ਨਵੀਂ ਦਿੱਲੀ (ਆਈਏਐੱਨਐੱਸ) : ਭਾਰਤੀ ਕ੍ਰਿਕਟ ਟੀਮ ਨੇ ਬੰਗਲਾਦੇਸ਼ ਖ਼ਿਲਾਫ਼ ਤਿੰਨ ਮੈਚਾਂ ਦੀ ਸੀਰੀਜ਼ ਵਿਚ ਪੱਛੜਨ ਤੋਂ ਬਾਅਦ ਲਗਾਤਾਰ ਦੋ ਮੈਚ ਜਿੱਤ ਕੇ ਸੀਰੀਜ਼ 'ਤੇ ਕਬਜ਼ਾ ਕੀਤਾ। ਟੀਮ ਇੰਡੀਆ ਦੇ ਇਸ ਪ੍ਰਦਰਸ਼ਨ ਨਾਲ ਸਾਬਕਾ ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਬਹੁਤ ਖ਼ੁਸ਼ ਹਨ। ਉਨ੍ਹਾਂ ਨੇ ਭਾਰਤੀ ਟੀਮ ਦੀ ਤਾਰੀਫ਼ ਕੀਤੀ ਹੈ ਤੇ ਮੈਨ ਇਨ ਬਲੂ ਨੂੰ ਇਸ ਫਾਰਮੈਟ ਦਾ ਬਾਸ ਦੱਸਿਆ ਹੈ। ਸ਼ੋਇਬ ਨੇ ਬੰਗਲਾਦੇਸ਼ ਖ਼ਿਲਾਫ਼ ਨਾਗਪੁਰ ਵਿਚ ਖੇਡੇ ਗਏ ਸੀਰੀਜ਼ ਦੇ ਆਖ਼ਰੀ ਮੁਕਾਬਲੇ ਵਿਚ ਟੀਮ ਇੰਡੀਆ ਦੀ ਜਿੱਤ ਤੋਂ ਬਾਅਦ ਉਨ੍ਹਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਅਖ਼ਤਰ ਨੇ ਕਿਹਾ ਕਿ ਭਾਰਤ ਨੇ ਸਾਬਤ ਕਰ ਦਿੱਤਾ ਕਿ ਇਸ ਮੈਚ ਦਾ ਬਾਸ ਕੌਣ ਹੈ। ਚਾਹੇ ਹੀ ਭਾਰਤੀ ਟੀਮ ਨੇ ਸੀਰੀਜ਼ ਦਾ ਪਹਿਲਾ ਮੁਕਾਬਲਾ ਗੁਆ ਦਿੱਤਾ ਹੋਵੇ ਪਰ ਉਸ ਤੋਂ ਬਾਅਦ ਉਨ੍ਹਾਂ ਨੇ ਜ਼ੋਰਦਾਰ ਵਾਪਸੀ ਕੀਤੀ ਇਸ ਵਿਚ ਰੋਹਿਤ ਸ਼ਰਮਾ ਦੀ ਸ਼ਾਨਦਾਰ ਬੱਲੇਬਾਜ਼ੀ ਨੂੰ ਮਾਣ ਜਾਂਦਾ ਹੈ। ਰੋਹਿਤ 'ਚ ਬਿਹਤਰੀਨ ਯੋਗਤਾ ਹੈ, ਉਹ ਜਦ ਚਾਹੇ ਤਦ ਦੌੜਾਂ ਬਣਾ ਸਕਦੇ ਹਨ। ਭਾਰਤੀ ਕ੍ਰਿਕਟ ਟੀਮ ਨੇ ਬੰਗਲਾਦੇਸ਼ ਨੂੰ ਆਖ਼ਰੀ ਟੀ-20 ਮੁਕਾਬਲੇ ਵਿਚ 30 ਦੌੜਾਂ ਨਾਲ ਹਰਾ ਕੇ ਸੀਰੀਜ਼ 'ਤੇ 2-1 ਨਾਲ ਕਬਜ਼ਾ ਕੀਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 175 ਦੌੜਾਂ ਦਾ ਟੀਚਾ ਰੱਖਿਆ ਜਿਸ ਦੇ ਜਵਾਬ ਵਿਚ ਬੰਗਲਾਦੇਸ਼ ਦੀ ਟੀਮ ਭਾਰਤ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਸਿਰਫ਼ 144 ਦੌੜਾਂ ਹੀ ਬਣਾ ਸਕੀ। ਸ਼ੋਇਬ ਨੇ ਕਿਹਾ ਕਿ ਮੈਨੂੰ ਲੱਗਾ ਸੀ ਕਿ ਤੀਜਾ ਟੀ-20 ਮੁਕਾਬਲਾ ਰੋਮਾਂਚਕ ਹੋਵੇਗਾ ਪਰ ਭਾਰਤੀ ਟੀਮ ਨੇ ਜਿਹੋ ਜਿਹੀ ਖੇਡ ਦਿਖਾਈ ਉਸ ਲਈ ਉਨ੍ਹਾਂ ਨੂੰ ਸਲਾਮ ਹੈ ਪਰ ਬੰਗਲਾਦੇਸ਼ ਦੀ ਖੇਡ ਦੀ ਵੀ ਤਾਰੀਫ਼ ਕਰਨੀ ਪਵੇਗੀ। ਬੰਗਲਾਦੇਸ਼ ਹੁਣ ਆਮ ਟੀਮ ਨਹੀਂ ਰਹਿ ਗਈ ਹੈ। ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਬੰਗਲਾਦੇਸ਼ ਦੇ ਟਾਈਗਰਜ਼ ਕਿਸੇ ਵੀ ਟੀਮ ਦੇ ਸਾਹਮਣੇ ਹੁਣ ਹਾਰ ਨਹੀਂ ਮੰਨਣ ਵਾਲੇ।

ਦੀਪਕ ਦੀ ਵੀ ਤਾਰੀਫ਼ :

ਦੀਪਕ ਚਾਹਰ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਟੀ-20 ਵਿਚ ਭਾਰਤੀ ਵੱਲੋਂ ਪਹਿਲੀ ਹੈਟਿ੍ਕ ਲਈ। ਉਨ੍ਹਾਂ ਨੇ ਸਿਰਫ਼ ਸੱਤ ਦੌੜਾਂ ਦੇ ਕੇ ਛੇ ਵਿਕਟਾਂ ਹਾਸਲ ਕਰਦੇ ਹੋਏ ਸਰਬੋਤਮ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ। ਅਖ਼ਤਰ ਨੇ ਚਾਹਰ ਬਾਰੇ ਕਿਹਾ ਕਿ ਉਹ ਇਕ ਤੇਜ਼ ਤੇ ਮੱਧ ਰਫ਼ਤਾਰ ਦੀ ਗੇਂਦਬਾਜ਼ੀ ਦਾ ਮੇਲ ਹੈ। ਉਨ੍ਹਾਂ ਨੇ ਹੈਟਿ੍ਕ ਲੈ ਕੇ ਬਿਹਤਰੀਨ ਪ੍ਰਦਰਸ਼ਨ ਦਿਖਾਇਆ।