ਦੁਬਈ (ਯੂਏਈ) : ਆਸਟ੍ਰੇਲੀਆ 'ਚ ਅਗਲੇ ਸਾਲ ਮਤਲਬ ਕਿ 2020 ਵਿਚ ਹੋਣ ਵਾਲੇ ਮਰਦ ਟੀ-20 ਵਿਸ਼ਵ ਕੱਪ ਦਾ ਪ੍ਰੋਗਰਾਮ ਐਤਵਾਰ ਨੂੰ ਐਲਾਨ ਕਰ ਦਿੱਤਾ ਗਿਆ। ਵਿਸ਼ਵ ਪੱਧਰੀ ਕੁਆਲੀਫਾਇੰਗ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਆਇਰਲੈਂਡ, ਨਾਮੀਬੀਆ, ਨੀਦਰਲੈਂਡ, ਓਮਾਨ, ਪਪੂਆ ਨਿਊ ਗਿਨੀ (ਪੀਐੱਨਜੀ) ਤੇ ਸਕਾਟਲੈਂਡ ਦੀਆਂ ਟੀਮਾਂ ਇਸ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਿਚ ਕਾਮਯਾਬ ਰਹੀਆਂ ਹਨ। ਪੀਐੱਨਜੀ, ਆਇਰਲੈਂਡ ਤੇ ਓਮਾਨ ਦੀਆਂ ਟੀਮਾਂ ਪਹਿਲੇ ਗੇੜ ਦੇ ਗਰੁੱਪ-ਏ ਵਿਚ ਸ੍ਰੀਲੰਕਾ ਨਾਲ ਹੋਣਗੀਆਂ ਤੇ ਇਹ ਚਾਰ ਟੀਮਾਂ 18 ਤੋਂ 22 ਅਕਤੂਬਰ ਦੌਰਾਨ ਗੀਲੋਂਗ ਦੇ ਕਰਦੀਨੀਆ ਪਾਰਕ ਵਿਚ ਆਪਸ ਵਿਚ ਮੁਕਾਬਲਾ ਕਰਨਗੀਆਂ। ਦੂਜੇ ਪਾਸੇ ਨੀਦਰਲੈਂਡ, ਨਾਮੀਬੀਆ ਤੇ ਸਕਾਟਲੈਂਡ ਦੀਆਂ ਟੀਮਾਂ ਗਰੁੱਪ ਬੀ ਵਿਚ ਬੰਗਲਾਦੇਸ਼ ਨਾਲ ਹੋਣਗੀਆਂ ਤੇ ਉਨ੍ਹਾਂ ਦੇ ਮੈਚ 19 ਤੋਂ 23 ਅਕਤੂਬਰ ਦੌਰਾਨ ਹੋਬਾਰਟ ਦੇ ਬੈਲੇਰੀਵ ਓਵਲ ਵਿਚ ਖੇਡੇ ਜਾਣਗੇ। ਆਈਸੀਸੀ ਟੀ-20 ਵਿਸ਼ਵ ਕੱਪ 2020 ਦੀ ਸਥਾਨਕ ਪ੍ਰਬੰਧਕੀ ਕਮੇਟੀ ਦੇ ਸੀਈਓ ਨਿਕ ਹਾਕਲੇ ਨੇ ਅਧਿਕਾਰਕ ਬਿਆਨ ਵਿਚ ਕਿਹਾ ਕਿ ਆਈਸੀਸੀ ਮਰਦ ਟੀ-20 ਵਿਸ਼ਵ ਕੱਪ 2020 ਲਈ ਅਸੀਂ ਆਸਟ੍ਰੇਲੀਆ ਵਿਚ ਨੀਦਰਲੈਂਡ, ਓਮਾਨ, ਪਪੂਆ ਨਿਊ ਗਿਨੀ ਤੇ ਸਕਾਟਲੈਂਡ ਦਾ ਸਵਾਗਤ ਕਰਦੇ ਹੋਏ ਬਹੁਤ ਖ਼ੁਸ਼ੀ ਮਹਿਸੂਸ ਕਰ ਰਹੇ ਹਾਂ। ਅਸੀਂ ਜਾਣਦੇ ਹਾਂ ਕਿ ਸਾਰੀਆਂ 16 ਟੀਮਾਂ ਦਾ ਸਵਾਗਤ ਬਹੁਤ ਹੀ ਗਰਮਜੋਸ਼ੀ ਨਾਲ ਕੀਤਾ ਜਾਵੇਗਾ ਤੇ ਉਨ੍ਹਾ ਨੂੰ ਆਸਟ੍ਰੇਲੀਆ ਵਿਚ ਰਹਿਣ ਵਾਲੇ ਸਮਰਥਕਾਂ ਤੇ ਪੂਰੀ ਦੁਨੀਆ 'ਚੋਂ ਆਉਣ ਵਾਲੇ ਲੋਕਾਂ ਦਾ ਪੂਰਾ ਸਮਰਥਨ ਮਿਲੇਗਾ। ਪੀਐੱਨਜੀ ਲਈ ਇਹ ਪਹਿਲਾ ਵੱਡਾ ਵਿਸ਼ਵ ਪੱਧਰੀ ਟੂਰਨਾਮੈਂਟ ਹੋਵੇਗਾ। ਉਹ ਕੁਆਲੀਫਾਇੰਗ ਟੂਰਨਾਮੈਂਟ ਦੀ ਉੱਪ ਜੇਤੂ ਹੈ। ਇਹ ਟੀਮ 2014 ਤੇ 2016 ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਤੋਂ ਥੋੜ੍ਹੇ ਫ਼ਰਕ ਨਾਲ ਖੁੰਝ ਗਈ ਸੀ। ਟੂਰਨਾਮੈਂਟ ਦਾ ਪਹਿਲਾ ਸੈਮੀਫਾਈਨਲ 11 ਨਵੰਬਰ ਨੂੰ ਸਿਡਨੀ ਵਿਚ, ਦੂਜਾ ਸੈਮੀਫਾਈਨਲ 12 ਨਵੰਬਰ ਨੂੰ ਏਡੀਲੇਡ ਵਿਚ ਤੇ ਫਾਈਨਲ ਮੁਕਾਬਲਾ 15 ਨਵੰਬਰ ਨੂੰ ਮੈਲਬੌਰਨ 'ਚ ਖੇਡਿਆ ਜਾਵੇਗਾ।

ਆਸਟ੍ਰੇਲੀਆ ਵਿਚ ਹੀ ਹੋਵੇਗਾ ਮਹਿਲਾ ਵਿਸ਼ਵ ਕੱਪ

ਸਾਲ 2020 ਵਿਚ ਮਰਦ ਤੇ ਮਹਿਲਾ ਦੋਵੇਂ ਵਿਸ਼ਵ ਕੱਪ ਆਸਟ੍ਰੇਲੀਆ ਵਿਚ ਹੀ ਖੇਡੇ ਜਾਣਗੇ। ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਪਹਿਲਾਂ ਹੋਵੇਗਾ ਜੋ 21 ਫਰਵਰੀ ਤੋਂ ਅੱਠ ਮਾਰਚ ਤਕ ਖੇਡਿਆ ਜਾਵੇਗਾ। ਮਹਿਲਾ ਟੀ-20 ਵਿਸ਼ਵ ਕੱਪ ਦਾ ਫਾਈਨਲ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਖੇਡਿਆ ਜਾਵੇਗਾ। ਪਿਛਲੀ ਵਾਰ ਦੀ ਚੈਂਪੀਅਨ ਆਸਟ੍ਰੇਲੀਆ 21 ਫਰਵਰੀ ਨੂੰ ਆਪਣੇ ਸ਼ੁਰੂਆਤੀ ਮੁਕਾਬਲੇ ਵਿਚ ਭਾਰਤ ਦਾ ਸਾਹਮਣਾ ਕਰੇਗਾ। ਮਹਿਲਾ ਤੇ ਮਰਦ ਦੋਵਾਂ ਦੇ ਫਾਈਨਲ ਮੈਲਬੌਰਨ ਕ੍ਰਿਕਟ ਮੈਦਾਨ 'ਤੇ ਖੇਡੇ ਜਾਣਗੇ।

ਨੀਦਰਲੈਂਡ ਨੇ ਜਿੱਤਿਆ ਕੁਆਲੀਫਾਇੰਗ ਖ਼ਿਤਾਬ

ਦੁਬਈ (ਪੀਟੀਆਈ) : ਨੀਦਰਲੈਂਡ ਨੇ ਟੀ-20 ਵਿਸ਼ਵ ਕੱਪ ਕੁਆਲੀਫਾਇੰਗ ਟੂਰਨਾਮੈਂਟ ਦੇ ਫਾਈਨਲ ਵਿਚ ਪਪੂਆ ਨਿਊ ਗਿਨੀ (ਪੀਐੱਨਜੀ) ਨੂੰ ਸੱਤ ਵਿਕਟਾਂ ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂ ਕੀਤਾ। ਪੀਐੱਨਜੀ ਨੇ ਪਹਿਲਾਂ ਬੱਲੇਬਾਜ਼ੀ ਕਰੇਦ ਹੋਏ 20 ਓਵਰਾਂ ਵਿਚ ਅੱਠ ਵਿਕਟਾਂ 'ਤੇ 128 ਦੌੜਾਂ ਬਣਾਈਆਂ। ਨੀਦਰਲੈਂਡ ਨੇ ਇਕ ਓਵਰ ਬਾਕੀ ਰਹਿੰਦੇ ਤਿੰਨ ਵਿਕਟਾਂ ਗੁਆ ਕੇ ਟੀਚੇ ਨੂੰ ਹਾਸਲ ਕਰ ਲਿਆ।

ਨੰਬਰ ਗੇਮ

-07ਵਾਂ ਟੀ-20 ਵਿਸ਼ਵ ਕੱਪ 18 ਅਕਤੂਬਰ ਤੋਂ 15 ਨਵੰਬਰ 2020 ਦੌਰਾਨ ਆਸਟ੍ਰੇਲੀਆ 'ਚ ਖੇਡਿਆ ਜਾਵੇਗਾ।

-16 ਟੀਮਾਂ ਇਸ ਟੀ-20 ਵਿਸ਼ਵ ਕੱਪ ਵਿਚ ਸ਼ਿਰਕਤ ਕਰਨਗੀਆਂ ਤੇ ਕੁੱਲ 45 ਮੈਚ ਖੇਡੇ ਜਾਣਗੇ।

-06 ਟੀਮਾਂ ਆਇਰਲੈਂਡ, ਨਾਮੀਬੀਆ, ਨੀਦਰਲੈਂਡ, ਓਮਾਨ, ਪੀਐੱਨਜੀ ਤੇ ਸਕਾਟਲੈਂਡ ਨੇ ਕੁਆਲੀਫਾਇਰ ਰਾਹੀਂ ਇਸ ਵਿਸ਼ਵ ਕੱਪ ਦੀ ਟਿਕਟ ਹਾਸਲ ਕੀਤੀ ਹੈ।

-07 ਮੈਦਾਨਾਂ 'ਤੇ ਇਸ ਵਿਸ਼ਵ ਕੱਪ ਦੇ ਮੈਚ ਖੇਡੇ ਜਾਣਗੇ ਤੇ ਫਾਈਨਲ ਮੁਕਾਬਲਾ ਮੈਲਬੌਰਨ 'ਚ ਹੋਵੇਗਾ।

---

ਟੀ-20 ਵਿਸ਼ਵ ਕੱਪ ਦੀਆਂ 16 ਟੀਮਾਂ ਨੂੰ ਇਸ ਤਰ੍ਹਾਂ ਗਰੁੱਪ 'ਚ ਵੰਡਿਆ ਗਿਆ

ਗਰੁੱਪ-ਏ : ਸ੍ਰੀਲੰਕਾ, ਪੀਐੱਨਜੀ, ਆਇਰਲੈਂਡ ਤੇ ਓਮਾਨ

ਗਰੁੱਪ-ਬੀ : ਬੰਗਲਾਦੇਸ਼, ਨੀਦਰਲੈਂਡ, ਨਾਮੀਬੀਆ ਤੇ ਸਕਾਟਲੈਂਡ

ਸੁਪਰ-12 ਦਾ ਗਰੁੱਪ 1 : ਪਾਕਿਸਤਾਨ, ਆਸਟ੍ਰੇਲੀਆ, ਨਿਊਜ਼ੀਲੈਂਡ, ਵੈਸਟਇੰਡੀਜ਼

ਗਰੁੱਪ-ਏ ਦੀ ਚੋਟੀ ਦੀ ਟੀਮ (ਏ-1), ਗਰੁੱਪ ਬੀ ਦੀ ਦੂਜੇ ਸਥਾਨ ਦੀ ਟੀਮ (ਬੀ-2)

ਸੁਪਰ-12 ਦਾ ਗਰੁੱਪ-2 : ਭਾਰਤ, ਇੰਗਲੈਂਡ, ਦੱਖਣੀ ਅਫਰੀਕਾ, ਅਫਗ਼ਾਨਿਸਤਾਨ,

ਗਰੁੱਪ-ਬੀ ਦੀ ਚੋਟੀ ਦੀ ਟੀਮ (ਬੀ-1), ਗਰੁੱਪ-ਏ ਦੀ ਦੂਜੇ ਸਥਾਨ ਦੀ ਟੀਮ (ਏ-2)

---------

2020 ਟੀ-20 ਵਿਸ਼ਵ ਕੱਪ 'ਚ ਭਾਰਤ ਦਾ ਪ੍ਰਰੋਗਰਾਮ :

24 ਅਕਤੂਬਰ, ਭਾਰਤ ਬਨਾਮ ਦੱਖਣੀ ਅਫਰੀਕਾ, ਪਰਥ

29 ਅਕਤੂਬਰ, ਭਾਰਤ ਬਨਾਮ ਏ-2, ਮੈਲਬੌਰਨ

01 ਨਵੰਬਰ, ਭਾਰਤ ਬਨਾਮ ਇੰਗਲੈਂਡ, ਮੈਲਬੌਰਨ

05 ਨਵੰਬਰ, ਭਾਰਤ ਬਨਾਮ ਬੀ-1, ਏਡੀਲੇਡ

08 ਨਵੰਬਰ, ਭਾਰਤ ਬਨਾਮ ਅਫ਼ਗਾਨਿਸਤਾਨ, ਸਿਡਨੀ