ਦੁਬਈ (ਪੀਟੀਆਈ) : ਟੀਮ ਇੰਡੀਆ ਨੇ ਬੁੱਧਵਾਰ ਦੁਬਈ ਵਿਚ ਖੇਡੇ ਗਏ ਅਭਿਆਸ ਮੈਚ ਵਿਚ ਆਸਟ੍ਰੇਲੀਆ ਨੂੰ ਅੱਠ ਵਿਕਟਾਂ ਨਾਲ ਦਰੜ ਦਿੱਤਾ। ਟਾਸ ਜਿੱਤ ਕੇ ਆਸਟ੍ਰੇਲੀਆ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ਦੇ ਨੁਕਸਾਨ 'ਤੇ 152 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਉਸ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ (01) ਤੇ ਫਿੰਚ (08) ਨਾਕਾਮ ਰਹੇ ਜਦਕਿ ਤੀਜੇ ਨੰਬਰ 'ਤੇ ਉਤਰੇ ਮਾਰਸ਼ ਵੀ ਬਿਨਾਂ ਕੋਈ ਦੌੜ ਬਣਾਏ ਆਊਟ ਹੋ ਗਏ।

ਇਸ ਤੋਂ ਬਾਅਦ ਆਸਟ੍ਰੇਲੀਆ ਦੇ ਮੱਧ ਕ੍ਰਮ ਦੇ ਬੱਲੇਬਾਜ਼ ਸਟੀਵ ਸਮਿਥ (57) ਮੈਕਸਵੈਲ (37) ਤੇ ਮਾਰਕਸ ਸਟੋਈਨਿਸ (ਅਜੇਤੂ 41) ਨੇ ਆਪਣੀ ਟੀਮ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਇਆ। 153 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ਾਂ ਲੋਕੇਸ਼ ਰਾਹੁਲ (39) ਤੇ ਰੋਹਿਤ ਸ਼ਰਮਾ (60) ਨੇ ਆਪਣੀ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ ਤੇ ਇਸ ਤੋਂ ਬਾਅਤ ਸੂਰਿਆ ਕੁਮਾਰ ਯਾਦਵ (ਅਜੇਤੂ 38) ਤੇ ਹਾਰਦਿਕ ਪਾਂਡਿਆ (ਅਜੇਤੂ 14) ਨੇ 17.5 ਓਵਰਾਂ 'ਚ ਦੋ ਵਿਕਟਾਂ ਦੇ ਨੁਕਸਾਨ 'ਤੇ 153 ਦੌੜਾਂ ਬਣਾ ਕੇ ਅੱਠ ਵਿਕਟਾਂ ਨਾਲ ਜਿੱਤ ਦਿਵਾ ਦਿੱਤੀ।