ਗਾਲੇ (ਏਐੱਫਪੀ) : ਕਪਤਾਨ ਦਿਮੁਥ ਕਰੁਣਾਰਤਨੇ ਦੀ 122 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਸ੍ਰੀਲੰਕਾ ਨੇ ਨਿਊਜ਼ੀਲੈਂਡ ਖ਼ਿਲਾਫ਼ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਆਪਣੇ ਪਹਿਲੇ ਮੁਕਾਬਲੇ ਵਿਚ ਐਤਵਾਰ ਨੂੰ ਇੱਥੇ 268 ਦੌੜਾਂ ਦੇ ਟੀਚੇ ਨੂੰ ਸਿਰਫ਼ ਚਾਰ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਕਰੁਣਾਰਤਨੇ ਦੀ ਇਹ ਨੌਵੀਂ ਸੈਂਕੜੇ ਵਾਲੀ ਪਾਰੀ ਰਹੀ। ਉਨ੍ਹਾਂ ਨੇ ਇਸ ਦੌਰਾਨ ਸਲਾਮੀ ਬੱਲੇਬਾਜ਼ ਲਾਹਿਰੂ ਥਿਰੀਮਾਨੇ (64) ਨਾਲ ਪਹਿਲੀ ਵਿਕਟ ਲਈ 161 ਦੌੜਾਂ ਦੀ ਭਾਈਵਾਲੀ ਕਰ ਕੇ ਦੋਵਾਂ ਟੀਮਾਂ ਵਿਚਾਲੇ ਪਹਿਲੀ ਵਿਕਟ ਲਈ ਰਿਕਾਰਡ ਦੀ ਬਰਾਬਰੀ ਕੀਤੀ। ਇਸ ਭਾਈਵਾਲੀ ਦੇ ਦਮ 'ਤੇ ਮੁਕਾਬਲੇ ਦੇ ਪੰਜਵੇਂ ਦਿਨ ਸ੍ਰੀਲੰਕਾ ਨੇ ਛੇ ਵਿਕਟਾਂ ਦੀ ਜਿੱਤ ਨਾਲ ਦੋ ਮੈਚਾਂ ਦੀ ਲੜੀ ਵਿਚ 1-0 ਦੀ ਬੜ੍ਹਤ ਹਾਸਲ ਕਰ ਲਈ। ਸਾਬਕਾ ਕਪਤਾਨ ਏਂਜੇਲੋ ਮੈਥਿਊਜ਼ ਨੇ ਅਜੇਤੂ 28 ਦੌੜਾਂ ਬਣਾਈਆਂ। ਲੰਚ ਦੇ ਸਮੇਂ ਸ੍ਰੀਲੰਕਾ ਨੂੰ ਜਿੱਤ ਲਈ 22 ਦੌੜਾਂ ਚਾਹਦੀਆਂ ਸਨ ਜਿਸ ਨੂੰ ਦੇਖਦੇ ਹੋਏ ਅੰਪਾਇਰਾਂ ਨੇ ਖੇਡ ਨੂੰ ਜਾਰੀ ਰੱਖਣ ਦਾ ਫ਼ੈਸਲਾ ਕੀਤਾ। ਕਰੁਣਾਰਤਨੇ ਨੂੰ ਹਾਲਾਂਕਿ ਕਿਸਮਤ ਦਾ ਵੀ ਸਾਥ ਮਿਲਿਆ। ਉਹ ਜਦ 58 ਦੌੜਾਂ 'ਤੇ ਬੱਲੇਬਾਜ਼ੀ ਕਰ ਰਹੇ ਸਨ ਤਾਂ ਸ਼ਾਰਟ ਲੈੱਗ 'ਤੇ ਟਾਮ ਲਾਥਮ ਨੇ ਉਨ੍ਹਾਂ ਦਾ ਕੈਚ ਛੱਡ ਦਿੱਤਾ। ਇਸੇ ਸਕੋਰ 'ਤੇ ਵਿਕਟਕੀਪਰ ਬੀਜੇ ਵਾਟਲਿੰਗ ਨੇ ਉਨ੍ਹਾਂ ਨੂੰ ਸਟੰਪ ਕਰਨ ਦਾ ਮੌਕਾ ਛੱਡ ਦਿੱਤਾ। ਉਨ੍ਹਾਂ ਨੇ 245 ਗੇਂਦਾਂ ਦੀ ਪਾਰੀ ਵਿਚ ਛੇ ਚੌਕੇ ਤੇ ਇਕ ਛੱਕਾ ਲਾਇਆ। ਟਿਮ ਸਾਊਥੀ ਨੇ ਉਨ੍ਹਾਂ ਦੀ ਸ਼ਾਨਦਾਰ ਪਾਰੀ ਦਾ ਅੰਤ ਕੀਤਾ। ਸ੍ਰੀਲੰਕਾ ਨੇ ਪੰਜਵੇਂ ਦਿਨ ਦੀ ਸ਼ੁਰੂਆਤ ਬਿਨਾਂ ਕਿਸੇ ਨੁਕਸਾਨ ਦੇ 135 ਦੌੜਾਂ ਨਾਲ ਕੀਤੀ। ਟੀਮ ਨੂੰ ਜਿੱਤ ਦਰਜ ਕਰਨ ਲਈ 135 ਦੌੜਾਂ ਦੀ ਲੋੜ ਸੀ। ਨਿਊਜ਼ੀਲੈਂਡ ਨੂੰ ਪਹਿਲੀ ਕਾਮਯਾਬੀ ਥਿਰੀਮਾਨੇ ਦੀ ਵਿਕਟ ਦੇ ਰੂਪ ਵਿਚ ਮਿਲੀ। ਵਿਲੀਅਮ ਸਮਰਵਿਲੇ ਨੇ ਉਨ੍ਹਾਂ ਨੂੰ ਲੱਤ ਅੜਿੱਕਾ ਆਊਟ ਕੀਤਾ। ਮੈਦਾਨੀ ਅੰਪਾਇਰ ਨੇ ਹਾਲਾਂਕਿ ਉਨ੍ਹਾਂ ਨੂੰ ਨਾਟਆਊਟ ਕਰਾਰ ਦਿੱਤਾ ਸੀ ਪਰ ਰਿਵਿਊ ਤੋਂ ਬਾਅਦ ਤੀਜੇ ਅੰਪਾਇਰ ਨੇ ਮੈਦਾਨੀ ਅੰਪਾਇਰ ਦੇ ਫ਼ੈਸਲੇ ਨੂੰ ਪਲਟ ਦਿੱਤਾ। ਕੁਸ਼ਲ ਮੈਂਡਿਸ ਨੇ ਸਮਰਵਿਲੇ ਦੀ ਗੇਂਦ 'ਤੇ ਚੌਕਾ ਤੇ ਛੱਕਾ ਲਾ ਕੇ ਹਲਮਾਵਰ ਰੁਖ਼ ਦਿਖਾਇਆ ਪਰ ਏਜਾਜ ਪਟੇਲ ਦੀ ਗੇਂਦ 'ਤੇ ਉਹ ਜੀਤ ਰਾਵਲ ਨੂੰ ਕੈਚ ਦੇ ਬੈਠੇ। ਕਰੁਣਾਰਤਨੇ ਨੇ ਇਸ ਤੋਂ ਬਾਅਦ ਮੈਥਿਊਜ ਨਾਲ ਤੀਜੀ ਵਿਕਟ ਲਈ 44 ਦੌੜਾਂ ਦੀ ਭਾਈਵਾਲੀ ਕੀਤੀ। ਕਰੁਣਾਰਤਨੇ ਤੇ ਕੁਸ਼ਲ ਪਰੇਰਾ ਜਲਦੀ ਜਲਦੀ ਆਊਟ ਹੋ ਗਏ ਪਰ ਧਨੰਜੇ ਡਿਸਿਲਵਾ (14) ਤੇ ਮੈਥਿਊਜ ਨੇ ਇਸ ਤੋਂ ਬਾਅਦ ਦੋ ਸੈਸ਼ਨ ਬਾਕੀ ਰਹਿੰਦੇ ਟੀਮ ਨੂੰ ਜਿੱਤ ਦਿਵਾ ਦਿੱਤੀ ਟੀਚੇ ਦਾ ਦੂਜਾ ਤੇ ਆਖ਼ਰੀ ਟੈਸਟ ਵੀਰਵਾਰ ਤੋਂ ਕੋਲੰਬੋ ਵਿਚ ਖੇਡਿਆ ਜਾਵੇਗਾ।

ਰਿਕਾਰਡ ਭਾਈਵਾਲੀ ਦੀ ਅਹਿਮੀਅਤ :

ਕਰੁਣਾਰਤਨੇ ਤੇ ਥਿਰੀਮਾਨੇ ਨੇ ਦੋਵਾਂ ਦੇਸ਼ਾਂ ਵਿਚਾਲੇ ਪਹਿਲੀ ਵਿਕਟ ਲਈ ਰਿਕਾਰਡ ਭਾਈਵਾਲੀ ਦੀ ਬਰਾਬਰੀ ਕੀਤੀ। ਹੈਮਿਲਟਨ ਵਿਚ 1991 ਵਿਚ ਜਾਨ ਰਾਈਟ ਤੇ ਟ੍ਰੇਵਰ ਫਰੈਂਕਲਿਨ ਨੇ 161 ਦੌੜਾਂ ਦੀ ਭਾਈਵਾਲੀ ਕੀਤੀ ਸੀ। ਇਸ ਭਾਈਵਾਲੀ ਦੀ ਅਹਿਮੀਅਤ ਦਾ ਅੰਦਾਜ਼ਾ ਇਸ ਗੱਲ ਨਾਲ ਸਮਿਝਆ ਜਾ ਸਕਦਾ ਹੈ ਕਿ ਗਾਲੇ ਵਿਚ ਕੋਈ ਵੀ ਟੀਮ 99 ਦੌੜਾਂ ਤੋਂ ਵੱਡਾ ਟੀਚਾ ਹਾਸਲ ਨਹੀਂ ਕਰ ਸਕਿਆ ਹੈ ਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਇਸ ਮੈਚ ਵਿਚ ਸ੍ਰੀਲੰਕਾ ਲਈ ਇਹ ਨਵਾਂ ਰਿਕਾਰਡ ਹੈ।