ਸੁਨੀਲ ਗਾਵਸਕਰ ਦੀ ਕਲਮ ਤੋਂ :

ਮੌਸਮ ਦੀ ਆਪਣੀ ਮਰਜ਼ੀ ਚੱਲਦੀ ਹੈ ਅਤੇ ਇਨਸਾਨਾਂ ਦਾ ਉਸ 'ਤੇ ਕੋਈ ਕੰਟਰੋਲ ਨਹੀਂ ਹੁੰਦਾ ਹੈ। ਅਜਿਹੇ ਵਿਚ ਨਿਊਜ਼ੀਲੈਂਡ ਦੀ ਪਾਰੀ ਦੇ ਖ਼ਤਮ ਹੋਣ ਤੋਂ ਠੀਕ ਪਹਿਲਾਂ ਮੀਂਹ ਦੀ ਰੁਕਾਵਟ ਸਮਝ ਆਉਂਦੀ ਹੈ। ਹਾਲਾਂਕਿ ਜੋ ਚੀਜ਼ ਮੇਰੀ ਸਮਝ ਤੋਂ ਪਰੇ ਹੈ, ਉਹ ਹੈ ਕਿ ਇਕ ਵਾਰ ਮੈਦਾਨ ਨੂੰ ਪੂਰੀ ਤਰ੍ਹਾਂ ਨਾਲ ਨਾ ਢੱਕਣਾ ਹੈ। ਇੰਗਲੈਂਡ ਇਕ ਅਜਿਹਾ ਦੇਸ਼ ਹੈ, ਜਿਸ ਦਾ ਮੀਡੀਆ ਹੋਰ ਦੇਸ਼ਾਂ ਨੂੰ ਹਰ ਕਿਸੇ ਮੁੱਦੇ 'ਤੇ ਭਾਸ਼ਣ ਦਿੰਦਾ ਹੈ। ਸ਼ਾਇਦ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਅਜੇ ਵੀ ਦੁਨੀਆ 'ਤੇ ਰਾਜ਼ ਕਰਦੇ ਹਨ। ਜੇ ਕਿਸੇ ਹੋਰ ਦੇਸ਼ ਵਿਚ ਮੀਂਹ ਕਾਰਨ ਮੈਚ ਨਹੀਂ ਹੁੰਦਾ ਹੈ ਤਾਂ ਸ਼ਾਇਦ ਬਿ੍ਟਿਸ਼ ਮੀਡੀਆ ਉਸ ਦੇਸ਼ ਦੇ ਸਿਰ 'ਤੇ ਸਵਾਰ ਹੋ ਜਾਂਦਾ ਹੈ। ਉਹ ਸਵਾਲ ਕਰਨ ਲੱਗਦਾ ਹੈ ਕਿ ਆਖਰ ਵਿਸ਼ਵ ਕੱਪ ਵਰਗਾ ਵੱਡਾ ਈਵੈਂਟ ਇਸ ਦੇਸ਼ ਨੂੰ ਦਿੱਤਾ ਹੀ ਕਿਉਂ ਗਿਆ। ਇੰਗਲੈਂਡ ਨੂੰ ਹੁਣ ਆਪਣੇ ਅੰਦਰ ਝਾਕਣ ਦੀ ਲੋੜ ਹੈ। ਮਾਨਚੈਸਟਰ ਵਿਚ ਸ਼ਾਮ ਪੰਜ ਵਜੇ ਮੈਦਾਨ 'ਤੇ ਅਧੂਰੇ ਕਵਰ ਹਟਾਏ ਗਏ। ਪਰ ਕਵਰ ਦੇ ਉਪਰ ਜਮ੍ਹਾ ਪਾਣੀ ਮੈਦਾਨ 'ਤੇ ਡਿੱਗ ਚੁੱਕਾ ਸੀ ਅਤੇ ਉਥੇ ਤਾਲਾਬ ਜਿਹਾ ਬਣ ਗਿਆ। ਹਾਲਾਂਕਿ, ਸੁਪਰ ਸੋਪਰਸ ਦਾ ਇਸਤੇਮਾਲ ਕੀਤਾ ਗਿਆ ਪਰ ਹੁਣ ਤਕ ਪੂਰਾ ਮੈਦਾਨ ਗਿੱਲਾ ਹੋ ਚੁੱਕਾ ਸੀ। ਇਸ ਦਾ ਮਤਲਬ ਇਹ ਹੋਇਆ ਕਿ ਅੰਪਾਇਰ ਫਿਰ ਤੋਂ ਮੈਚ ਸ਼ੁਰੂ ਕਰਨ ਦੀ ਜਲਦੀ ਵਿਚ ਨਹੀਂ ਸਨ।

ਬਾਅਦ ਵਿਚ ਫਿਰ ਤੋਂ ਬੂੰਦਾਂਬਾਦੀ ਸ਼ੁਰੂ ਹੋ ਗਈ ਪਰ ਜੇ ਪੂਰਾ ਮੈਦਾਨ ਕਵਰ ਕੀਤਾ ਗਿਆ ਹੁੰਦਾ ਤਾਂ ਮੈਚ ਦੁਬਾਰਾ ਸ਼ੁਰੂ ਹੋ ਸਕਦਾ ਸੀ। ਨਿਊਜ਼ੀਲੈਂਡ ਦੀ ਪਾਰੀ ਬਚੇ ਹੋਏ ਓਵਰ ਇਸ ਦੌਰਾਨ ਪੂਰੇ ਕਰਵਾਏ ਜਾ ਸਕਦੇ ਸਨ। ਇਸ ਦੀ ਬਜਾਏ ਦੋਵੇਂ ਟੀਮਾਂ ਨੂੰ ਦੂਜੇ ਦਿਨ ਖੇਡਣ ਦੀ ਉਡੀਕ ਕਰਨੀ ਪਈ ਅਤੇ ਉਨ੍ਹਾਂ ਨੂੰ ਫਿਰ ਤੋਂ ਆਪਣੀ ਲੈਅ ਹਾਸਲ ਕਰਨੀ ਪਈ। ਇਹ ਦੋਵੇਂ ਟੀਮਾਂ ਲਈ ਹੀ ਸਹੀ ਨਹੀਂ ਹੈ। ਟੇਲਰ ਚੰਗੀ ਬੱਲੇਬਾਜ਼ੀ ਕਰ ਰਹੇ ਸਨ ਅਤੇ ਕੀਵੀ ਟੀਮ ਆਖਰੀ ਓਵਰਾਂ ਵਿਚ 40 ਦੌੜਾਂ ਜੋੜ ਸਕਦੀ ਸੀ ਅਤੇ ਇਸ਼ ਨਾਲ ਮੈਚ ਬਦਲ ਸਕਦਾ ਸੀ ਪਰ ਆਖਰ ਕੌਣ ਇਹ ਸਵਾਲ ਪੁੱਛੇਗਾ ਕਿ ਮੈਦਾਨ ਨੂੰ ਪੂਰੀ ਤਰ੍ਹਾਂ ਨਾਲ ਕਿਉਂ ਨਹੀਂ ਢੱਕਿਆ ਗਿਆ ਸੀ। ਵਿਸ਼ਵ ਕੱਪ ਵਿਚ ਬਹੁਤ ਸਾਰੀਆਂ ਟੀਮਾਂ ਦਾ ਪ੍ਰਦਰਸ਼ਨ ਕੁਝ ਹੋਰ ਹੀ ਰਹਿੰਦਾ, ਜੇ ਉਨ੍ਹਾਂ ਦੇ ਮੈਚ ਮੀਂਹ ਨਾਲ ਨਹੀਂ ਰੱਦ ਨਾ ਹੁੰਦੇ। ਹਰ ਕਿਸੇ ਨੂੰ ਪਤਾ ਹੈ ਕਿ ਇੰਗਲੈਂਡ ਦੇ ਮੌਸਮ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇਸ ਲਈ ਇੰਗਲੈਂਡ ਵਿਚ ਤਾਂ ਪੂਰੇ ਮੈਦਾਨ ਨੂੰ ਕਵਰ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਪਰ ਕੀ ਸੱਚਮੁੱਚ ਕਿਸੇ ਨੂੰ ਦਰਸ਼ਕਾਂ ਦੀ ਪਰਵਾਹ ਹੈ? ਮੈਨੂੰ ਕੋਈ ਹੈਰਾਨੀ ਨਹੀਂ ਹੈ ਕਿ ਇੰਗਲੈਂਡ ਵਿਚ ਦੂਜੇ ਖੇਡ ਹੁਣ ਕ੍ਰਿਕਟ ਨੂੰ ਪਿੱਛੇ ਛੱਡਦੇ ਜਾ ਰਹੇ ਹਨ।

ਹਾਲਾਂਕਿ ਜੇ ਸੈਮੀਫਾਈਨਲ ਵਿਚ ਇੰਗਲੈਂਡ ਆਪਣੇ ਮਜ਼ਬੂਤ ਕਿਲੇ ਐਜਬੇਸਟਨ ਵਿਚ ਆਸਟ੍ਰੇਲੀਆ ਨੂੰ ਹਰਾ ਦਿੰਦਾ ਹੈ ਤਾਂ ਚੀਜ਼ਾਂ ਵਿਚ ਬਦਲਾਅ ਹੋ ਸਕਦਾ ਹੈ। ਇੰਗਲੈਂਡ ਵਿਚ ਇਹੀ ਇਕ ਅਜਿਹਾ ਮੈਦਾਨ ਹੈ, ਜਿਥੇ ਪੂਰੇ ਮੈਦਾਨ ਨੂੰ ਢੱਕਿਆ ਜਾਂਦਾ ਹੈ। ਵਾਰਵਿਕਸ਼ਾਇਰ ਦਾ ਪ੍ਰਸ਼ਾਸਨ ਅੱਗੇ ਦੀ ਸੋਚ ਰੱਖਦਾ ਹੈ। ਇਨ੍ਹਾਂ ਨੇ ਮੈਦਾਨ ਨੂੰ ਲੈ ਕੇ ਕਾਫੀ ਬਦਲਾਅ ਕੀਤੇ ਹਨ। ਇਸ ਲਈ ਮੀਂਹ ਦੇ ਖ਼ਦਸ਼ੇ ਦੇ ਬਾਵਜੂਦ ਇਸ ਮੈਦਾਨ 'ਤੇ ਮੈਚ ਹੋਣ ਦੀ ਜ਼ਿਆਦਾ ਸੰਭਾਵਨਾ ਹੈ। ਇੰਗਲੈਂਡ ਦਾ ਪੱਲਾ ਇਸ ਮੈਚ ਵਿਚ ਭਾਰੀ ਹੋਵੇਗਾ, ਮੈਦਾਨ ਦੇ ਕਾਰਨ ਨਹੀਂ, ਬਲਕਿ ਜਿਸ ਢੰਗ ਨਾਲ ਉਸ ਨੇ ਵਾਪਸੀ ਕੀਤੀ ਹੈ, ਉਸ ਕਾਰਨ। ਉਨ੍ਹਾਂ ਦੀ ਬੱਲੇਬਾਜ਼ੀ ਵਿਚ ਕਾਫੀ ਡੂੰਘਾਈ ਹੈ ਪਰ ਉਨ੍ਹਾਂ ਲਈ ਸਭ ਤੋਂ ਵੱਡੀ ਗੱਲ ਜੇਸਨ ਰਾਏ ਅਤੇ ਜਾਨੀ ਬੇਅਰਸਟੋ ਦੀ ਓਪਨਿੰਗ ਜੋੜੀ ਹੈ। ਇਸ ਤੋਂ ਬਾਅਦ ਛੇਵੇਂ ਨੰਬਰ 'ਤੇ ਜੋਸ ਬਟਲਰ ਹੈ, ਜੋ ਸ਼ਾਇਦ ਸਭ ਤੋਂ ਚੰਗੇ ਹਿੱਟਰ ਹਨ। ਉਨ੍ਹਾਂ ਦੇ ਬਾਅਦ ਬੋਕਸ ਅਤੇ ਮੋਇਨ ਵੀ ਬੱਲੇਬਾਜ਼ੀ ਕਰਨ ਵਿਚ ਸਮਰੱਥ ਹਨ। ਆਰਚਰ ਅਤੇ ਮਾਰਕ ਵੁੱਡ ਦੀ ਵਜ੍ਹਾ ਨਾਲ ਉਨ੍ਹਾਂ ਦੀ ਗੇਂਦਬਾਜ਼ੀ ਵੀ ਸ਼ਾਨਦਾਰ ਹੈ।

ਆਸਟ੍ਰੇਲੀਆਈ ਟੀਮ ਤੋਂ ਉਸਮਾਨ ਖਵਾਜ਼ਾ ਅਤੇ ਮਾਰਕਸ ਸਟੋਇਨਿਸ ਸੱਟ ਦੀ ਵਜ੍ਹਾ ਨਾਲ ਬਾਹਰ ਹੋ ਚੁੱਕੇ ਹਨ। ਉਨ੍ਹਾਂ ਦੇ ਬਦਲ ਨਾਲ ਤੁਰੰਤ ਚੰਗੇ ਪ੍ਰਦਰਸ਼ਨ ਦੀ ਉਮੀਦ ਰੱਖਣਾ ਥੋੜ੍ਹਾ ਜ਼ਿਆਦਾ ਹੋ ਜਾਵੇਗਾ। ਉਨ੍ਹਾਂ ਕੋਲ ਅਰੋਨ ਫਿੰਚ ਅਤੇ ਡੇਵਿਡ ਵਾਰਨਰ ਦੇ ਰੂਪ ਵਿਚ ਸ਼ਾਨਦਾਰ ਓਪਨਿੰਗ ਜੋੜੀ ਹੈ ਪਰ ਨੰਬਰ ਤਿੰਨ 'ਤੇ ਉਨ੍ਹਾਂ ਨੂੰ ਖਵਾਜ਼ਾ ਦੀ ਕਮੀ ਮਹਿਸੂਸ ਹੋਵੇਗੀ। ਐਲੈਕਸ ਕੈਰੀ ਆਸਟ੍ਰੇਲੀਆ ਲਈ ਇਸ ਟੂਰਨਾਮੈਂਟ ਦੀ ਸਭ ਤੋਂ ਵੱਡੀ ਖੋਜ ਹੈ। ਉਨ੍ਹਾਂ ਦੇ ਕਾਰਨ ਆਸਟ੍ਰੇਲੀਆਈ ਬੱਲੇਬਾਜ਼ੀ ਵਿਚ ਉਹੀ ਡੂੰਘਾਈ ਹੋ ਗਈ ਹੈ, ਜੋ ਐਡਮ ਗਿਲਕ੍ਰਿਸ਼ਟ ਦੇ ਸਮੇਂ ਹੋਇਆ ਕਰਦੀ ਸੀ। ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ੀ ਕਾਫੀ ਹਮਲਾਵਰ ਹੈ।