ਜੇਐੱਨਐੱਨ, ਨਾਟਿੰਘਮ : ਆਸਟ੍ਰੇਲੀਆ ਖ਼ਿਲਾਫ਼ 117 ਦੌੜਾਂ ਦੀ ਪਾਰੀ ਖੇਡਣ ਵਾਲੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਖੱਬੇ ਹੱਥ ਦੇ ਅੰਗੂਠੇ ਤੇ ਉਂਗਲੀ ਵਿਚਾਲੇ ਲੱਗੀ ਸੱਟ ਦੇ ਬਾਵਜੂਦ ਭਾਰਤੀ ਟੀਮ ਨਾਲ ਬਣੇ ਰਹਿਣਗੇ। ਬੀਸੀਸੀਆਈ ਦੀ ਮੈਡੀਕਲ ਟੀਮ ਉਨ੍ਹਾਂ ਦੀ ਸੱਟ ਦੀ ਨਿਗਰਾਨੀ ਕਰ ਰਹੀ ਹੈ। ਟੀਮ ਮੈਨੇਜਮੈਂਟ ਨੇ ਤੈਅ ਕੀਤਾ ਹੈ ਕਿ ਧਵਨ ਵਿਸ਼ਵ ਕੱਪ ਦੌਰਾਨ ਇੰਗਲੈਂਡ ਵਿਚ ਟੀਮ ਨਾਲ ਰਹਿਣਗੇ ਤੇ ਉਨ੍ਹਾਂ ਦੀ ਸੱਟ 'ਤੇ ਨਜ਼ਰ ਰੱਖੀ ਜਾਵੇਗੀ। ਭਾਰਤ ਆਪਣੇ ਸ਼ੁਰੂਆਤੀ ਦੋ ਮੁਕਾਬਲੇ ਦੱਖਣੀ ਅਫਰੀਕਾ ਤੇ ਆਸਟ੍ਰੇਲੀਆ ਖ਼ਿਲਾਫ਼ ਜਿੱਤ ਚੁੱਕਾ ਹੈ। ਉਸ ਨੂੰ ਵੀਰਵਾਰ ਨੂੰ ਤੀਜਾ ਮੁਕਾਬਲਾ ਨਿਊਜ਼ੀਲੈਂਡ ਖ਼ਿਲਾਫ਼ ਖੇਡਣਾ ਹੈ। ਇਹ ਤਾਂ ਤੈਅ ਹੈ ਕਿ ਉਹ ਕੁਝ ਮੈਚ ਨਹੀਂ ਖੇਡਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਇਕ ਹਫ਼ਤੇ 'ਚ ਠੀਕ ਹੋ ਜਾਣਗੇ। ਉਹ ਪਾਕਿਸਤਾਨ ਖ਼ਿਲਾਫ਼ ਮੈਚ ਤੋਂ ਬਾਹਰ ਹੋ ਸਕਦੇ ਹਨ। ਉਹ ਅਫ਼ਗਾਨਿਸਤਾਨ ਖ਼ਿਲਾਫ਼ ਮੈਚ ਤੋਂ ਪਹਿਲਾਂ ਠੀਕ ਹੋ ਸਕਦੇ ਹਨ ਜੋ ਕਿ 22 ਜੂਨ ਨੂੰ ਹੈ। ਉਹ ਲੈਅ ਵਿਚ ਵਾਪਿਸ ਆ ਗਏ ਹਨ ਤੇ ਉਨ੍ਹਾਂ ਦਾ ਆਈਸੀਸੀ ਟੂਰਨਾਮੈਂਟ ਵਿਚ ਰਿਕਾਰਡ ਸ਼ਾਨਦਾਰ ਹੈ। ਧਵਨ ਦੀ ਗ਼ੈਰਮੌਜੂਦਗੀ ਵਿਚ ਕੇਐੱਲ ਰਾਹੁਲ ਨੂੰ ਰੋਹਿਤ ਸ਼ਰਮਾ ਦੇ ਨਾਲ ਓਪਨਿੰਗ ਵਿਚ ਉਤਾਰਿਆ ਜਾ ਸਕਦਾ ਹੈ। ਇਸ ਕਾਰਨ ਚੌਥੇ ਨੰਬਰ 'ਤੇ ਦਿਨੇਸ਼ ਕਾਰਤਿਕ ਜਾਂ ਵਿਜੇ ਸ਼ੰਕਰ ਉਤਰ ਸਕਦੇ ਹਨ। ਇਸੇ ਸਭ ਨੂੰ ਦੇਖਦੇ ਹੋਏ ਟੀਮ ਇੰਡੀਆ ਨੇ ਧਵਨ ਨੂੰ ਵਾਪਿਸ ਨਾ ਭੇਜਣ ਤੇ ਉਨ੍ਹਾਂ ਦੀ ਥਾਂ ਕਿਸੇ ਨੂੰ ਨਾ ਬੁਲਾਉਣ ਦਾ ਫ਼ੈਸਲਾ ਕੀਤਾ ਹੈ।

ਹਾਰ ਨਹੀਂ ਮੰਨੀ :

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਆਸਟ੍ਰੇਲੀਆ ਖ਼ਿਲਾਫ਼ ਵਿਸ਼ਵ ਕੱਪ ਦੇ ਦੂਜੇ ਲੀਗ ਮੁਕਾਬਲੇ ਵਿਚ ਤੇਜ਼ ਗੇਂਦਬਾਜ਼ ਪੈਟ ਕਮਿੰਸ ਦੀ ਗੇਂਦ ਉਨ੍ਹਾਂ ਦੇ ਦਸਤਾਨੇ 'ਤੇ ਲੱਗੀ ਸੀ। ਹਾਲਾਂਕਿ ਇਸ ਦੇ ਬਾਵਜੂਦ ਉਨ੍ਹਾਂ ਨੇ ਹਾਰ ਨਹੀਂ ਮੰਨੀ ਤੇ ਖੇਡਦੇ ਰਹੇ। ਉਨ੍ਹਾਂ ਨੇ ਇਸ ਮੈਚ ਵਿਚ 117 ਦੌੜਾਂ ਦੀ ਪਾਰੀ ਖੇਡੀ।