ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਇਸ ਸਾਲ ਆਈਸੀਸੀ ਟੀ-20 ਵਿਸ਼ਵ ਕੱਪ ਦੀ ਥਾਂ ਆਈਪੀਐੱਲ ਕਰਵਾਉਣ ਦੀ ਤਿਆਰੀ ਵਿਚ ਰੁੱਝ ਗਿਆ ਹੈ ਤੇ ਇਹ ਲੀਗ ਅਕਤੂਬਰ ਜਾਂ ਨਵੰਬਰ 'ਚ ਕਰਵਾਈ ਜਾ ਸਕਦੀ ਹੈ। ਟੀ-20 ਵਿਸ਼ਵ ਕੱਪ ਇਸ ਸਾਲ ਆਸਟ੍ਰੇਲੀਆ ਵਿਚ 18 ਅਕਤੂਬਰ ਤੋਂ 15 ਨਵੰਬਰ ਤਕ ਹੋਣਾ ਹੈ ਜਦਕਿ ਆਈਪੀਐੱਲ ਦਾ 13ਵਾਂ ਐਡੀਸ਼ਨ 29 ਮਾਰਚ ਨੂੰ ਹੋਣਾ ਸੀ ਪਰ ਕੋਰੋਨਾ ਤੇ ਲਾਕਡਾਊਨ ਕਾਰਨ ਇਸ ਨੂੰ ਅਣਮਿੱਥੇ ਸਮੇਂ ਲਈ ਟਾਲ਼ ਦਿੱਤਾ ਗਿਆ ਸੀ। ਜਾਗਰਣ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਬੀਸੀਸੀਆਈ ਆਪਣੀ ਇਸ ਲੀਗ ਨੂੰ ਕਿਸੇ ਵੀ ਹਾਲਤ ਵਿਚ ਇਸ ਸਾਲ ਕਰਵਾਉਣਾ ਚਾਹੁੰਦੀ ਹੈ ਤੇ ਇਨ੍ਹਾਂ ਸਭ ਵਿਚਾਲੇ ਟੀ-20 ਵਿਸ਼ਵ ਕੱਪ ਨੂੰ ਮੁਲਤਵੀ ਕੀਤਾ ਜਾਵੇਗਾ। ਅਗਲੇ ਮਹੀਨੇ ਆਈਸੀਸੀ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੀ ਕਮੇਟੀ (ਸੀਈਸੀ) ਦੀ ਮੀਟਿੰਗ ਦੌਰਾਨ ਵੀ ਇਸ ਨੂੰ ਲੈ ਕੇ ਗੱਲਬਾਤ ਕੀਤੀ ਜਾ ਸਕਦੀ ਹੈ। ਜੇ ਇਸ ਵਿਸ਼ਵ ਕੱਪ ਨੂੰ ਅਗਲੇ ਸਾਲ ਲਈ ਮੁਲਤਵੀ ਕਰ ਦਿੱਤਾ ਜਾਂਦਾ ਹੈ ਤਾਂ ਫਿਰ ਕੀ ਆਈਸੀਸੀ ਇਕ ਸਾਲ ਵਿਚ ਦੋ ਟੀ-20 ਵਿਸ਼ਵ ਕੱਪ ਕਰਵਾਏਗੀ? ਕਿਉਂਕਿ ਅਗਲੇ ਸਾਲ ਵੀ ਟੀ-20 ਵਿਸ਼ਵ ਕੱਪ ਅਕਤੂਬਰ-ਨਵੰਬਰ ਵਿਚਾਲੇ ਭਾਰਤ ਵਿਚ ਹੀ ਹੋਣਾ ਹੈ। ਆਸਟ੍ਰੇਲੀਆ ਦੀ ਟੀ-20 ਟੀਮ ਦੇ ਕੁਝ ਖਿਡਾਰੀਆਂ ਨੇ ਹਾਲਾਂਕਿ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਤੈਅ ਸਮੇਂ 'ਤੇ ਵਿਸ਼ਵ ਕੱਪ ਦੇ ਹੋਣ ਦੀ ਉਮੀਦ ਨਹੀਂ ਹੈ।

ਇਸ ਮਾਮਲੇ ਵਿਚ ਜਦ ਇਕ ਫਰੈਂਚਾਈਜ਼ੀ ਦੇ ਅਧਿਕਾਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਹਾਂ ਸਾਨੂੰ ਦੱਸਿਆ ਗਿਆ ਹੈ ਕਿ ਸਾਨੂੰ ਇਨ੍ਹਾਂ ਤਰੀਕਾਂ ਨੂੰ ਦੇਖ ਕੇ ਰਣਨੀਤੀ ਬਣਾਉਣੀ ਚਾਹੀਦੀ ਹੈ। ਬਲਕਿ ਅਸੀਂ ਇਸੇ ਗੱਲ ਨੂੰ ਧਿਆਨ ਵਿਚ ਰੱਖ ਕੇ ਆਪਣੀਆਂ ਨੀਤੀਆਂ ਬਣਾ ਰਹੇ ਹਾਂ। ਪਰ ਇਹ ਅੰਤ ਵਿਚ ਦੇਸ਼ ਦੇ ਹਾਲਾਤ 'ਤੇ ਨਿਰਭਰ ਕਰਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਉਮੀਦ ਲਾਈ ਬੈਠੇ ਹਾਂ ਤੇ ਉਮੀਦ ਕਰ ਰਹੇ ਹਾਂ ਕਿ ਸਰਕਾਰ ਇਸੇ ਤਰ੍ਹਾਂ ਦਾ ਸ਼ਾਨਦਾਰ ਕੰਮ ਜਾਰੀ ਰੱਖ ਸਕੇ ਤੇ ਅਸੀਂ ਕੋਰੋਨਾ ਦੇ ਮਾਮਲਿਆਂ ਵਿਚ ਗਿਰਾਵਟ ਦੇਖ ਸਕੀਏ।

ਇਕ ਹੋਰ ਫਰੈਂਚਾਈਜ਼ੀ ਦੇ ਅਧਿਕਾਰੀ ਨੇ ਕਿਹਾ ਕਿ ਹਾਂ ਸਾਨੂੰ ਇਸ ਸਮਾਂ ਹੱਦ ਬਾਰੇ ਦੱਸਿਆ ਗਿਆ ਹੈ ਪਰ ਅਜੇ ਮੈਚ ਵਾਲੀਆਂ ਥਾਵਾਂ 'ਤੇ ਕਿਸ ਤਰ੍ਹਾਂ ਦੀ ਵਿਵਸਥਾ ਦੀ ਕੀਤੀ ਜਾਵੇਗੀ ਇਸ ਨੂੰ ਲੈ ਕੇ ਕੁਝ ਵੀ ਤੈਅ ਨਹੀਂ ਹੋਇਆ ਹੈ। ਸਾਨੂੰ ਇਨ੍ਹਾਂ ਚੀਜ਼ਾਂ ਨੂੰ ਆਪਣੀ ਤਿਆਰੀ ਦੇ ਅਗਲੇ ਕਦਮ ਦੇ ਰੂਪ ਵਿਚ ਦੇਖਣਾ ਚਾਹੀਦਾ ਹੈ ਕਿਉਂਕਿ ਵਿਦੇਸ਼ੀ ਖਿਡਾਰੀ ਆਉਣਗੇ ਤੇ ਸਾਨੂੰ ਇਸ ਗੱਲ ਨੂੰ ਲੈ ਕੇ ਯਕੀਨੀ ਬਣਾਉਣਾ ਪਵੇਗਾ ਕਿ ਕੋਰੋਨਾ ਨੂੰ ਲੈ ਕੇ ਸਰਕਾਰ ਨੇ ਜੋ ਨਿਯਮ ਬਣਾਏ ਹਨ ਉਨ੍ਹਾਂ ਦਾ ਪਾਲਣ ਹੋ ਸਕੇ। ਮੈਨੂੰ ਲਗਦਾ ਹੈ ਕਿ ਸਮੇਂ ਦੇ ਨਾਲ ਚੀਜ਼ਾਂ ਨੂੰ ਲੈ ਕੇ ਹੋਰ ਸਪੱਸ਼ਟਤਾ ਆ ਜਾਵੇਗੀ ਤੇ ਜੇ ਅਸੀਂ ਸਤੰਬਰ ਦੇ ਅੰਤ ਵਿਚ ਆਪਣਾ ਪਹਿਲਾ ਮੈਚ ਖੇਡਣਾ ਹੈ ਤਾਂ ਅਸੀਂ ਸ਼ਾਇਦ ਅਗਸਤ ਦੇ ਆਲੇ ਦੁਆਲੇ ਤਕ ਤਿਆਰੀ ਸ਼ੁਰੂ ਕਰ ਦਈਏ।

ਲੀਗ ਲਈ ਹਾਲਾਤ ਹੋਣੇ ਚਾਹੀਦੇ ਨੇ ਠੀਕ :

ਬੀਸੀਸੀਆਈ ਦੇ ਏਪੇਕਸ ਕੌਂਸਲ ਦੇ ਮੈਂਬਰ ਅੰਸ਼ੁਮਨ ਗਾਇਕਵਾੜ ਨੇ ਵੀ ਇਸ 'ਤੇ ਆਪਣੀ ਹਾਮੀ ਭਰਦੇ ਹੋਏ ਕਿਹਾ ਹੈ ਕਿ ਮੈਨੂੰ ਲਗਦਾ ਹੈ ਕਿ ਇਸ ਸਾਲ ਟੀ-20 ਵਿਸ਼ਵ ਕੱਪ ਨਹੀਂ ਹੋ ਸਕੇਗਾ। ਆਈਪੀਐੱਲ ਬਾਰੇ ਅਸੀਂ ਅਜੇ ਕੁਝ ਨਹੀਂ ਕਹਿ ਸਕਦੇ। ਇਹ ਟੂਰਨਾਮੈਂਟ ਹੋਵੇਗਾ ਜਾਂ ਨਹੀਂ ਹੋਵੇਗਾ, ਭਾਰਤ ਦੇ ਹਾਲਾਤ 'ਤੇ ਨਿਰਭਰ ਕਰੇਗਾ। ਇਸ ਲਈ ਇਸ ਸਾਲ ਸਿਰਫ਼ ਇਕ ਹੀ ਵਿੰਡੋ ਹੈ ਤੇ ਉਹ ਟੀ-20 ਵਿਸ਼ਵ ਕੱਪ ਦੀ ਥਾਂ ਅਕਤੂਬਰ-ਨਵੰਬਰ ਹੈ। ਜੇ ਵਿਸ਼ਵ ਕੱਪ ਰੱਦ ਹੁੰਦਾ ਹੈ ਜਾਂ ਫਿਰ ਟਲ਼ਦਾ ਹੈ ਤਾਂ ਉਸ ਸਥਿਤੀ ਵਿਚ ਸਿਰਫ਼ ਆਈਪੀਐੱਲ ਹੀ ਕਰਵਾਇਆ ਜਾ ਸਕਦਾ ਹੈ ਪਰ ਤਦ ਵੀ ਇਹ ਦੇਖਣਾ ਪਵੇਗਾ ਕਿ ਉਸ ਸਮੇਂ ਭਾਰਤ ਦੇ ਹਾਲਾਤ ਕੀ ਹਨ।

ਖਿਡਾਰੀ ਖਾਲੀ ਮੈਦਾਨ 'ਚ ਖੇਡਣ ਦੇ ਆਦੀ ਨਹੀਂ :

ਗਾਇਕਵਾੜ ਨੇ ਕਿਹਾ ਕਿ ਜਿਵੇਂ ਕ੍ਰਿਕਟ ਹੁਣ ਤਕ ਖੇਡਿਆ ਜਾਂਦਾ ਰਿਹਾ ਹੈ, ਇਹ ਹੁਣ ਅਜਿਹਾ ਨਹੀਂ ਰਹੇਗਾ। ਹੁਣ ਸਟੇਡੀਅਮ ਵਿਚ ਦਰਸ਼ਕ ਨਹੀਂ ਹੋਣਗੇ। ਕ੍ਰਿਕਟ ਖਿਡਾਰੀ ਖਾਲੀ ਮੈਦਾਨ 'ਚ ਖੇਡਣ ਦੇ ਆਦੀ ਨਹੀਂ ਹਨ। ਕ੍ਰਿਕਟ ਦੀ ਇਸ ਨਵੇਂ ਤਰੀਕੇ ਦੀ ਖੇਡ ਨੂੰ ਸਵੀਕਾਰ ਕਰਨਾ ਬਹੁਤ ਮੁਸ਼ਕਲ ਹੋਵੇਗਾ। ਕ੍ਰਿਕਟ ਦੁਬਾਰਾ ਤੋਂ ਸ਼ੁਰੂ ਕਰਨ ਲਈ ਹੁਣ ਸਾਨੂੰ ਦੋ ਮਹੀਨੇ ਜਾਂ ਚਾਰ ਮਹੀਨੇ ਜਾਂ ਉਸ ਤੋਂ ਵੀ ਜ਼ਿਆਦਾ ਦਾ ਸਮਾਂ ਲੱਗ ਸਕਦਾ ਹੈ। ਇਹ ਕੋਈ ਪੜ੍ਹਾਈ ਨਹੀਂ ਹੈ, ਜਿਸ ਨੂੰ ਤੁਸੀਂ ਪੜ੍ਹੋਗੇ ਤੇ ਫਿਰ ਲਿਖ ਦੇਵੇਗੋ। ਤੁਹਾਨੂੰ ਮੈਦਾਨ 'ਤੇ ਉਤਰ ਕੇ ਪ੍ਰਦਰਸ਼ਨ ਕਰਨਾ ਪਵੇਗਾ। ਇਹ ਕਿਸੇ ਲਈ ਵੀ ਆਸਾਨ ਨਹੀਂ ਹੋਵੇਗਾ। ਅੰਸ਼ੁਮਨ ਭਾਰਤ ਲਈ 40 ਟੈਸਟ ਤੇ 15 ਵਨ ਡੇ ਖੇਡ ਚੁੱਕੇ ਹਨ।

Posted By: Rajnish Kaur