ਕਾਰਡਿਫ : ਆਪਣੇ ਪਹਿਲੇ ਮੈਚ ਵਿਚ ਨਿਊਜ਼ੀਲੈਂਡ ਖ਼ਿਲਾਫ਼ ਬੁਰੀ ਤਰ੍ਹਾਂ ਮਾਤ ਖਾਣ ਤੋਂ ਬਾਅਦ ਸ੍ਰੀਲੰਕਾ ਨੇ ਵਿਸ਼ਵ ਕੱਪ ਦੇ ਆਪਣੇ ਅਗਲੇ ਮੈਚ ਵਿਚ ਮੰਗਲਵਾਰ ਨੂੰ ਛੁਪੇ ਰੁਸਤਮ ਅਫ਼ਗਾਨਿਸਤਾਨ ਨਾਲ ਭਿੜਨਾ ਹੈ। ਦੋਵੇਂ ਟੀਮਾਂ ਇੱਥੇ ਸੋਫੀਆ ਗਾਰਡਨਜ਼ ਸਟੇਡੀਅਮ ਵਿਚ ਮੁਕਾਬਲਾ ਕਰਨਗੀਆਂ। ਦੋਵਾਂ ਟੀਮਾਂ ਦਾ ਇਹ ਦੂਜਾ ਮੈਚ ਹੈ। ਸ੍ਰੀਲੰਕਾ ਨੂੰ ਇੱਥੇ ਨਿਊਜ਼ੀਲੈਂਡ ਨੇ ਦਰੜਿਆ ਸੀ ਤੇ ਉਥੇ ਅਫ਼ਗਾਨਿਸਤਾਨ ਨੂੰ ਆਸਟ੍ਰੇਲੀਆ ਨੇ ਹਰਾਇਆ ਸੀ। ਸ੍ਰੀਲੰਕਾ ਕੀਵੀ ਟੀਮ ਦੇ ਸਾਹਮਣੇ ਸਿਮਟ ਗਈ ਸੀ ਤੇ ਸਿਰਫ਼ 136 ਦੌੜਾਂ ਹੀ ਬਣਾ ਸਕੀ ਸੀ ਉਥੇ ਅਫ਼ਗਾਨਿਸਤਾਨ ਨੇ ਆਸਟ੍ਰੇਲੀਆ ਖ਼ਿਲਾਫ਼ ਖ਼ਰਾਬ ਸ਼ੁਰੂਆਤ ਤੋਂ ਬਾਅਦ ਵੀ ਬੱਲੇਬਾਜ਼ੀ ਵਿਚ ਸਖ਼ਤ ਮੁਕਾਬਲਾ ਦਿਖਾਇਆ ਸੀ ਤੇ 200 ਤੋਂ ਪਾਰ ਜਾਣ ਵਿਚ ਕਾਮਯਾਬ ਰਹੀ ਸੀ। ਇਨ੍ਹਾਂ ਦੋਵਾਂ ਦੀ ਤੁਲਨਾ ਕੀਤੀ ਜਾਵੇ ਤਾਂ ਅਫ਼ਗਾਨਿਸਤਾਨ ਦੀ ਟੀਮ ਇਸ ਸਮੇਂ ਬਿਹਤਰ ਸਥਿਤੀ ਵਿਚ ਹੈ ਕਿਉਂਕਿ ਉਸ ਅੰਦਰ ਜਿੱਤਣ ਲਈ ਉਹ ਜਨੂਨ ਹੈ ਜਿਸ ਦੀ ਲੋੜ ਹੁੰਦੀ ਹੈ। ਉਥੇ ਸ੍ਰੀਲੰਕਾ ਨਿਰਾਸ਼ਾ ਨਾਲ ਭਰੀ ਨਜ਼ਰ ਆ ਰਹੀ ਹੈ। ਸ੍ਰੀਲੰਕਾ ਨੂੰ ਯਕੀਨੀ ਤੌਰ 'ਤੇ ਜਿੱਤਣ ਲਈ ਆਪਣੀ ਮਾਨਸਿਕਤਾ 'ਚ ਵੱਡੀ ਤਬਦੀਲੀ ਕਰਨ ਦੀ ਲੋੜ ਹੈ। ਅਫ਼ਗਾਨਿਸਤਾਨ ਦੀ ਤਾਕਤ ਉਸ ਦੀ ਗੇਂਦਬਾਜ਼ੀ ਹੈ। ਰਾਸ਼ਿਦ ਖਾਨ, ਮੁਜੀਬ ਉਰ ਰਹਿਮਾਨ ਤੇ ਮੁਹੰਮਦ ਨਬੀ ਦੀ ਸਪਿੰਨ ਤਿਕੜੀ ਕਿਸੇ ਵੀ ਬੱਲੇਬਾਜ਼ੀ ਹਮਲੇ ਨੂੰ ਹਰਾ ਸਕਦੀ ਹੈ। ਤੇਜ਼ ਗੇਂਦਬਾਜ਼ੀ 'ਚ ਕਪਤਾਨ ਗੁਲਬਦੀਨ ਨਾਇਬ, ਦੌਲਤ ਜਾਦਰਾਨ, ਹਾਮਿਦ ਹਸਨ ਹਨ, ਜੋ ਚੰਗੀ ਲੈਅ ਵਿਚ ਹਨ। ਉਥੇ ਸ੍ਰੀਲੰਕਾ ਦੀ ਗੇਂਦਬਾਜ਼ੀ ਵੀ ਕਮਜ਼ੋਰ ਹੈ। ਸਭ ਤੋਂ ਤਜਰਬੇਕਾਰ ਲਸਿਥ ਮਲਿੰਗਾ ਉਸ ਲੈਅ ਵਿਚ ਨਹੀਂ ਦਿਖ ਰਹੇ ਹਨ ਜਿਸ ਲਈ ਉਹ ਜਾਣੇ ਜਾਂਦੇ ਹਨ। ਤਿਸਾਰਾ ਪਰੇਰਾ, ਨੁਵਾਨ ਪ੍ਰਦੀਪ ਵੀ ਚੰਗਾ ਅਸਰ ਨਹੀਂ ਛੱਡ ਸਕ ਰਹੇ ਹਨ।

ਆਤਮਵਿਸ਼ਵਾਸ ਨਾਲ ਭਰੀ ਅਫ਼ਗਾਨੀ ਟੀਮ :

ਅਫ਼ਗਾਨਿਸਤਾਨ ਬੇਸ਼ਕ ਪਹਿਲਾ ਮੈਚ ਹਾਰ ਗਈ ਹੈ ਪਰ ਉਸ ਨੇ ਜੋ ਮੁਕਾਬਲਾ ਕੀਤਾ ਉਸ ਨਾਲ ਉਸ ਦਾ ਆਤਮਵਿਸ਼ਵਾਸ ਜ਼ਰੂਰ ਵਧਿਆ ਹੋਵੇਗਾ। ਬੱਲੇਬਾਜ਼ੀ ਵਿਚ ਪਿਛਲੇ ਮੈਚ ਵਿਚ ਨਜੀਬੁੱਲ੍ਹਾ ਜਾਦਰਾਨ, ਰਹਿਮਤ ਸ਼ਾਹ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ। ਨਾਇਬ ਨੇ ਵੀ ਸੰਘਰਸ਼ਪੂਰਨ ਪਾਰੀ ਖੇਡੀ ਸੀ। ਉਸ ਲਈ ਚਿੰਤਾ ਦੀ ਗੱਲ ਸਲਾਮੀ ਬੱਲੇਬਾਜ਼ੀ ਹੋਵੇਗੀ ਕਿਉਂਕਿ ਪਹਿਲੇ ਮੈਚ ਵਿਚ ਮੁਹੰਮਦ ਸ਼ਹਿਜ਼ਾਦ ਤੇ ਹਜ਼ਰਤੁੱਲ੍ਹਾ ਜਜਈ ਖਾਤਾ ਵੀ ਨਹੀਂ ਖੋਲ੍ਹ ਸਕੇ ਸਨ।