ਲੰਡਨ (ਏਐੱਫਪੀ) : ਐਸ਼ੇਜ਼ ਸੀਰੀਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਆਸਟ੍ਰੇਲੀਆ ਦੇ ਤਜਰਬੇਕਾਰ ਬੱਲੇਬਾਜ਼ ਸਟੀਵ ਸਮਿਥ ਹੁਣ ਕ੍ਰਿਕਟ ਤੋਂ ਕੁਝ ਹਫ਼ਤੇ ਲਈ ਆਰਾਮ ਲੈਣਾ ਚਾਹੁੰਦੇ ਹਨ। ਸਮਿਥ ਨੂੰ ਐਸ਼ੇਜ਼ ਵਿਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਮੈਨ ਆਫ ਦੀ ਸੀਰੀਜ਼ ਦਾ ਪੁਰਸਕਾਰ ਮਿਲਿਆ ਸੀ। ਸਮਿਥ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਂ ਪਿਛਲੇ ਚਾਰ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਇੱਥੇ ਹਾਂ ਤੇ ਮੈਂ ਇੱਥੇ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ ਪਰ ਹੁਣ ਮੇਰੇ ਕੋਲ ਹੋਰ ਜ਼ਿਆਦਾ ਕੁਝ ਦੇਣ ਲਈ ਨਹੀਂ ਹੈ। ਮੈਂ ਮਾਨਸਿਕ ਤੇ ਸਰੀਰਕ ਤੌਰ 'ਤੇ ਥੋੜ੍ਹਾ ਥੱਕ ਗਿਆ ਹਾਂ ਤੇ ਹੁਣ ਮੈਂ ਅਗਲੇ ਕੁਝ ਹਫ਼ਤੇ ਥੋੜ੍ਹਾ ਆਰਾਮ ਕਰਨਾ ਚਾਹੁੰਦਾ ਹਾਂ ਤੇ ਵਾਪਸ ਆਸਟ੍ਰੇਲੀਆ ਦੇ ਮਾਹੌਲ ਦਾ ਆਨੰਦ ਲੈਣਾ ਚਾਹੁੰਦਾ ਹਾਂ। ਆਸਟ੍ਰੇਲੀਆਈ ਬੱਲੇਬਾਜ਼ ਨੇ ਕਿਹਾ ਕਿ ਐਸ਼ੇਜ਼ ਸੀਰੀਜ਼ ਦਾ ਪਹਿਲਾ ਟੈਸਟ ਹਮੇਸ਼ਾ ਮਹੱਤਵਪੂਰਨ ਹੁੰਦਾ ਹੈ। ਟੀਮ ਨੂੰ ਮੁਸ਼ਕਲ 'ਚੋਂ ਕੱਢਣ ਤੋਂ ਬਾਅਦ ਮੇਰਾ ਆਤਮਵਿਸ਼ਵਾਸ ਕਾਫੀ ਵਧ ਗਿਆ। ਇਸ ਤੋਂ ਬਾਅਦ ਮੈਨੂੰ ਲੱਗਣ ਲੱਗਾ ਕਿ ਮੈਂ ਇਸ ਨੂੰ ਅੱਗੇ ਵੀ ਜਾਰੀ ਰੱਖ ਸਕਦਾ ਹਾਂ।