ਗਾਲੇ (ਏਐੱਫਪੀ : ਸ੍ਰੀਲੰਕਾ ਨੇ ਨਿਊਜ਼ੀਲੈਂਡ ਖ਼ਿਲਾਫ਼ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਸ੍ਰੀਲੰਕਾ ਨੂੰ ਜਿੱਤ ਲਈ 135 ਦੌੜਾਂ ਦੀ ਲੋੜ ਹੈ। ਕਪਤਾਨ ਦਿਮੁਥ ਕਰੁਣਾਰਤਨੇ ਤੇ ਲਾਹਿਰੂ ਥਿਰੀਮਾਨੇ ਦੀ ਸਲਾਮੀ ਜੋੜੀ ਨੇ 268 ਦੌੜਾਂ ਦੇ ਮੁਸ਼ਕਲ ਟੀਚੇ ਦਾ ਪਿੱਛਾ ਕਰਦੇ ਹੋਏ ਸ੍ਰੀਲੰਕਾ ਨੂੰ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੈਸਟ ਕ੍ਰਿਕਟ ਮੈਚ 'ਚ ਸ਼ਨਿਚਰਵਾਰ ਨੂੰ ਇੱਥੇ ਸ਼ਾਨਦਾਰ ਸ਼ੁਰੂਆਤ ਦਿਵਾਈ। ਸ੍ਰੀਲੰਕਾ ਨੇ ਚੌਥੇ ਦਿਨ ਦੀ ਖੇਡ ਸਮਾਪਤ ਹੋਣ ਤਕ ਬਿਨਾਂ ਕਿਸੇ ਨੁਕਸਾਨ ਦੇ 133 ਦੌੜਾਂ ਬਣਾਈਆਂ ਹਨ ਤੇ ਉਹ ਹੁਣ ਟੀਚੇ ਤੋਂ ਸਿਰਫ਼ 135 ਦੌੜਾਂ ਦੂਰ ਹਨ। ਕਰੁਣਾਰਤਨੇ ਅਜੇ 71 ਦੌੜਾਂ 'ਤੇ ਖੇਡ ਰਹੇ ਹਨ ਜਦਕਿ ਸ਼ੁਰੂ ਵਿਚ ਦੌੜਾਂ ਬਣਾਉਣ ਲਈ ਜੂਝਣ ਵਾਲੇ ਥਿਰੀਮਾਨੇ ਨੇ ਅਜੇਤੂ 57 ਦੌੜਾਂ ਬਣਾਈਆਂ ਹਨ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਵਿਕਟਕੀਪਰ ਬੱਲੇਬਾਜ਼ ਬੀਜੇ ਵਾਟਲਿੰਗ ਦੀਆਂ 77 ਤੇ ਵਿਲੀਅਮ ਸਮਰਵਿਲੇ ਦੀਆਂ ਅਜੇਤੂ 40 ਦੌੜਾਂ ਦੀ ਮਦਦ ਨਾਲ ਆਪਣੀ ਦੂਜੀ ਪਾਰੀ ਵਿਚ 285 ਦੌੜਾਂ ਬਣਾਈਆਂ। ਨਿਊਜ਼ੀਲੈਂਡ ਦੇ ਪਿਛਲੇ ਬੱਲੇਬਾਜ਼ਾਂ ਨੇ ਸ੍ਰੀਲੰਕਾ ਨੂੰ ਕਾਫੀ ਪਰੇਸ਼ਾਨ ਕੀਤਾ ਕਿਉਂਕਿ ਆਖ਼ਰੀ ਪੰਜ ਖਿਡਾਰੀਆਂ ਨੇ 187 ਦੌੜਾਂ ਜੋੜੀਆਂ ਜਦਕਿ ਪਹਿਲੀਆਂ ਪੰਜ ਵਿਕਟਾਂ ਸਿਰਫ਼ 98 ਦੌੜਾਂ 'ਤੇ ਡਿੱਗ ਗਈਆਂ ਸਨ।

ਭਾਈਵਾਲੀ ਦਾ ਨਵਾਂ ਕੀਰਤੀਮਾਨ :

ਕਰੁਣਾਰਤਨੇ ਨੇ ਚਾਹ ਦੇ ਆਰਾਮ ਤੋਂ ਠੀਕ ਪਹਿਲਾਂ ਆਪਣਾ 23ਵਾਂ ਅਰਧ ਸੈਂਕੜਾ ਪੂਰਾ ਕੀਤਾ ਤੇ ਇਸ ਤੋਂ ਬਾਅਦ ਵੀ ਥਿਰੀਮਾਨੇ ਦੇ ਨਾਲ ਮਿਲ ਕੇ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਕਾਮਯਾਬੀ ਹਾਸਲ ਨਾ ਕਰਨ ਦਿੱਤੀ। ਇਨ੍ਹਾਂ ਦੋਵਾਂ ਨੇ ਚੌਥੀ ਪਾਰੀ ਵਿਚ ਸ੍ਰੀਲੰਕਾ ਵੱਲੋਂ ਸਭ ਤੋਂ ਵੱਡੀ ਭਾਈਵਾਲੀ ਦਾ ਵੀ ਨਵਾਂ ਰਿਕਾਰਡ ਬਣਾਇਆ ਇਸ ਤੋਂ ਪਹਿਲਾਂ ਇਹ ਰਿਕਾਰਡ 124 ਦੌੜਾਂ ਦਾ ਸੀ ਜੋ ਕਰੁਣਾਰਤਨੇ ਤੇ ਕੌਸ਼ਲ ਸਿਲਵਾ ਨੇ 2014 ਵਿਚ ਪਾਕਿਸਤਾਨ ਖ਼ਿਲਾਫ਼ ਬਣਾਇਆ ਸੀ।

ਗਾਲੇ 'ਚ ਹੋਵੇਗੀ ਰਿਕਾਰਡ ਜਿੱਤ :

ਗਾਲੇ ਦੇ ਮੈਦਾਨ 'ਤੇ ਕੋਈ ਵੀ ਟੀਮ ਇਸ ਤੋਂ ਪਹਿਲਾਂ 99 ਤੋਂ ਜ਼ਿਆਦਾ ਦੌੜਾਂ ਦੇ ਟੀਚੇ ਦਾ ਪਿੱਛਾ ਨਹੀਂ ਕਰ ਸਕੀ ਹੈ ਤੇ ਜੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਇਸ ਮੈਚ ਵਿਚ ਕੱਲ੍ਹ ਸ੍ਰੀਲੰਕਾ ਟੀਚੇ ਤਕ ਪੁੱਜਦੀ ਹੈ ਤਾਂ ਇਹ ਗਾਲੇ ਵਿਚ ਨਵਾਂ ਰਿਕਾਰਡ ਹੋਵੇਗਾ।