ਤਿਰੂਵਨੰਤਪੁਰਮ (ਪੀਟੀਆਈ) : ਭਾਰਤ-ਏ ਨੇ ਇੱਥੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼ੁੱਕਰਵਾਰ ਨੂੰ ਪੰਜਵੇਂ ਗ਼ੈਰ ਰਸਮੀ ਵਨ ਡੇ ਵਿਚ ਦੱਖਣੀ ਅਫਰੀਕਾ-ਏ ਨੂੰ 36 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਹੀ ਮੇਜ਼ਬਾਨ ਟੀਮ ਨੇ ਪੰਜ ਮੈਚਾਂ ਦੀ ਸੀਰੀਜ਼ 'ਤੇ 4-1 ਨਾਲ ਕਬਜ਼ਾ ਕੀਤਾ। ਪਿਛਲੇ ਮੈਚ ਦੀ ਤਰ੍ਹਾਂ ਇਸ ਮੈਚ ਵਿਚ ਵੀ ਮੀਂਹ ਨੇ ਅੜਿੱਕਾ ਪਾਇਆ ਤੇ ਮੁਕਾਬਲਾ ਘਟਾ ਕੇ 20-20 ਓਵਰਾਂ ਦਾ ਕਰ ਦਿੱਤਾ ਗਿਆ। ਮੇਜ਼ਬਾਨ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚਾਰ ਵਿਕਟਾਂ ਗੁਆ ਕੇ 204 ਦੌੜਾਂ ਬਣਾਈਆਂ ਜਦਕਿ ਦੱਖਣੀ ਅਫਰੀਕਾ-ਏ 168 ਦੌੜਾਂ 'ਤੇ ਸਿਮਟ ਗਈ। ਸਥਾਨਕ ਖਿਡਾਰੀ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੂੰ 48 ਗੇਂਦਾਂ ਵਿਚ 91 ਦੌੜਾਂ ਦੀ ਧਮਾਕੇਦਾਰ ਪਾਰੀ ਖੇਡਣ ਲਈ ਮੈਨ ਆਫ ਦ ਮੈਚ ਚੁਣਿਆ ਗਿਆ। ਉਨ੍ਹਾਂ ਨੇ ਆਪਣੀ ਪਾਰੀ ਵਿਚ ਸੱਤ ਛੱਕੇ ਛੇ ਚੌਕੇ ਲਾਏ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤ-ਏ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਦੋ ਦੇ ਸਕੋਰ 'ਤੇ ਟੀਮ ਨੇ ਪ੍ਰਸ਼ਾਂਤ ਚੋਪੜਾ (02) ਦੇ ਰੂਪ ਵਿਚ ਆਪਣੀ ਪਹਿਲੀ ਵਿਕਟ ਗੁਆਈ। ਉਸ ਤੋਂ ਬਾਅਦ ਤਜਰਬੇਕਾਰ ਸ਼ਿਖਰ ਧਵਨ ਤੇ ਸੈਮਸਨ ਵਿਚਾਲੇ 135 ਦੌੜਾਂ ਦੀ ਭਾਈਵਾਲੀ ਹੋਈ। ਧਵਨ 51 ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਇਸ ਤੋਂ ਬਾਅਦ ਸੈਮਸਨ ਵੀ ਜ਼ਿਆਦਾ ਦੇਰ ਤਕ ਨਹੀਂ ਟਿਕੇ। ਮੇਜ਼ਬਾਨ ਟੀਮ ਨੇ ਉਨ੍ਹਾਂ ਦੀ ਵਿਕਟ 160 ਦੇ ਕੁੱਲ ਜੋੜ 'ਤੇ ਗੁਆਈ। ਆਖ਼ਰ ਵਿਚ ਕਪਤਾਨ ਸ਼੍ਰੇਅਸ ਅਈਅਰ (36) ਨੇ ਸ਼ੁਭਮਨ ਗਿੱਲ (10 ਅਜੇਤੂ) ਨਾਲ ਮਿਲ ਕੇ ਭਾਰਤ ਏ ਦੀ ਪਾਰੀ ਨੂੰ 200 ਤੋਂ ਪਾਰ ਪਹੁੰਚਾਇਆ। ਮਹਿਮਾਨ ਟੀਮ ਲਈ ਹੈਂਡਰਿਕਸ ਤੇ ਜਾਰਜ ਲਿੰਡੇ ਨੇ ਦੋ ਦੋ ਵਿਕਟਾਂ ਲਈਆਂ।

ਦੱਖਣੀ ਅਫਰੀਕਾ ਏ ਦੀ ਖ਼ਰਾਬ ਸ਼ੁਰੂਆਤ

ਜਵਾਬ ਵਿਚ ਦੱਖਣੀ ਅਫਰੀਕਾ-ਏ ਦੀ ਸ਼ੁਰੂਆਤ ਖ਼ਰਾਬ ਰਹੀ। ਮਹਿਮਾਨ ਟੀਮ ਨੇ 26 ਦੇ ਕੁੱਲ ਜੋੜ 'ਤੇ ਹੀ ਦੋ ਵਿਕਟਾਂ ਗੁਆ ਦਿੱਤੀਆਂ ਸਨ। ਹਾਲਾਂਕਿ ਰੇਜਾ ਹੈਂਡਰਿਕਸ ਇਕ ਪਾਸੇ ਟਿਕੇ ਰਹੇ। ਹੈਂਡਿਰਕਸ ਨੇ 59 ਦੌੜਾਂ ਦਾ ਯੋਗਦਾਨ ਦਿੱਤਾ। ਉਨ੍ਹਾਂ ਤੋਂ ਇਲਾਵਾ ਕਾਈਲ ਵੇਰੇਨ ਨੇ 44 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਮੇਜ਼ਬਾਨ ਟੀਮ ਦੀ ਗੇਂਦਬਾਜ਼ੀ ਅੱਗੇ ਟਿਕ ਨਹੀਂ ਸਕਿਆ। ਭਾਰਤ ਏ ਵੱਲੋਂ ਸ਼ਾਰਦੂਲ ਠਾਕੁਰ ਨੇ ਤਿੰਨ, ਵਾਸ਼ਿੰਗਟਨ ਸੁੰਦਰ ਨੇ ਦੋ ਤੇ ਹੋਰ ਚਾਰ ਗੇਂਦਬਾਜ਼ਾਂ ਨੇ ਇਕ ਇਕ ਵਿਕਟ ਲਈ।