ਮੈਸੂਰ (ਪੀਟੀਆਈ) : ਸ਼ੁਭਮਨ ਗਿੱਲ ਨੇ ਇਕ ਵਾਰ ਮੁੜ 92 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਜਿਸ ਦੇ ਚੱਲਦੇ ਭਾਰਤ-ਏ ਨੇ ਦੱਖਣੀ ਅਫਰੀਕਾ ਏ ਖ਼ਿਲਾਫ਼ ਮੰਗਲਵਾਰ ਨੂੰ ਇੱਥੇ ਦੂਜੇ ਗ਼ੈਰ ਰਸਮੀ ਟੈਸਟ ਦੇ ਪਹਿਲੇ ਦਿਨ ਦੀ ਖੇਡ ਸਮਾਪਤ ਹੋਣ ਤਕ ਤਿੰਨ ਵਿਕਟਾਂ 'ਤੇ 233 ਦੌੜਾਂ ਬਣਾਈਆਂ। ਗਿੱਲ ਅੱਠ ਦੌੜਾਂ ਨਾਲ ਸੈਂਕੜੇ ਤੋਂ ਖੁੰਝ ਗਏ ਪਰ ਆਪਣੀ ਪਾਰੀ ਵਿਚ ਉਨ੍ਹਾਂ ਨੇ 12 ਚੌਕੇ ਤੇ ਇਕ ਛੱਕਾ ਲਾਇਆ। ਇਹ ਦੂਜਾ ਮੌਕਾ ਹੈ ਜਦ ਉਹ ਤਿੰਨ ਅੰਕਾਂ 'ਚ ਪੁੱਜਣ ਤੋਂ ਰਹਿ ਗਏ। ਤਿਰੂਵਨੰਤਪੁਰਮ ਵਿਚ ਹੋਏ ਪਹਿਲੇ ਮੈਚ ਵੀ ਉਨ੍ਹਾਂ ਨੇ 90 ਦੌੜਾਂ ਦੀ ਪਾਰੀ ਖੇਡੀ ਸੀ। ਖ਼ਰਾਬ ਰੋਸ਼ਨੀ ਕਾਰਨ ਜਦ 74 ਓਵਰਾਂ ਤੋਂ ਬਾਅਦ ਦਿਨ ਦੀ ਖੇਡ ਰੋਕੀ ਗਈ ਤਦ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਕੁਰਣ ਨਾਇਰ 78 ਤੇ ਰਿੱਧੀਮਾਨ ਸਾਹਾ 36 ਦੌੜਾਂ ਬਣਾ ਕੇ ਖੇਡ ਰਹੇ ਸਨ। ਮਹਿਮਾਨ ਟੀਮ ਦੇ ਕਪਤਾਨ ਏਡੇਨ ਮਾਰਕਰੈਮ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫ਼ੈਸਲਾ ਕੀਤਾ।