੋਅਡਾਊਨ ਦੌਰਾਨ ਖੱਬੇ ਪੱਟ 'ਤੇ ਗੇਂਦ ਲੱਗ ਗਈ ਜਿਸ ਨਾਲ ਉਨ੍ਹਾਂ ਨੂੰ ਅਭਿਆਸ ਛੱਡ ਕੇ ਜਾਣਾ ਪਿਆ। ਉਨ੍ਹਾਂ ਨੂੰ ਇਹ ਗੇਂਦ ਨੈੱਟ ਸੈਸ਼ਨ ਦੇ ਸ਼ੁਰੂ ਵਿਚ ਹੀ ਲੱਗ ਗਈ। ਕੁਝ ਥ੍ਰੋਅਡਾਊਨ ਤੋਂ ਬਾਅਦ ਇਕ ਤੇਜ਼ ਗੇਂਦ ਉਨ੍ਹਾਂ ਦੇ ਖੱਬੇ ਪੱਟ 'ਤੇ ਲੱਗੀ। ਸੱਟ ਲੱਗਣ ਤੋਂ ਬਾਅਦ ਉਹ ਤਰੁੰਤ ਹੀ ਸੈਸ਼ਨ ਛੱਡ ਕੇ ਚਲੇ ਗਏ ਤੇ ਇਹ ਦਿਖਾਈ ਦੇ ਰਿਹਾ ਸੀ ਕਿ ਜਿਸ ਤੇਜ਼ੀ ਨਾਲ ਥ੍ਰੋਅਡਾਊਨ ਗੇਂਦ ਉਨ੍ਹਾਂ ਵੱਲ ਆਈ ਸੀ ਉਹ ਉਸ ਤੋਂ ਖ਼ੁਸ਼ ਨਹੀਂ ਸਨ। ਭਾਰਤੀ ਟੀਮ ਨੇ ਖੱਬੇ ਹੱਥ ਦੇ ਸ੍ਰੀਲੰਕਾਈ ਥ੍ਰੋਅਡਾਊਨ ਮਾਹਿਰ ਨੁਆਨ ਨੂੰ ਅਭਿਆਸ ਲਈ ਰੱਖਿਆ ਹੈ ਤਾਂਕਿ ਬੱਲੇਬਾਜ਼ ਵਿਰੋਧੀ ਟੀਮ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੁਸਤਫਿਜੁਰ ਰਹਿਮਾਨ ਦਾ ਚੰਗੀ ਤਰ੍ਹਾਂ ਸਾਹਮਣਾ ਕਰ ਸਕਣ। ਆਮ ਤੌਰ 'ਤੇ ਬੱਲੇਬਾਜ਼ ਨੈੱਟ ਵਿਚ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਤੋਂ ਪਹਿਲਾਂ ਲੈਅ ਹਾਸਲ ਕਰਨ ਲਈ ਥ੍ਰੋਅਡਾਊਨ 'ਤੇ ਬੱਲੇਬਾਜ਼ੀ ਦਾ ਅਭਿਆਸ ਕਰਦੇ ਹਨ।