ਨਵੀਂ ਦਿੱਲੀ (ਜੇਐੱਨਐੱਨ) : ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਰ ਨੇ ਕਿਹਾ ਹੈ ਕਿ ਸੌਰਵ ਗਾਂਗੁਲੀ ਦੇ ਕਪਤਾਨ ਬਣਨ ਤੋਂ ਪਹਿਲਾਂ ਉਨ੍ਹਾਂ ਨੂੰ ਕਦੀ ਨਹੀਂ ਲਗਦਾ ਸੀ ਕਿ ਭਾਰਤ ਪਾਕਿਸਤਾਨ ਨੂੰ ਹਰਾ ਸਕਦਾ ਹੈ ਤੇ ਭਾਰਤੀ ਕ੍ਰਿਕਟ ਵਿਚ ਤਬਦੀਲੀ ਦਾ ਮਾਣ ਉਨ੍ਹਾਂ ਨੇ ਬੀਸੀਸੀਆਈ ਦੇ ਬਣਨ ਵਾਲੇ ਪ੍ਰਧਾਨ ਨੂੰ ਦਿੱਤਾ। ਅਖ਼ਤਰ ਨੇ ਕਿਹਾ ਕਿ ਮੈਂ ਮੈਦਾਨ 'ਤੇ ਤੇ ਮੈਦਾਨ ਤੋਂ ਬਾਹਰ ਸੌਰਵ ਗਾਂਗੁਲੀ ਨਾਲ ਕਾਫੀ ਸਮਾਂ ਬਿਤਾਇਆ। ਕੋਲਕਾਤਾ ਨਾਈਟਰਾਈਡਰਜ਼ ਵਿਚ ਉਹ ਮੇਰਾ ਕਪਤਨਾ ਸੀ। ਉਹ ਅਜਿਹਾ ਵਿਅਕਤੀ ਹੈ ਜੋ ਭਾਰਤੀ ਕ੍ਰਿਕਟ ਵਿਚ ਤਬਦੀਲੀ ਲੈ ਕੇ ਆਇਆ। ਉਸ ਨੇ ਭਾਰਤੀ ਟੀਮ ਦੀ ਮਾਨਸਿਕਤਾ ਬਦਲ ਦਿੱਤੀ। ਉਸ ਦੇ ਕਪਤਾਨ ਬਣਨ ਤੋਂ ਪਹਿਲਾਂ 1997 ਜਾਂ 1998 ਵਿਚ ਮੈਨੂੰ ਕਦੀ ਨਹੀਂ ਲੱਗਾ ਕਿ ਭਾਰਤ ਪਾਕਿਸਤਾਨ ਨੂੰ ਹਰਾਉਣ ਲਈ ਮਾਨਸਿਕ ਤੌਰ 'ਤੇ ਮਜ਼ਬੂਤ ਹੈ। ਇਸ ਸਾਬਕਾ ਤੇਜ਼ ਗੇਂਦਬਾਜ਼ ਨੇ ਆਪਣੇ ਯੂ ਟਿਊਬ ਚੈਨਲ 'ਤੇ ਇਕ ਵੀਡੀਓ ਵਿਚ ਕਿਹਾ ਕਿ ਉਸ ਵਿਚ ਯੋਗਤਾ ਨੂੰ ਪਛਾਣਨ ਦੀ ਯੋਗਤਾ ਸੀ। ਉਹ ਹਰਭਜਨ, ਸਹਿਵਾਗ, ਜ਼ਹੀਰ ਤੇ ਯੁਵਰਾਜ ਵਰਗੇ ਖਿਡਾਰੀਆਂ ਨੂੰ ਲਿਆਇਆ। ਆਖ਼ਰ ਮੈਂ ਇਕ ਵੱਖਰਾ ਭਾਰਤ ਦੇਖਿਆ। ਉਨ੍ਹਾਂ ਦੇ ਕੋਲ ਅਜਿਹੀ ਟੀਮ ਸੀ ਜੋ ਪਾਕਿਸਤਾਨ ਨੂੰ ਹਰਾ ਸਕਦੀ ਸੀ। ਉਨ੍ਹਾਂ ਨੇ 2004 ਵਿਚ ਪਾਕਿਸਤਾਨ ਵਿਚ ਪਾਕਿਸਤਾਨ ਖ਼ਿਲਾਫ਼ ਲੜੀ ਜਿੱਤੀ, ਇਹ ਵੱਡੀ ਲੜੀ ਸੀ। ਗਾਂਗੁਲੀ 2000 ਤੋਂ 2006 ਤਕ ਭਾਰਤੀ ਟੀਮ ਦੇ ਕਪਤਾਨ ਰਹੇ। ਮਹਿੰਦਰ ਸਿੰਘ ਧੋਨੀ ਤੇ ਵਿਰਾਟ ਕੋਹਲੀ ਵੱਲੋਂ ਪਿੱਛੇ ਛੱਡੇ ਜਾਣ ਤਕ ਉਹ ਭਾਰਤ ਦੇ ਸਭ ਤੋਂ ਕਾਮਯਾਬ ਕਪਤਾਨ ਰਹੇ। ਅਖ਼ਤਰ ਨੇ ਕਿਹਾ ਕਿ ਗਾਂਗੁਲੀ ਸ਼ਾਨਦਾਰ ਆਗੂ ਹਨ। ਯੋਗਤਾ ਚੁਣਨ ਦੇ ਮਾਮਲੇ ਵਿਚ ਉਹ ਇਮਾਨਦਾਰ ਵਿਅਕਤੀ ਹਨ। ਉਨ੍ਹਾਂ ਕੋਲ ਕ੍ਰਿਕਟ ਦੀ ਸ਼ਾਨਦਾਰ ਸਮਝ ਹੈ। ਉਹ ਭਾਰਤੀ ਟੀਮ ਨੂੰ ਫਰਸ਼ ਤੋਂ ਚੋਟੀ 'ਤੇ ਲੈ ਗਏ।

ਤੇਜ਼ ਗੇਂਦਾਂ ਤੋਂ ਡਰਦੇ ਨਹੀਂ ਸਨ ਸੌਰਵ :

ਪਾਕਿਸਤਾਨ ਲਈ 1997 ਤੋਂ 2007 ਵਿਚਾਲੇ 46 ਟੈਸਟ ਮੈਚਾਂ ਵਿਚ 247 ਵਿਕਟਾਂ ਹਾਸਲ ਕਰਨ ਵਾਲੇ 44 ਸਾਲ ਦੇ ਅਖ਼ਤਰ ਨੇ ਕਿਹਾ ਕਿ ਲੋਕਾਂ ਵਿਚਾਲੇ ਗ਼ਲਤ ਧਾਰਨਾ ਸੀ ਕਿ ਗਾਂਗੁਲੀ ਉਨ੍ਹਾਂ ਦੀਆਂ ਤੇਜ਼ ਰਫ਼ਤਾਰ ਦੀਆਂ ਗੇਂਦਾਂ ਦਾ ਸਾਹਮਣਾ ਕਰਨ ਤੋਂ ਡਰਦੇ ਸਨ। ਅਖ਼ਤਰ ਨੇ ਕਿਹਾ ਕਿ ਮੈਂ ਮੋਹਾਲੀ ਵਿਚ ਉਨ੍ਹਾਂ ਦੇ ਸਰੀਰ, ਪਸਲੀਆਂ 'ਤੇ ਗੇਂਦ ਮਾਰੀ। ਉਹ ਮੇਰੀ ਗੇਂਦ 'ਤੇ ਹੁਕ ਜਾਂ ਪੁਲ ਸ਼ਾਟ ਨਹੀਂ ਖੇਡ ਸਕਿਆ। ਉਹ ਉਨ੍ਹਾਂ ਦੀ ਬੱਲੇਬਾਜ਼ੀ ਦੀ ਕਮੀ ਸੀ। ਵਸੀਮ ਅਕਰਮ ਨੇ ਮੈਨੂੰ ਉਨ੍ਹਾਂ ਦੀਆਂ ਪਸਲੀਆਂ 'ਤੇ ਗੇਂਦ ਮਾਰਨ ਲਈ ਕਿਹਾ ਪਰ ਇਹ ਗ਼ਲਤ ਧਾਰਨਾ ਸੀ। ਆਖ਼ਰ ਜੇ ਉਹ ਮੇਰੇ ਤੋਂ ਡਰਦਾ ਤਾਂ ਮੇਰੀ ਗੇਂਦ ਦਾ ਸਾਹਮਣਾ ਕਰਨ ਕਿਉਂ ਆਉਂਦਾ।

ਬੀਸੀਸੀਆਈ ਪ੍ਰਧਾਨ ਤੋਂ ਬਹੁਤ ਉਮੀਦਾਂ :

ਸ਼ੋਇਬ ਨੇ ਕਿਹਾ ਕਿ ਉਹ ਬੀਸੀਸੀਆਈ ਦਾ ਪ੍ਰਧਾਨ ਬਣਨ ਵਾਲਾ ਹੈ, ਉਮੀਦ ਕਰਦਾ ਹਾਂ ਕਿ ਉਹ ਵਿਸ਼ਵ ਕ੍ਰਿਕਟ ਵਿਚ ਫ਼ਰਕ ਪੈਦਾ ਕਰ ਸਕੇਗਾ। ਟੈਸਟ ਕ੍ਰਿਕਟ ਨੂੰ ਬਚਾਏਗਾ ਤੇ ਪੂਰਾ ਸਾਲ ਖੇਡੇ ਜਾ ਰਹੇ ਕ੍ਰਿਕਟ ਨੂੰ ਘੱਟ ਕਰੇਗਾ। ਖ਼ਾਸ ਕਰ ਕੇ ਟੀ-20।